ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਅਬਰੇਕ”? ਬੁੱਢਾ ਬੋਲਿਆ। “ ਨਹੀਂ, ਮੈਂ ਕੁਝ ਨਹੀਂ ਸੁਣਿਆ। ਹੱਛਾ, ਥੋੜੀ-ਬਹੁਤੀ ਚੀਖ਼ੀਰ[1] ਹੈ ਜੇ? ਥੋੜੀ ਜਿਹੀ ਪੀ ਲੈਣ ਦਿਓ, ਭਲਾ ਆਦਮੀ ਆਂ। ਥਕਿਆ ਹੋਇਆ। ਸਮਾਂ ਆਣ ' ਤੇ ਮੈਂ ਤੁਹਾਨੂੰ ਕੁਝ ਤਾਜ਼ਾ ਮਾਸ ਲਿਆ ਦਿਆਂਗਾ, ਅਤਬਾਰ ਕਰੋ ਮੇਰੇ 'ਤੇ। ਲਿਆ ਦਿਆਂਗਾ ਮੈਂ। ਦਿਓ ਥੋੜੀ ਜਿਹੀ ਪੀਣ ਨੂੰ, ਉਹਨੇ ਦੁਹਰਾਇਆ।

"ਹੱਛਾ, ਰੱਖਣ ਲਗੇਂ ਤਾੜ ਫੇਰ?" ਦਫ਼ੇਦਾਰ ਨੇ ਪੁਛਿਆ, ਜਿਵੇਂ ਉਹਨੇ ਸੁਣਿਆ ਹੀ ਨਾ ਹੋਵੇ, ਜੁ ਦੂਜੇ ਨੇ ਕਿਹਾ ਸੀ।

"ਮੇਰਾ ਰਾਤੀਂ ਤਾੜ ਰੱਖਣ ਦਾ ਇਰਾਦਾ ਹੈ," ਚਾਚੇ ਯੇਰੋਸ਼ਕੇ ਨੇ ਜਵਾਬ ਦਿਤਾ। ਸ਼ਾਇਦ ਰਬ ਦੀ ਮਦਦ ਨਾਲ, ਮੈਂ ਦਿਹਾਰ ਲਈ ਕੁਝ ਮਾਰ ਲਵਾਂ। ਫੇਰ ਤੈਨੂੰ ਵੀ ਤੇਰਾ ਹਿੱਸਾ ਮਿਲ ਜਾਏਗਾ; ਸਚੀ ਸੂਚੀ ਈ ਮਿਲ ਜਾਏਗਾ।

"ਚਾਚਾ, ਓਏ ਚਾਚਾ," ਉਤੋਂ ਲੂਕਾਸ਼ਕੇ ਨੇ ਉਚੀ ਸਾਰੀ ਆਵਾਜ਼ ਦਿਤੀ। ਸਾਰਿਆਂ ਦਾ ਧਿਆਨ ਓਧਰ ਹੋ ਗਿਆ। ਸਾਰੇ ਕੱਸਾਕ ਉਪਰ ਉਹਦੇ ਵਲ ਵੇਖਣ ਲਗ ਪਏ। ਰਤਾ ਚੜ੍ਹਦੇ ਪਾਣੀ ਵਲ ਜਾ, ਓਥੇ ਜੰਗਲੀ ਸੂਰਾਂ ਦਾ ਵਧੀਆ ਵਗ ਈ। ਨਹੀਂ, ਮੈਂ ਮਨੋਂ ਨਹੀਂ ਘੜ ਰਿਹਾ! ਅਜੇ ਕਲ੍ਹ ਈ ਸਾਡੇ ਇਕ ਕੱਸਾਕ ਨੇ ਓਥੇ ਇਕ ਫੁੰਡਿਐ। ਮੈਂ ਸਚ ਕਹਿ ਰਿਹਾਂ, ਉਹਨੇ ਕਿਹਾ ਤੇ ਪਿੱਠ ਉਤੇ ਆਪਣੀ ਬੰਦੂਕ ਠੀਕ ਕੀਤੀ; ਉਹ ਅਜਿਹੇ ਲਹਿਜੇ ਵਿਚ ਬੋਲਿਆ, ਜਿਸ ਤੋਂ ਪਤਾ ਲਗਦਾ ਸੀ। ਉਹ ਮਖ਼ੌਲ ਨਹੀਂ ਸੀ ਕਰ ਰਿਹਾ।

"ਵਾਹ-ਵਾਹ! ਇਹ ਊਰਵਾਨ ਲੂਕਾਸ਼ਕਾ ਏ!" ਉਪਰ ਝਾਤੀ ਮਾਰਦਿਆਂ ਬੁੱਢੇ ਨੇ ਆਖਿਆ। "ਇਹ ਤੇਰਾ ਕੱਸਾਕ ਕਿਹੜੀ ਥਾਂ ਫੁੰਡ ਰਿਹਾ ਸੀ?"


  1. ਕਾਕੇਸ਼ੀਆ ਦੀ ਘਰ-ਕੱਢੀ ਸ਼ਰਾਬ — ਸੰ:
੩੮