ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਹੁਣ ਕਿਉਂ ਖੁਸ਼ ਹਾਂ ਤੇ ਮੈਂ ਕਿਦ੍ਹੇ ਲਈ ਜਿਉਂਦਾ ਹੁੰਦਾ ਸਾਂ?" ਉਹਨੇ ਸੋਚਿਆ। "ਮੈਂ ਆਪਣੇ ਲਈ ਕਿੰਨਾ ਕੁਝ ਮੰਗਦਾ ਸਾਂ; ਕਿਵੇਂ ਮੈਂ ਆਪਣੇ ਲਈ ਵਿਉਂਤਾਂ ਬਣਾਈਆਂ, ਤਾਂ ਵੀ ਆਪਣੇ ਲਈ ਬਦਨਾਮੀ ਤੇ ਦੁਖ ਤੋਂ ਬਿਨਾਂ ਕਦੀ ਹੋਰ ਕੁਝ ਵੀ ਪ੍ਰਾਪਤ ਨਾ ਕਰ ਸਕਿਆ! ਤੇ ਹੁਣ ਮੈਨੂੰ ਖੁਸ਼ ਹੋਣ ਲਈ ਕੁਝ ਵੀ ਨਹੀਂ ਚਾਹੀਦਾ।" ਤੇ ਚਾਣਚਕ ਹੀ ਉਹਨੂੰ ਇਕ ਨਵੀਂ ਲੋ ਆਪਣਾ ਆਪ ਪ੍ਰਗਟ ਕਰਦੀ ਲਗੀ। "ਇਹ ਹੈ ਖੁਸ਼ੀ!" ਉਹਨੇ ਆਪਣੇ ਆਪ ਨੂੰ ਆਖਿਆ। "ਖੁਸ਼ੀ ਦੂਜਿਆਂ ਲਈ ਜੀਣ 'ਚ ਹੈ। ਇਹ ਪ੍ਰਤੱਖ ਹੈ। ਹਰ ਮਨੁਖ ਵਿਚ ਖੁਸ਼ੀ ਦੀ ਚਾਹ ਸੁਭਾਵਕ ਹੁੰਦੀ ਹੈ; ਇਸ ਲਈ ਇਹ ਹੱਕੀ ਹੈ। ਇਹਨੂੰ ਖੁਦਗਰਜ਼ੀ ਨਾਲ ਪੂਰਿਆਂ ਕਰਦਿਆਂ — ਭਾਵ, ਆਪਣੇ ਲਈ ਦੌਲਤ, ਸ਼ੁਹਰਤ, ਆਰਾਮ, ਜਾਂ ਪਿਆਰ, ਪ੍ਰਾਪਤ ਕਰਦਿਆਂ — ਇੰਜ ਹੋ ਸਕਦਾ ਹੈ ਕਿ ਇਹੋ ਜਿਹੇ ਹਾਲਾਤ ਬਣ ਜਾਣ, ਜਿਹੜੇ ਇਹਨਾਂ ਚਾਹਵਾਂ ਦਾ ਪੂਰਿਆਂ ਕੀਤੇ ਜਾਣਾ ਅਸੰਭਵ ਬਣਾ ਦੇਣ। ਮਤਲਬ ਇਹ ਨਿਕਲਦਾ ਹੈ, ਇਹ ਚਾਹਵਾਂ ਹੀ ਹਨ, ਜੁ ਹੱਕੀ ਨਹੀਂ, ਨਾ ਕਿ ਖੁਸ਼ੀ ਦੀ ਲੋੜ। ਪਰ ਬਾਹਰਲੇ ਹਾਲਾਤ ਦੇ ਹੁੰਦਿਆਂ ਵੀ, ਕਿਹੜੀਆਂ ਚਾਹਵਾਂ ਹਮੇਸ਼ਾ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ? ਉਹ ਕੀ ਹਨ? ਪਿਆਰ, ਸਵੈ-ਤਿਆਗ।" ਜਦੋਂ ਉਹਨੇ ਇਹ ਲਭ ਲਿਆ, ਉਹਨੂੰ ਬਹੁਤ ਹੀ ਖੁਸ਼ੀ ਤੇ ਚਾਅ ਚੜ੍ਹ ਗਿਆ, ਇਹ ਜਿਹੜਾ ਉਹਨੂੰ ਕੋਈ ਨਵਾਂ ਸੱਚ ਲਗਦਾ ਸੀ। ਉਹ ਕੁਦ ਖਲੋਤਾ ਤੇ ਬੇਸਬਰੀ ਨਾਲ ਕਿਸੇ ਨੂੰ ਲੱਭਣ ਲਗਾ, ਜਿਹਦੇ ਲਈ ਉਹ ਆਪਣੀ ਕੁਰਬਾਨੀ ਕਰ ਸਕੇ, ਜਿਹਦੇ ਨਾਲ ਉਹ ਕੋਈ ਭਲਿਆਈ ਕਰ ਸਕੇ, ਜਿਹਨੂੰ ਉਹ ਪਿਆਰ ਸਕੇ। "ਇਸ ਲਈ ਕਿ ਬੰਦੇ ਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਹੁੰਦਾ," ਉਹ ਸੋਚਦਾ ਰਿਹਾ, "ਤਾਂ ਦੂਜਿਆਂ ਲਈ ਕਿਉਂ ਨਾ ਜੀਵਿਆ ਜਾਏ?" ਇਹਨੂੰ ਸੋਚਣ ਵਿਚਾਰਨ ਲਈ ਛੇਤੀ ਨਾਲ ਘਰ ਪਰਤਣ ਤੇ ਭਲਿਆਈ ਕਰਨ ਦਾ ਮੌਕਾ ਲੱਭਣ ਦੇ ਇਰਾਦੇ ਨਾਲ ਉਹਨੇ ਬੰਦੂਕ ਚੁਕੀ। ਉਹ ਝਿੜੀ ਵਿਚੋਂ ਬਾਹਰ ਨਿਕਲ ਆਇਆ। ਜਦੋਂ ਉਹ ਬਾਹਰ ਖੁਲ੍ਹੀ ਥਾਂ ਉਤੇ ਆ ਗਿਆ, ਉਹਨੇ ਚੁਗਿਰਦੇ ਝਾਤ ਮਾਰੀ; ਸੂਰਜ ਹੁਣ ਦਰਖ਼ਤਾਂ ਦੀਆਂ ਟੀਸੀਆਂ ਉਤੇ ਨਹੀਂ ਸੀ ਦਿਸਦਾ। ਪਹਿਲਾਂ ਨਾਲੋਂ ਠੰਡੀਰ ਹੋ ਗਈ ਹੋਈ ਸੀ, ਤੇ ਥਾਂ ਉਹਨੂੰ ਅਸਲੋਂ ਓਪਰੀ ਲਗ ਰਹੀ ਸੀ, ਪਿੰਡ ਦੇ ਦੁਆਲੇ ਦਾ ਇਲਾਕਾ ਨਹੀਂ ਸੀ। ਚਾਣਚਕ ਹੀ ਹਰ ਚੀਜ਼ ਬਦਲੀ ਹੋਈ ਲਗਦੀ ਸੀ --- ਮੌਸਮ ਤੇ ਜੰਗਲ ਦਾ ਚਰਿੱਤਰ ਵੀ; ਅਸਮਾਨ ਬਦਲਾਂ ਵਿਚ ਵਲ੍ਹੇਟਿਆ ਪਿਆ ਸੀ, ਹਵਾ ਦਰਖ਼ਤਾਂ ਦੀਆਂ ਟੀਸੀਆਂ ਵਿਚ ਸਰਸਰਾ ਰਹੀ ਸੀ, ਤੇ ਚੌਹਾਂ ਪਾਸੇ ਕਾਨਿਆਂ ਤੇ ਸੁਕ-ਸੜ੍ਹ ਰਹੇ ਟੁੱਟੇ ਦਰਖ਼ਤਾਂ ਤੋਂ ਸਿਵਾ ਹੋਰ ਕੁਝ ਨਹੀਂ ਸੀ ਦਿਸ ਰਿਹਾ। ਉਹਨੇ ਆਪਣੇ ਕੁੱਤੇ ਨੂੰ ਆਵਾਜ਼ ਦਿਤੀ, ਜਿਹੜਾ ਕਿਸੇ ਜਾਨਵਰ ਦਾ ਪਿੱਛਾ ਕਰਨ ਲਈ ਭਜਿਆ ਹੋਇਆ ਸੀ, ਤੇ ਉਹਦੀ ਆਵਾਜ਼ ਉਹਦੇ ਕੋਲ ਇੰਜ ਪਰਤ ਕੇ ਆਈ, ਜਿਵੇਂ ਕਿਸੇ ਥਲ ਵਿਚੋਂ ਆਈ ਹੋਵੇ, ਤੇ ਚਾਣਚਕ ਹੀ ਉਹਨੂੰ ਇਕ ਭਿਆਨਕ ਸਹਿਮ ਪੈ ਗਿਆ। ਉਹ ਡਰ ਗਿਆ। ਉਹਨੂੰ ਅਬਰੇਕ ਤੇ ਉਹ ਕਤਲ ਚੇਤੇ ਆਉਣ

੧੧੨