ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(39)

ਹੈ। ਪੰਜਾਬੀ ਵਿੱਚ ਕਰਨਾਂ ਰਸ ਵੱਲ ਥੋੜਾ ਧਿਆਨ ਦਿੱਤਾ ਗਿਆ ਹੈ, ਹਿੰਦੂਆਂ ਦੀ ਕਵਿਤਾ ਵਿੱਚ ਏਹ ਰਸ ਨਹੀਂ ਮਿਲਦਾ। ਸਿਰਫ ਮੁਸਲਮਾਨਾਂ ਦੇ ਹਜ਼ਰਤ ਹਸਨ ਹੁਸੈਨ ਦੀ ਸ਼ਹੀਦੀ ਦੇ ਕਿੱਸਿਆਂ ਵਿੱਚ ਕੁਝ ਝਲਕਾਰਾ ਪੈਂਦਾ ਹੈ। ਪਰ ਉਹ ਜੋਸ਼ ਨਹੀਂ ਜੋ ਉਰਦੂ ਮਰਸੀਏ ਵਿੱਚ ਹੈ, ਹਰ ਸਾਲ ਮੁਹੱਰਮ ਵਿੱਚ ਮਰਸੀਏ ਹੁੰਦੇ ਹਨ। ਇੱਕੋ ਮਜ਼ਮੂਨ ਇੱਕੋ ਗੱਲ, ਪਰ ਜਦ ਕੋਈ ਚੰਗਾ ਕਵੀ ਮਰਸੀਆ ਪੜ੍ਹਦਾ ਹੈ। ਖਾਹ ਮਖਾਹ ਰਵਾ ਦਿੰਦਾ ਹੈ। ਸਾਡੀ ਬੋਲੀ ਦਾ ਏਹ ਹਾਲ ਨਹੀਂ। ਢੇਰ ਕਵੀਆਂ ਦਾ ਕਸੂਰ ਹੈ ਕਿ ਸਿਰਹਿੰਦ ਦੀ ਨੀਹਾਂ ਹੇਠ ਸਾਹਿਬਜ਼ਾਦੇ ਦਿੱਤੇ ਜਾਨ ਤੇ, ਜਾਂ ਚਮਕੌਰ ਦੀਆਂ ਸ਼ਹੀਦੀਆਂ ਤੇ ਵੀ ਕਵਿਤਾ ਪੜ੍ਹੀ ਜਾਏ ਤਾਂ ਵੀ ਕੋਈ ਅੱਥਰੂ, ਕਵਿਤਾ ਵਿੱਚ ਕਰਨਾ ਰਸ ਨਾ ਹੋਨ ਦੇ ਕਾਰਨ, ਨਹੀਂ ਡਿਗਦਾ। ਹਾਏ ਸ਼ੋਕ! ਸਾਡੇ ਪੰਜਾਬੀ ਕਵੀਆਂ, ਖਾਸ ਕਰ ਸਿੱਖਾਂ ਨੂੰ ਏਧਰ ਧਿਆਨ ਦੇਨਾਂ ਚਾਹੀਏ। ਸਾਡੇ ਮੁਸਲਮਾਨ ਭਰਾ ਇਸ ਪਾਸੇ ਧਿਆਨ ਦੇਂਦੇ ਈ ਹਨ, ਕਰਨਾ ਰਸ ਦੀ ਵਨਗੀ ਪੰਜਾਬੀ ਵਿੱਚ ਇਸਤ੍ਰੀਆਂ ਦੀਆਂ ਅਲਾਹਨੀਆਂ ਤੇ ਵੈਨ ਵੀ ਹਨ। ਪਰ ਉਹ ਕਵਿਤਾ ਕੇਵਲ ਤੁਕ ਬੰਦੀ ਈ ਹੈ। ਪੁਰਾਨੇ ਕਿੱਸਿਆਂ ਵਿੱਚ, ਬਰਖੁਰਦਾਰ ਤੋਂ ਲੈ ਕਾਦਰ ਯਾਰ ਆਦਿ ਕਵੀਆਂ ਨੇ ਮਰਨੇ ਤੇ ਸੋਗ ਪ੍ਰਗਟ ਕਰਨ ਲਈ ਕਿਧਰੇ ਜੰਗਲੀ ਜਨੌਰਾਂ ਤੋਂ ਵੈਨ ਕਰਾਏ, ਕਿਧਰੇ ਪੰਛੀ ਰਵਾਏ, ਪਰ ਪਿਛਲੇ ਪੰਜਾਬੀ ਕਿੱਸਿਆਂ ਵਿੱਚ ਕਰਨਾ ਰਸ ਦਾ ਪ੍ਰਚਾਰ ਫਜ਼ਲ ਸ਼ਾਹ ਨੇ ਸ਼ੁਰੂ ਕੀਤਾ। ਜਿਸਨੇ ਸੋਹਨੀ ਕੋਲੋਂ ਮੇਹੀਂ ਵਾਲ ਦੇ ਵਛੋੜੇ ਵਿੱਚ "ਫੁਗ਼ਾਨ" (ਰੁਦਨ) ਅਖਵਾਏ। ਇਸਦੇ ਦੇਖਾ ਦੇਖੀ ਹੋਰਨਾਂ ਕਵੀਆਂ ਨੇ ਵੀ ਏਹ ਦਸਤੂਰ ਫੜਿਆ ਹੈ। ਪਰ ਏਹ ਫੁਗ਼ਾਨ (ਰੁਦਨ) ਕਈ ਵਾਰੀ, ਰਚਨਾਂ ਤੋਂ ਵਰੁਧ ਹੋ ਜਾਂਦੇ ਹਨ॥

ਸਭ ਤੋਂ ਪੁਰਾਨੀ ਕਰਨਾ ਰਸ ਦੀ ਕਵਿਤਾ ਕੁਝ ਕੁਝ "ਅਗਰਾ" ਦੀ ਵਾਰ ਹਕੀਕਤ ਰਾਏ ਵਿੱਚ ਮਿਲਦੀ ਹੈ। ਜਾਂ ਕਿੱਸਿਆਂ ਵਿੱਚ ਕਿਧਰੇ ਕਿਧਰੇ, ਕੋਈ ਇੱਕ ਦੋ ਦੋ ਬੈਂਡ ਟਾਂਵੇ ਟਾਂਵੇ! ਜੀਕਨ ਹਾਫ਼ਜ਼ ਬਰਖੁਰਦਾਰ ਦਾ ਮਿਰਜਾ, ਸੱਸੀ, ਜਾਂ ਹਾਸ਼ਮ ਦੀ ਸੱਸੀ। ਏਸ ਰਸ ਦਾ ਮਦਾਨ ਬੜਾ ਖੁਲ੍ਹਾ ਹੈ, ਕਵੀ