ਪੰਨਾ:ਕੱਸਾਕ - ਲਿਉ ਤਾਲਸਤਾਏ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਥਾ ਹੋਇਆ ਮੂੰਹ ਲਈ ਹਾਲ ਵਿਚ ਬੈਠਾ ਹੈ। “ਜਦੋਂ ਮੇਰੀ ਡਿਊਟੀ ਹੁੰਦੀ ਏ, ਸਦਾ ਇੰਜ ਈ ਹੁੰਦੈ!" ਨਾਲ ਦੇ ਤੇਜ਼ ਰੌਸ਼ਨੀ ਵਾਲੇ ਛੋਟੇ ਜਿਹੇ ਕਮਰੇ ਵਿਚੋਂ ਰਾਤ ਦੀ ਰੋਟੀ ਖਾ ਰਹੇ ਤਿੰਨ ਨੌਜਵਾਨਾਂ ਦੀਆਂ ਆਵਾਜ਼ਾਂ ਸੁਣੀਂਦੀਆਂ ਹਨ। ਕਮਰੇ ਅੰਦਰ ਮੇਜ਼ ਉਤੇ ਖਾਣੇ ਤੇ ਸ਼ਰਾਬ ਦੀ ਰਹਿੰਦ-ਖੂੰਹਦ ਪਈ ਹੈ। ਪਤਲੇ ਪਿੰਡੇ, ਸਾਫ਼-ਸੁਥਰੇ ਕਪੜਿਆਂ ਵਾਲਾ ਮਧਰੇ ਕੱਦ ਦਾ ਇਕ ਕੁਸ਼ਕਲਾ ਆਦਮੀ ਬੈਠਾ ਮਿਹਰ-ਭਰੀਆਂ, ਥੱਕੀਆਂ ਅੱਖਾਂ ਨਾਲ ਦੋਸਤ ਵਲ ਵੇਖ ਰਿਹਾ ਹੈ, ਜਿਨ੍ਹੇ ਚਲੇ ਜਾਣਾ ਹੈ। ਇਕ ਹੋਰ, ਲੰਮੇ ਕਦ ਵਾਲਾ ਆਦਮੀ, ਆਪਣੀ ਘੜੀ ਦੇ ਬਟਨ ਨੂੰ ਛੇੜਦਾ, ਉਸ ਮੇਜ਼ ਕੋਲ ਵਾਲੇ ਸੋਫ਼ੇ ਉਤੇ ਲੇਟਿਆ ਹੋਇਆ ਹੈ, ਜਿਸ ਉਤੇ ਖਾਲੀ ਬੋਤਲਾਂ ਪਈਆਂ ਹਨ। ਤੀਜਾ, ਜਿਨ੍ਹੇਂ ਭੇਡ ਦੀ ਖਲ ਦਾ ਨਵਾਂ ਕੋਟ ਪਾਇਆ ਹੋਇਆ ਹੈ, ਏਧਰ-ਓਧਰ ਟਹਿਲ ਰਿਹਾ ਹੈ। ਕਦੀ-ਕਦੀ ਉਹ ਉਂਗਲਾਂ ਨਾਲ ਬਾਦਾਮ ਤੋੜਨ ਲਈ ਅਟਕ ਜਾਂਦਾ ਹੈ। ਉਹਦੀਆਂ ਉਂਗਲਾਂ ਮਜ਼ਬੂਤ ਤੇ ਮੋਟੀਆਂ ਹਨ ਤੇ ਉਹਨਾਂ ਦੇ ਨਹੁੰ ਧਿਆਨ ਨਾਲ ਸਾਫ਼ ਕੀਤੇ ਹੋਏ ਹਨ। ਉਹ ਇਕਸਾਰ ਕਿਸੇ ਗੱਲ ਉਤੇ ਮੁਸਕਰਾਈ ਜਾਂਦਾ ਹੈ, ਤੇ ਉਹਦੀਆਂ ਅੱਖਾਂ ਵਿਚ ਤੇ ਮੂੰਹ ਉਤੇ ਚਮਕ ਹੈ। ਉਹ ਨਿਘ ਨਾਲ ਬੋਲਦਾ ਹੈ, ਤੇ ਹਥ ਹਿਲਾਂਦਾ ਹੈ; ਪਰ ਪ੍ਰਤੱਖ ਹੀ ਉਹਨੂੰ ਉਹ ਲਫ਼ਜ਼ ਨਹੀਂ ਅਹੁੜਦੇ, ਜਿਹੜੇ ਉਹ ਚਾਹੁੰਦਾ ਹੈ, ਤੇ ਉਹ ਜਿਹੜੇ ਉਹਦੇ ਬੁਲ੍ਹਾਂ ਉਤੇ ਆਉਂਦੇ ਹਨ, ਉਹ ਉਸ ਸਭ ਕਾਸੇ ਨੂੰ ਪ੍ਰਗਟਾਣ ਜੋਗੇ ਨਹੀਂ ਜਾਪਦੇ, ਜਿਸ ਕਾਸੇ ਨਾਲ ਉਹਦਾ ਦਿਲ ਭਰਪੂਰ ਹੈ। ਉਹ ਲਗਾਤਾਰ ਮੁਸਕਰਾਈ ਜਾਂਦਾ ਹੈ।

"ਹੁਣ ਮੈਂ ਸਭੋ ਕੁਝ ਕਹਿ ਸਕਦਾ ਹਾਂ," ਮੁਸਾਫ਼ਰ ਬੋਲਦਾ ਹੈ। "ਮੈਂ ਆਪਣੀ ਵਕਾਲਤ ਨਹੀਂ ਕਰ ਰਿਹਾ, ਪਰ ਮੈਂ ਚਾਹੁੰਦਾ ਹਾਂ, ਘਟੋ-ਘਟ ਤੁਸੀਂ ਮੈਨੂੰ ਉਸ ਤਰ੍ਹਾਂ ਸਮਝੋ, ਜਿਵੇਂ ਮੈਂ ਆਪਣੇ ਆਪ ਨੂੰ ਸਮਝਦਾ ਹਾਂ, ਤੇ ਮਾਮਲੇ ਨੂੰ ਆਮ, ਬਾਜ਼ਾਰੀ ਨੁਕਤੇ ਤੋਂ ਨਾ ਵੇਖੋ। ਤੁਸੀਂ ਕਹਿੰਦੇ ਹੋ, ਮੈਂ ਉਹਦੇ ਨਾਲ ਚੰਗਾ ਸਲੂਕ ਨਹੀਂ ਕੀਤਾ?" ਉਸ ਆਦਮੀ ਨੂੰ ਸੰਬੋਧਨ ਕਰਦਿਆਂ, ਜਿਹੜਾ ਉਹਦੇ ਵਲ ਮਿਹਰ-ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ, ਉਹ ਬੋਲਦਾ ਜਾਂਦਾ ਹੈ।

"ਜੀ ਹਾਂ, ਕਸੂਰ ਤੇਰਾ ਹੈ," ਮਧਰੇ ਕਦ ਦਾ ਤੇ ਕੁਸ਼ਕਲਾ ਆਦਮੀ ਜਵਾਬ ਦੇਂਦਾ ਹੈ, ਤੇ ਇੰਜ ਲਗਦਾ ਹੈ ਜਿਵੇਂ ਉਹਦੀ ਤਕਣੀ ਵਿਚ ਹੋਰ ਵੀ ਬਹੁਤੀ ਮਿਹਰ ਤੇ ਥਕੇਵਾਂ ਆ ਗਿਆ ਹੋਵੇ।

“ਮੈਨੂੰ ਪਤਾ ਹੈ , ਤੂੰ ਇੰਜ ਕਿਉਂ ਕਹਿੰਦਾ ਹੈਂ," ਮੁਸਾਫ਼ਰ ਬੋਲਦਾ ਜਾਂਦਾ ਹੈ। “ਤੂੰ ਸੋਚਦਾ ਹੈ , ਪਿਆਰੇ ਜਾਣਾ ਵੀ ਓਡੀ ਵਡੀ ਹੀ ਖੁਸ਼ੀ ਹੈ, ਜਿੱਡੀ ਪਿਆਰਨਾ, ਤੇ ਜੇ ਉਹ ਇਕ ਵਾਰੀ ਜੁੜ ਜਾਏ, ਤਾਂ ਜ਼ਿੰਦਗੀ ਭਰ ਲਈ ਕਾਫ਼ੀ ਹੋਣੀ ਚਾਹੀਦੀ ਹੈ।"

“ਜੀ ਹਾਂ ਪਿਆਰੇ, ਕਾਫ਼ੀ ਹੈ ਇਹ, ਕਾਫ਼ੀ ਤੋਂ ਵੀ ਵਧ ਹੈ।" ਅੱਖਾਂ ਝਮਕਦਿਆਂ ਤੇ ਮੀਟਦਿਆਂ, ਮਧਰੇ ਕਦ ਵਾਲੇ ਤੇ ਕਸ਼ਕਲੇ ਆਦਮੀ ਨੇ ਜ਼ੋਰ ਦਿਤਾ।

“ਪਰ ਬੰਦਾ ਖੁਦ ਪਿਆਰੇ ਵੀ ਕਿਉਂ ਨਾ?" ਆਪਣੇ ਦੋਸਤ ਵਲ ਜਿਵੇਂ ਤਰਸ