ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(65)

ਵਨਗੀ, ਮਿਰਜ਼ਾ ਸਾਹਿਬਾਂ! ਸਾਹਿਬਾਂ ਆਖਦੀ ਹੈ:―
ਮੈਂ ਆਪ ਕੁੱਸਾਂ ਹੋ ਬੱਕਰੀ, ਵਤ ਭੁੰਨ ਕਬਾਬ ਹਜ਼ਾਰ।
ਅਤੇ ਭਰ ਭਰ ਨੈਨ ਸੁਰਾਹੀਆਂ, ਮੈਂ ਪੀਵਾਂ ਪਨਿਹਾਰ॥
ਹੋਰ ਭੋਜਨ ਚੰਗਾ ਜਿੰਦ ਥੋਂ, ਨਾਹੀਂ ਵਿਚ ਸੰਸਾਰ।
ਸੌ ਅੱਗੇ ਧਰ ਕੇ ਸੱਜਨਾਂ, ਮੈਂ ਪਾਨੀ ਪੀਵਾਂ ਵਾਰ॥
ਸੱਸੀ:―ਪਿਆਰੇ ਨਾਲ ਮੇਲ ਦੀ ਰਾਤ:―
ਓਥੇ ਝੁਰਮਟ ਪਾਇਆ ਤਾਰਿਆਂ, ਚੰਨ ਝਾਤੀ ਪਾਵੇ ਚਾ।
ਅਤੇ ਚੜ੍ਹਿਆ ਲੋੜੇ ਰਾਤ ਰਾਤ, ਸੂਰਜ ਚਾਮਲ ਸ਼ਾਮਲ ਚਾ॥
ਕਰੇ ਦੁਆਈਂ ਸੱਸਵੀ, ਰਬਾ ਦੇਹੁੰ ਨਾ ਚਾੜ੍ਹੀ ਝੱਬ।
ਮੈਂ ਰੱਜ ਲਗ ਸੋਵਾਂ ਗਲ ਯਾਰ ਦੇ ਤਾਂ ਦੇਹੁ ਨਾ ਚਾੜ੍ਹੀਂ ਰੱਬ॥
ਜ਼ੁਲੈਖਾਂ:―ਪਰ ਦਰਦੋਂ ਹਰਫ ਨਾ ਕੀਤਾ, ਬੀਬੀ ਨਾਲ ਪਿਆਰ ਕੋਈ।
ਵੇਖ ਯੂਸਫ ਦੀ ਬੇ ਪਰਵਾਹੀ ਰਬ ਥੀਂ ਅਰਜ਼ੀ ਹੋਈ॥

ਏਹਨਾਂ ਤੋਂ ਸੌ ਕੁ ਵਰਹੇ ਪਿੱਛੋਂ ਮੁਹੰਮਦ ਸ਼ਾਹ ਦੇ ਵੇਲੇ ਪੰਜਾਬ ਵਿੱਚ ਕਵਿਤਾ ਦਾ ਜ਼ੋਰ ਹੋ ਗਇਆ। ਬੁਲਹਾ, ਮੁਕਬਲ, ਵਾਰਸ, ਹਾਮਦ, ਅਲੀ ਹੈਦਰ ਆਦਿ ਨੇ ਕਵਿਤਾ ਦੀ ਅਨਘੋਰ ਲਾ ਦਿਤੀ। ਵਾਰਸ ਨੇ ਹੀਰ ਲਿਖ ਕੇ ਕਿੱਸੇ ਨੂੰ ਚੋਟੀ ਤੇ ਪੁਜਾ ਦਿੱਤਾ ਅਰ ਕਵੀਆਂ ਦੀ ਸਰਦਾਰੀ ਪਾਈ। ਬੁੱਲਾ ਤੇ ਪ੍ਰੇਮੀ ਜਨਾ ਸੀ, ਪ੍ਰੇਮ ਵਿੱਚ ਹੀ ਗਾਉਂਦਾ ਤੇ ਨੱਚਦਾ ਰਿਹਾ। ਤਾਂ ਤੇ ਬੋਲੀ ਵੀ ਠੇਠ ਰਹੀ, ਪਰ ਅਲੀ ਵੈਦਰ ਜੀ ਸਨ ਪੜ੍ਹੇ ਲਿਖੇ, ਆਲਮ, ਫਾਜ਼ਲ ਕਾਜ਼ੀ, ਉਹ ਬਿਨਾ ਫ਼ਾਰਸੀ ਤੋਂ ਕਿਥੋਂ ਰੈਂਹਦੇ। ਵਾਰਸ ਨੇ ਪੰਜਾਬੀ ਦੀ ਸਰਨ ਨਾ ਛੱਡੀ। ਇਸ ਨੇ ਮੁਹਾਵਰੇ ਨੂੰ ਚੰਗੀ ਤਰ੍ਹਾਂ ਮਾਂਝਿਆ ਅਰ ਲੋੜ ਅਨੁਸਾਰ ਫ਼ਾਰਸੀ ਵੀ ਵਰਤੀ। ਫਾਰਸੀ ਤੋਂ ਪਲਾ ਛੁਡਾਨਾਂ ਮੁਸ਼ਕਲ ਸੀ, ਕਿਉਂ ਜੋ ਦੇਸ਼ ਦੀ ਬੋਲੀ ਵਿੱਚ ਇਸ ਨੇ ਅਪਨਾ ਘਰ ਬਨਾ ਲੀਤਾ ਸੀ। ਅਰ ਫ਼ਾਰਸੀ ਦੇ ਪਦ, ਪੰਜਾਬੀ ਵਿੱਚ ਰਲ ਕੇ ਪੰਜਾਬੀ ਹੋ ਗਏ ਸਨ। ਉਹਨਾਂ ਦਾ ਅਡ ਕਰਨਾ ਔਖਾ ਸੀ, ਅਰ ਉਹਨਾਂ ਦਾ ਅੱਡ ਕਰਨਾ ਯੋਗ ਵੀ ਨਹੀਂ ਸੀ॥