ਕੁੜੀ ਨੇ ਚਾਬੀਆਂ ਤੇ ਪੀਪੀ ਫੜੀ, ਤੇ ਵਨਯੂਸ਼ੇ ਨਾਲ ਘਰੋਂ ਬਾਹਰ ਚਲੀ ਗਈ।
"ਮੈਨੂੰ ਦਸ, ਉਹ ਨੌਜਵਾਨ ਔਰਤ ਕੌਣ ਹੈ?" ਮਾਰਯਾਨਕਾ ਵਲ ਇਸ਼ਾਰਾ ਕਰਦਿਆਂ, ਜਿਹੜੀ ਬਾਰੀ ਕੋਲੋਂ ਲੰਘ ਰਹੀ ਸੀ, ਓਲੇਨਿਨ ਨੇ ਪੁਛਿਆ।
ਚਾਚੇ ਯੇਰੋਸ਼ਕੇ ਨੇ ਨੌਜਵਾਨ ਨੂੰ ਅੱਖ ਮਾਰੀ ਤੇ ਅਰਕ ਚੋਭੀ।
"ਠਹਿਰ ਜਾ ਜ਼ਰਾ," ਉਹਨੇ ਆਖਿਆ। ਤੇ ਬਾਰੀ ਤੋਂ ਬਾਹਰ ਹੋਇਆ। "ਹੂੰ-ਹੂੰ," ਉਹਨੇ ਖੰਗੂਰਾ ਮਾਰਿਆ ਤੇ ਗੁੰਜਾਰ ਛੱਡੀ, ਮਾਰਯਾਨਕਾ ਪਿਆਰੀਏ। ਸੁਣਾ, ਨੀ ਮਾਰਯਾਨਕਾ, ਮੇਰੀਏ ਦੋਸਤੇ, ਪਿਆਰ ਨਹੀਂ ਕਰਨਾ ਮੈਨੂੰ, ਪਿਆਰੀਏ? ਮੈਂ ਮਸਖ਼ਰਾ ਵਾਂ," ਉਹ ਅਗੋਂ ਖੁਸਰ-ਫੁਸਰ ਕਰਦਾ ਓਲੇਨਿਨ ਨੂੰ ਕਹਿਣ ਲਗਾ।
ਕੁੜੀ ਨੇ ਸਿਰ ਨਾ ਭੁਆਇਆ ਤੇ ਨੇਮ ਤੇ ਜ਼ੋਰ ਨਾਲ ਬਾਹਵਾਂ ਮਾਰਦੀ ਕਿੱਸਾਕ ਔਰਤ ਦੀ ਸੁਹਣੀ ਤੇ ਦਲੇਰ ਟੋਰ ਟੁਰਦੀ ਬਾਰੀ ਕੋਲੋਂ ਲੰਘ ਗਈ, ਤੇ ਉਹਨੇ ਬੁੱਢੇ ਵਲ ਸਿਰਫ਼ ਆਪਣੀਆਂ ਕਾਲੀਆਂ ਪਰਛਾਈਆਂ ਅੱਖਾਂ ਹੀ ਮੋੜੀਆਂ।
"ਮੈਨੂੰ ਪਿਆਰ ਕਰ, ਤੇ ਖੁਸ਼ੀਆਂ ਪਾਏਗੀ, ਤੇ ਖੁਸ਼ੀਆਂ ਪਾਏਗੀ," ਯੇਰੋਸ਼ਕੇ ਆਵਾਜ਼ ਦਿਤੀ, ਤੇ ਅਖ ਮਾਰਦਿਆਂ, ਉਹਨੇ ਕੁਝ-ਪੁਛਦੀਆਂ ਨਜ਼ਰਾਂ ਨਾਲ ਕੈਡਿਟ ਵਲ ਵੇਖਿਆ। “ਮੈਂ ਕਮਾਲ ਦਾ ਬੰਦਾ ਆਂ, ਮੈਂ ਮਸਖ਼ਰਾ ਆਂ। ਉਹ ਅਗੋਂ ਕਹਿਣ ਲਗਾ। ਮਲਕਾ ਏ ਮਲਕਾ, ਇਹ ਕੁੜੀ। ਹੈ ਨਾ?
"ਸੁਹਣੀ ਏ, " ਓਲੇਨਿਨ ਨੇ ਆਖਿਆ। “ ਅੰਦਰ ਏਥੇ ਬੁਲਾ ਸੂ।"
"ਨਹੀਂ, ਨਹੀਂ," ਬੁੱਢਾ ਕਹਿਣ ਲਗਾ। “ ਇਹਦਾ ਲੁਕਾਸ਼ਕੇ ਨਾਲ ਵਿਆਹ ਹੋਣੇਂ। ਵਧੀਆ ਕੱਸਾਕ ਏ ਉਹ, ਬਹਾਦਰ, ਅਜੇ ਕਲ੍ਹ ਈ ਉਹਨੇ ਇਕ ਅਬਰੇਕ ਮਾਰਿਐ। ਮੈਂ ਤੈਨੂੰ ਇਸ ਤੋਂ ਚੰਗੀ ਲਭ ਦਿਆਂਗਾ। ਮੈਂ ਤੈਨੂੰ ਇਹੋ ਜਿਹੀ ਲਭ ਦਿਆਂਗਾ, ਜਿਹੜੀ ਰੇਸ਼ਮ ਤੇ ਚਾਂਦੀ ਪਾ ਟੁਰਦੀ ਫਿਰੇਗੀ। ਇਕ ਵਾਰੀ ਜੁ ਮੈਂ ਕਹਿ ਦੇਨਾਂ, ਉਹ ਮੈਂ ਕਰ ਦੇਨਾਂ। ਤੈਨੂੰ ਮੈਂ ਕੋਈ ਹੁਸੀਨਾ ਲਿਆ ਦਿਆਂਗਾ, ਹੁਸੀਨਾ।"
“ਤੂੰ ਬੁੱਢਾ ਆਦਮੀ ਹੈਂ - ਤੇ ਇਹੋ ਜਿਹੀਆਂ ਗੱਲਾਂ ਕਰਦਾ ਹੈਂ," ਓਲੇਨਿਨ ਨੇ ਜਵਾਬ ਦਿਤਾ। “ਇਹ ਤਾਂ ਗੁਨਾਹ ਹੋਇਆ।"
"ਗੁਨਾਹ? ਗੁਨਾਹ ਕਿੱਥੇ ਏ? " ਬੁੱਢਾ ਜ਼ੋਰ ਦੇਂਦਿਆਂ ਬੋਲਿਆ। "ਸੁਹਣੀ ਕੁੜੀ ਵਲ ਵੇਖਣਾ ਗੁਨਾਹ ਏ? ਉਹਦੇ ਨਾਲ ਥੋੜੀ ਜਿਹੀ ਮੌਜ ਕਰ ਲੈਣੀ ਗੁਨਾਹ ਏਂ? ਜਾਂ ਉਹਨੂੰ ਪਿਆਰ ਕਰਨਾ ਗੁਨਾਹ ਏਂ? ਤੁਹਾਡੇ ਪਾਸੇ ਇੰਜ ਹੁੰਦੈ? ਨਹੀਂ, ਮੇਰੇ ਦੋਸਤਾ, ਇਹ ਗੁਨਾਹ ਨਹੀਂ, ਸਵਾਬ ਏ! ਤੈਨੂੰ ਰਬ ਨੇ ਬਣਾਇਐ; ਤੇ ਰਬ ਨੇ ਕੁੜੀ ਨੂੰ ਵੀ ਬਣਾਇਐ। ਉਹਨੇ ਸਾਰਿਆਂ ਨੂੰ ਬਣਾਇਐ, ਇਸ ਲਈ ਸੁਹਣੀ ਕੁੜੀ ਵਲ ਵੇਖਣਾ ਗੁਨਾਹ ਨਹੀਂ। ਉਹ ਬਣਾਈ ਈ ਏਸ ਲਈ ਗਈ ਸੀ — ਪਿਆਰ ਕੀਤੇ ਜਾਣ ਲਈ ਤੇ ਖੁਸ਼ੀ ਦੇਣ ਲਈ। ਮੈਂ ਤਾਂ ਇਹਨੂੰ ਇੰਜ ਵੇਖਨਾਂ, ਭਲੇ ਲੋਕਾ।