“ਤੂੰ ਕਦੀ ਕੋਈ ਨਹੀਂ ਵੇਖਿਆ? " ਉਹਨੇ ਪੁਛਿਆ। “ ਚਾਹੇਂ ਤਾਂ ਰਖ ਲੈ ਇਕ ਜੋੜਾ! ਇਹ ਨੀ।” ਤੇ ਉਹਨੇ ਦੋ ਤਿੱਤਰ ਬਾਰੀ ਵਿਚ ਅੱਗੇ ਕਰ ਦਿਤੇ। ਆਪ ਵੀ ਸ਼ਿਕਾਰੀ ਏਂ?' ਉਹਨੇ ਪੁਛਿਆ।
“ਹਾਂ ਮੈਂ। ਮੁਹਿੰਮ ਵੇਲੇ ਮੈਂ ਚਾਰ ਮਾਰੇ ਸਨ।"
"ਚਾਰ? ਬੜੇ ਹੁੰਦੇ ਨੇ!" ਬੁੱਢੇ ਨੇ ਟਕੋਰ ਲਾਂਦਿਆਂ ਆਖਿਆ। "ਪੀਣਾ-ਪਿਆਣਾ ਹੁੰਦੈ ਏਂ ਕਿ ਨਹੀਂ? ਚੀਖ਼ੀਰ ਪੀਣੈ?"
"ਕਿਉਂ ਨਹੀਂ? ਮੈਨੂੰ ਪੀਣਾ ਚੰਗਾ ਲਗਦਾ ਹੈ।"
"ਵਾਹ, ਜਣਾ ਤੂੰ ਚੰਗਾ ਏਂ। ਅਸੀਂ ਕੂਨਾਕ[1] ਹੋਵਾਂਗੇ, ਤੂੰ ਤੇ ਮੈਂ," ਚਾਚੇ ਯੇਰੋਸ਼ਕੇ ਨੇ ਆਖਿਆ।
"ਲੰਘ ਆ ਅੰਦਰ," ਓਲੇਨਿਨ ਨੇ ਆਖਿਆ। "ਘੁਟ ਚੀਖ਼ੀਰ ਪੀਂਦੇ ਹਾਂ।"
"ਆ ਜਾਂਗਾ," ਬੁੱਢਾ ਬੋਲਿਆ, “ਪਰ ਇਹ ਤਿੱਤਰ ਲੈ ਲੈ।" ਬੁੱਢੇ ਦੇ ਮੂੰਹ ਤੋਂ ਦਿਸਦਾ ਸੀ, ਉਹਨੂੰ ਕੈਡਿਟ ਪਸੰਦ ਆਇਆ ਸੀ। ਉਹਨੂੰ ਇਕਦਮ ਹੀ ਦਿਸ ਪਿਆ ਸੀ, ਉਹਨੂੰ ਉਹਦੇ ਤੋਂ ਮੁਫ਼ਤ ਪੀਣ ਨੂੰ ਮਿਲ ਸਕਦੀ ਸੀ, ਤੇ ਤਿੱਤਰਾਂ ਦਾ ਜੋੜਾ ਜ਼ਾਇਆ ਨਹੀਂ ਸੀ ਜਾਣ ਲਗਾ।
ਛੇਤੀ ਹੀ ਚਾਚੇ ਯੇਰੋਸ਼ਕੇ ਦਾ ਬੁਤ ਝੁੱਗੀ ਦੀਆਂ ਬਰੂਹਾਂ ਵਿਚ ਦਿਸਿਆ। ਤੇ ਓਲੇਨਿਨ ਨੂੰ ਉਸ ਆਦਮੀ ਦੇ ਅੰਤਾਂ ਦੇ ਕਦ-ਕਾਠ ਤੇ ਵਡੀ ਦੇਹ ਦਾ ਪੂਰੀ ਤਰ੍ਹਾਂ ਇਹਸਾਸ ਓਦੋਂ ਹੀ ਹੋਇਆ, ਆਦਮੀ, ਜਿਹਦਾ ਅਸਲੋਂ ਚਿੱਟੀ ਚੌੜੀ ਦਾੜ੍ਹੀ ਵਾਲਾ ਨਸਵਾਰੀ ਚਿਹਰਾ ਉਮਰ ਤੇ ਮਿਹਨਤ ਦੀਆਂ ਡੂੰਘੀਆਂ ਲੀਕਾਂ ਨਾਲ ਸਿਆੜਿਆ ਪਿਆ ਸੀ। ਇਕ ਬੁੱਢੇ ਦੇ ਤੌਰ ਉਤੇ, ਉਹਦੀਆਂ ਲੱਤਾਂ, ਬਾਹਵਾਂ ਤੇ ਮੋਢਿਆਂ ਦੇ ਪੱਠੇ ਏਡੇ ਚੌੜੇ ਤੇ ਸਡੌਲ ਸਨ, ਜਿੱਡੇ ਸਿਰਫ਼ ਜਵਾਨ ਬੰਦੇ ਦੇ ਹੀ ਹੁੰਦੇ ਹਨ। ਉਹਦੇ ਸਿਰ ਉਤੇ, ਮੁੰਨ ਕੇ ਛੋਟੇ ਕੀਤੇ ਵਾਲਾਂ ਹੇਠ ਡੂੰਘੇ ਚਟਾਕ ਸਨ। ਉਹਦੀ ਮੋਟੀ ਗੱਠੀ ਹੋਈ ਧੌਣ ਕਿਸੇ ਢੱਗੇ ਦੀ ਧੌਣ ਵਾਂਗ ਡੂੰਘੇ, ਇਕ ਦੂਜੇ ਦੇ ਆਰ-ਪਾਰ ਜਾਂਦੇ ਵੱਟਾਂ ਨਾਲ ਭਰੀ ਹੋਈ ਸੀ। ਉਹਨੇ ਆਰਾਮ ਨਾਲ ਤੇ ਸੁਖਾਲੇ ਦਹਿਲੀਜ਼ ਪਾਰ ਕੀਤੀ, ਆਪਣੀ ਬੰਦੂਕ ਲਾਹੀ ਤੇ ਇਕ ਨੁਕਰੇ ਰਖੀ, ਤੇ ਕਮਰੇ ਵਿਚ ਇਕ ਤੇਜ਼-ਤੇਜ਼ ਝਾਤੀ ਮਾਰਦਿਆਂ, ਝੁੱਗੀ ਵਿਚ ਪਈਆਂ ਚੀਜ਼ਾਂ ਤੇ ਮਾਲ-ਮੱਤੇ ਦਾ ਮੂਲ ਪਾਇਆ, ਤੇ ਆਪਣੀ ਅਣਕਮਾਈ ਖੱਲ ਦੀ ਜੁੱਤੀ ਪਾਈ ਬਾਹਰ ਨਿਕਲੇ ਪੱਬਾਂ ਭਾਰ ਹੌਲੀ-ਹੌਲੀ ਟੁਰਦਾ ਕਮਰੇ ਦੇ ਅਧ-ਵਿਚਕਾਰ ਆ ਗਿਆ। ਆਪਣੇ ਨਾਲ ਉਹ ਚੀਖ਼ੀਰ, ਵੋਦਕਾ, ਬਾਰੂਦ ਤੇ ਜੰਮੇ ਹੋਏ ਲਹੂ ਦੀ ਹੁਆੜ ਲਿਆਇਆ ਸੀ, ਜਿਹੜੀ ਤੇਜ਼ ਸੀ, ਪਰ ਅਣਸੁਖਾਵੀਂ ਨਹੀਂ ਸੀ।
- ↑ ਕੂਨਾਕ: — ਪੱਕਾ ਦੋਸਤ, ਜਿਸਦੇ ਲਈ ਹਰ ਕੁਰਬਾਨੀ ਕੀਤੀ ਜਾ ਸਕਦੀ ਹੈ।