(69)
ਹੁਨ ਮੁਸਲਮਾਨਾਂ ਅਰ ਹਿੰਦੂਆਂ ਦੇ ਜਲਸਿਆਂ ਵਿੱਚ ਆ ਵੜੀ। ਅਜੇ ਵਿਯਾਖਾਨੀ ਕਵਿਤਾ ਵਿੱਚ ਉਹ ਜ਼ੋਰ ਤੇ ਜੋਸ਼ ਨਹੀਂ ਜੋ ਉਰਦੂ ਵਿੱਚ ਹੈ। ਸੁਨਣ ਵਾਲਿਆਂ ਨੂੰ ਕਵਤਾ ਸੁਨਾਕੇ ਜੋਸ਼ ਦਵਾ ਦੇਨਾ, ਅਰ ਅਪਨੇ ਆਸ਼ੇ ਦੇ ਮਗਰ ਸਭਨਾ ਨੂੰ ਲਾ ਲੈਨਾ, ਏਹ ਜਾਦ ਅਜੇ ਪੰਜਾਬੀ ਕਵੀਆਂ ਕੋਲ ਨਹੀਂ, ਹੌਲੀ ੨ ਹੋ ਜਾਸੀ।
ਰੀਨਾਇਸੈਂਸ-ਨਵਾਂ ਜੀਵਨ
ਅਜ ਕਲ ਪੰਜਾਬੀ ਕਵਿਤਾ ਦੀ ਰੀਨਾਇਸੈਂਸ(Renaissance) ਜਾਂ ਨਵੇਂ ਜਨਮ ਦਾ ਸਮਾ ਹੈ। ਪੁਰਾਨੀਆਂ ਗੱਲਾਂ ਛਡਕੇ ਜ਼ਮਾਨੇ ਦੀ ਚਾਲ ਮੂਜਬ ਨਵਾਂ ਰੰਗ ਕਵਿਤਾ ਨੂੰ ਚੜ੍ਹਾਯਾ ਜਾਂਦਾ ਹੈ। ਇਸ ਕੰਮ ਵਿੱਚ ਸਭ ਤੋਂ ਵੱਧ ਹਿੱਸਾ ਸਿੱਖ ਲੈ ਰਹੇ ਹਨ। ਮੁਸਲਮਾਨ ਪੁਰਾਨੀ ਬੈਂਤ ਬਾਜ਼ੀ ਵਿੱਚ ਫਸੇ ਹਨ ਅਰ ਹਿੰਦੂ ਵਿਚਾਰੇ ਪੰਜਾਬੀ ਕਵਿਤਾ ਦਾ ਨਾਂ ਵੀ ਘੱਟ ਜਾਨਦੇ ਹਨ। ਹਾਂ ਜੋ ਕੋਈ ਲਿਖਦਾ ਹੈ ਤਾਂ, ਵੈਦਾਂਤ ਅਰ ਗਿਆਨ ਨੂੰ ਢੇਰ ਘੁਸੇੜ ਦੇਂਦੇ ਹਨ। ਹੁਨ ਪੰਜਾਬੀ ਵਿੱਚ ਨਾਟਕ, ਕੁਦਰਤੀ ਕਵਿਤਾ, ਸਿਰ ਖੰਡੀ ਛੰਦ (Blank verse) ਆਦਿ ਲਿਖੇ ਜਾਨੇ ਸ਼ੁਰੂ ਹੋ ਗਏ ਹਨ। ਮੁਸਲਮਾਨ, ਭਰਾ ਵੀ ਅਪਨੇ ੨ ਖਜ਼ਾਨੇ ਦੀ ਭਾਲ ਕਰਨ ਲਗ ਪਏ ਹਨ, ਆਸ ਵਹੇ ਛੇਤੀ ਹੀ ਪੰਜਾਬੀ ਕਵਿਤਾ ਫੇਰ ਉੱਚੀ ਪਦਵੀ ਤੇ ਪੁੱਜ ਜਾਸੀ। ਇਸ ਵਿਸ਼ਯ ਤੇ ਖੋਲ ਕੇ ਵਿਚਾਰ ਕਿਸੇ ਅਗਲੇ ਭਾਗ ਵਿੱਚ ਹੋਸੀ ਜੇ ਵਾਹਿਗੁਰੂ ਨੂੰ ਭਾਇਆ ਤਾਂ ਮੇਰੇ ਸਜਨ ਪੜ੍ਹ ਕੇ ਲਾਡ ਉਠਾਨਗੇ॥ ਹੁਨ
ਸਤਿ ਸ੍ਰੀ ਅਕਾਲ