ਤਰ੍ਹਾਂ ਸੜਕ ਦੇ ਅਧ-ਵਿਚਕਾਰ ਖਲੋਤੇ ਹੋਏ ਸਨ, ਕਿ ਉਹਨਾਂ ਨੂੰ ਰਾਹ ਵਿਚੋਂ ਹਟਣਾ ਪੈਣਾ ਸੀ। ਨਜ਼ਾਰਕਾ ਹੱਟ ਗਿਆ, ਪਰ ਲੁਕਾਸ਼ਕੇ ਨੇ ਸਿਰਫ਼ ਅੱਖਾਂ ਹੀ ਸ਼ੰਗੇੜੀਆਂ, ਤੇ ਆਪਣੀ ਥਾਂ ਤੋਂ ਹਿਲਿਆਂ ਬਿਨਾਂ, ਆਪਣੀ ਚੌੜੀ ਪਿਠ ਕਰ ਦਿਤੀ। ‘ਏਥੇ ਲੋਕੀ ਖਲੋਤੇ ਹੋਏ ਜੇ, ਲੰਘ ਜਾਓ ਪਾਸੇ ਤੋਂ, ' ਸਿਰ ਨੂੰ ਬਸ ਅੱਧਾ ਘੁਮਾਂਦਿਆਂ ਤੇ ਫ਼ੌਜੀਆਂ ਉਤੇ ਇਕ ਘਿਰਣਾ-ਭਰੀ ਨਜ਼ਰ ਸੁਟਦਿਆਂ, ਉਹਨੇ ਬੁੜ-ਬੁੜ ਕੀਤੀ। ਫ਼ੌਜੀ ਧੂੜ-ਲੁੱਤੀ ਸੜਕ ਉਤੇ ਬਾਕਾਇਦਗੀ ਨਾਲ ਪੈਰ ਧਰਦੇ, ਚੁਪ-ਚਾਪ ਲੰਘ ਗਏ। ਮਾਰਯਾਨਕਾ ਹੱਸਣ ਲਗ ਪਈ, ਤੇ ਬਾਕੀ ਦੀਆਂ ਕੁੜੀਆਂ ਵੀ ਹੱਸਣ ਲਗ ਪਈਆਂ।
"ਨਹੀਂ ਰੀਸਾਂ ਬਾਂਕਿਆਂ ਦੀਆਂ! ਨਜ਼ਾਰਕਾ ਬੋਲਿਆ।“ ਜਿਵੇਂ ਬਹੁਤ ਸਾਰੇ ਪਾਦਰੀ ਹੁੰਦੇ ਨੇ।’ ਤੇ ਉਹ ਫ਼ੌਜੀਆਂ ਦੀ ਨਕਲ ਲਾਂਹਦਾ ਸੜਕ ਉਤੇ ਕੁਝ ਕਦਮ ਟੁਰਿਆ। ਹਰ ਕੋਈ ਹਾਸੇ ਦੇ ਠਹਾਕੇ ਮਾਰਨ ਲਗ ਪਿਆ।
ਲੂਕਾਸ਼ਕਾ ਹੌਲੀ-ਹੌਲੀ ਪੈਰ ਧਰਦਾ ਮਾਰਯਾਨਕਾ ਕੋਲ ਆਇਆ। "ਤੇ ਤੁਸੀਂ ਅਫ਼ਸਰ ਕਿੱਥੇ ਰਖਿਐ?" ਉਹਨੇ ਪੁੱਛਿਆ।
ਮਾਯਾਨਕਾ ਨੇ ਇਕ ਪਲ ਸੋਚਿਆ।
"ਅਸੀਂ ਉਹਨੂੰ ਆਪਣੀ ਨਵੀਂ ਝੁਗੀ ਲੈ ਲੈਣ ਦਿਤੀ ਏ," ਉਹ ਬੋਲੀ।
“ਤੇ ਉਹ ਬੁੱਢਾ ਏ ਜਾਂ ਜਵਾਨ? ਉਹਦੇ ਕੋਲ ਬਹਿੰਦਿਆਂ, ਲੁਕਾਸ਼ਕੇ ਨੇ ਪੁਛਿਆ।
“ਤੂੰ ਸੋਚਣੇਂ, ਮੈਂ ਉਹਦੇ ਤੋਂ ਪੁਛਿਐ?" ਕੁੜੀ ਨੇ ਜਵਾਬ ਦਿਤਾ। ਮੈਂ ਉਹਦੇ ਲਈ ਕੁਝ ਚੀਖ਼ੀਰ ਕੱਢਣ ਗਈ, ਤੇ ਉਹਨੂੰ ਬਾਰੀ ਕੋਲ ਬੈਠੇ ਵੇਖਿਆ, ਚਾਚੇ ਯੇਰੋਸ਼ਕੇ ਨਾਲ। ਲਾਖੇ ਵਾਲਾਂ ਵਾਲਾ ਲਗਦੈ। ਪੂਰਾ ਗੱਡਾ ਭਰ ਕੇ ਚੀਜ਼ਾਂ ਦਾ ਲਿਆਂਦਾ ਨੇ। ਤੇ ਉਹਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ।
ਕਿੰਨੀ ਖੁਸ਼ੀ ਏ ਮੈਨੂੰ, ਮੈਂ ਚੌਕੀ ਤੋਂ ਆ ਸਕਿਆਂ! " ਕੁੜੀ ਦੇ ਹੋਰ ਨੇੜੇ ਢੁਕਦਾ ਤੇ ਸਾਰਾ ਸਮਾਂ ਸਿਧਾ ਉਹਦੀਆਂ ਅੱਖਾਂ ਵਿਚ ਵੇਖਦਾ, ਲੁਕਾਸ਼ਕਾ ਬੋਲਿਆ।
“ਤੇ ਚੋਖੇ ਚਿਰ ਲਈ ਆਇਐਂ? ' ਮਾੜਾ ਜਿਹਾ ਮੁਸਕਰਾਂਦਿਆਂ ਮਾਰਯਾਨਕਾ ਨੇ ਪੁਛਿਆ।
"ਸਵੇਰ ਤਕ। ਮੈਨੂੰ ਥੋੜੇ ਜਿਹੇ ਬੀ ਦਈਂ," ਹਥ ਅੱਗੇ ਕਰਦਿਆਂ ਉਹਨੇ ਆਖਿਆ।
ਮਾਰਯਾਨਕਾ ਹੁਣ ਖੁਲ੍ਹ ਕੇ ਮੁਸਕਰਾਈ ਤੇ ਆਪਣੀ ਕਮੀਜ਼ ਦੀਆਂ ਧੌਣ ਪਿਛੇ ਬੰਨ੍ਹੀਆਂ ਤਣੀਆਂ ਖੋਲ੍ਹ ਕਹਿਣ ਲਗੀ, “ਸਾਰੇ ਨਾ ਲੈ ਲਈਂ।
"ਹਰ ਪਲ ਤੇਰੇ ਬਿਨਾਂ ਮੈਂ ਕੱਲਾ-ਕੱਲਾ ਮਹਿਸੂਸ ਕਰਦਾ ਰਿਹਾਂ, ਸਹੁੰ ਏਂ ਮੈਨੂੰ, ਕੁੜੀ ਦੀ ਕਮੀਜ਼ ਦੀ ਛਾਤੀ ਵਿਚੋਂ ਕੁਝ ਬੀਜ ਕਢਦਿਆਂ, ਉਹਨੇ ਸੰਕੋਚਵੀਂ, ਅਡੋਲ ਨਿੰਮ੍ਹੀ ਆਵਾਜ਼ ਵਿਚ ਆਖਿਆ; ਤੇ ਉਹਦੇ ਉਤੇ ਉੜ੍ਹ ਹੋਰ ਵੀ ਕੋਲ ਹੁੰਦਿਆਂ, ਉਹ ਹਸਦੀਆਂ ਅੱਖਾਂ ਨਾਲ ਉਹਦੇ ਨਾਲ ਨਿੰਮੀ-ਨਿੰਮ੍ਹੀ ਆਵਾਜ਼ ਵਿਚ ਗੱਲਾਂ ਕਰਦਾ ਗਿਆ।