ਪੰਨਾ:ਕੱਸਾਕ - ਲਿਉ ਤਾਲਸਤਾਏ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਾਂਡ ਪਹਿਲਾ

ਮਾਸਕੋ ਵਿਚ ਚੁਪ-ਚਾਂ ਹੋ ਗਈ ਹੈ। ਸਿਆਲ-ਠਰੀਆਂ ਸੜਕਾਂ ਤੋਂ ਪਹੀਆਂ ਦੀ ਆਵਾਜ਼ ਅਸਲੋਂ ਘਟ ਹੀ ਕੰਨੀਂ ਪੈਂਦੀ ਹੈ। ਬਾਰੀਆਂ ਵਿਚ ਹੁਣ ਲੋ ਨਹੀਂ ਰਹੀ ਤੇ ਸੜਕ ਦੀਆਂ ਬੱਤੀਆਂ ਬੁਝ ਗਈਆਂ ਹੋਈਆਂ ਹਨ। ਗਿਰਜਿਆਂ ਦੇ ਮੁਨਾਰਿਆਂ ਤੋਂ ਟੱਲਾਂ ਦੀ ਆਵਾਜ਼ ਆਉਂਦੀ ਹੈ, ਉਹ ਸੁੱਤੇ ਪਏ ਸ਼ਹਿਰ ਉਤੋਂ ਦੀ ਗੂੰਜਦੀ, ਸਵੇਰ ਦਾ ਚੇਤਾ ਕਰਾਂਦੀ ਹੈ। ਸੜਕਾਂ ਸੱਖਣੀਆਂ ਹਨ। ਕਿਸੇ ਕਿਸੇ ਵੇਲੇ ਕੋਈ ਸਲੈਜ ਬਰਫ਼ ਤੇ ਰੇਤ ਵਿਚੋਂ ਆਪਣਾ ਰਾਹ ਸਿਆੜਦੀ ਹੈ, ਤੇ ਕੋਚਵਾਨ, ਸੜਕ ਦੇ ਅਗਲੇ ਮੋੜ ਉਤੇ ਪਹੁੰਚ, ਇਕ ਹੋਰ ਸਵਾਰੀ ਦੀ ਉਡੀਕ ਕਰਦਾ, ਛੇਤੀ ਹੀ ਸੌਂ ਜਾਂਦਾ ਹੈ। ਕੋਈ ਬੁੱਢੀ ਗਿਰਜੇ ਜਾ ਰਹੀ ਲੰਘਦੀ ਹੈ, ਜਿਥੇ ਬੇਕਾਇਦਗੀ ਨਾਲ ਰਖੀਆਂ ਕੁਝ ਮੋਮਬੱਤੀਆਂ ਹੁਣੇ ਹੀ ਬਲ ਲਾਲ ਲੋ ਕਰ ਰਹੀਆਂ ਹਨ, ਜਿਹੜੀ ਪਵਿੱਤਰ ਮੂਰਤਾਂ ਦੇ ਸੁਨਹਿਰੀ ਪਤਰਿਆਂ ਉਤੇ ਝਲਕ ਰਹੀ ਹੈ। ਸਿਆਲੇ ਦੀ ਲੰਮੀ ਰਾਤ ਪਿਛੋਂ ਕਾਮੇ ਉਠ ਖਲੋਤੇ ਹੋਏ ਹਨ, ਤੇ ਆਪਣੇ ਕੰਮਾਂ ਨੂੰ ਜਾ ਰਹੇ ਹਨ।

ਪਰ ਸ਼ਰੀਫ਼ਜ਼ਾਦਿਆਂ ਲਈ ਅਜੇ ਵੀ ਸ਼ਾਮ ਹੈ।

ਸ਼ਵਾਲੀਆਰ*[1] ਰੈਸਤੋਰਾਨ ਦੇ ਤਖ਼ਤਿਆਂ ਦੀਆਂ ਝੀਤਾਂ ਵਿਚੋਂ ਇਸ ਸਮੇਂ ਗੈਰਕਾਨੂੰਨੀਰੌਸ਼ਨੀਆਂ ਅਜੇ ਵੀ ਦਿਸਦੀਆਂ ਹਨ। ਬੂਹੇ ਉਤੇ ਇਕ ਬੱਘੀ ਤੇ ਇਕ ਸਲੈਜ ਤੇ ਕੁਝ ਕੋਚਵਾਨ ਇਕ ਦੂਜੇ ਦੇ ਕੋਲ-ਕੋਲ ਖੜੇ ਹਨ। ਤਿੰਨ ਘੋੜਿਆਂ ਵਾਲੀ ਇਕ ਡਾਕ-ਸਲੈਜ ਵੀ ਹੈ। ਮੂੰਹ-ਸਿਰ ਵਲ੍ਹੇਟਿਆ ਤੇ ਪਾਲੇ ਦਾ ਚੂੰਡਿਆ ਦਰਬਾਨ ਇਮਾਰਤ ਦੀ ਨੁੱਕਰੇ ਲੁੱਕਾ ਪਿਆ ਲਗਦਾ ਹੈ।

"ਇਸ ਸਾਰੀ ਵਾਹੀ-ਤਵਾਹੀ ਦਾ ਫ਼ਾਇਦਾ ਕੀ ਏ?" ਬਹਿਰਾ ਸੋਚਦਾ ਹੈ, ਜੁ


  1. ਉਨੀਵੀਂ ਸਦੀ ਵਿਚ ਮਾਸਕੋ ਦੇ ਇਕ ਹੋਟਲ ਤੇ ਰੈਸਤੋਰਾਨ ਦਾ ਮਾਲਕ - ਸੰ: