ਸ਼ੈਦ ਕਿਸੇ ਅਬਰੇਕ ਨੇ ਕੋਈ ਝੱਲਾ ਜਵਾਨ ਕੱਸਾਕ ਮਾਰ ਘਤਿਐ।' ਤੁਹਾਡਾ ਮਨ ਇਹੋ ਜਿਹੇ ਖ਼ਿਆਲਾਂ ਨਾਲ ਭਰਿਆ ਹੁੰਦੈ। ਤੇ ਇਕ ਵਾਰੀ ਜਦੋਂ ਮੈਂ ਦਰਿਆ ਦੇ ਕੰਢੇ ਤਾੜ 'ਚ ਬੈਠਾ ਸਾਂ, ਮੈਂ ਵੇਖਿਆ, ਇਕ ਪੰਘੂੜਾ ਤਰਦਾ ਆ ਰਿਹਾ ਸੀ। ਉਹ ਅਸਲੋਂ ਠੀਕਠਾਕ ਲਗਦਾ ਸੀ, ਬਸ ਉਹਦੀ ਇਕ ਨੁੱਕਰ ਟੁੱਟ ਗਈ ਹੋਈ ਸੀ! ਓਸ ਵੇਲੇ ਸੋਚਾਂ ਆ ਕੇ ਰਹੀਆਂ! ਪੰਘੂੜਾ ਕਿਦ੍ਹਾ ਹੋ ਸਕਦਾ ਸੀ? ਮੈਨੂੰ ਖ਼ਿਆਲ ਆਇਆ, ਤੁਹਾਡੇ ਕੁਝ ਫ਼ੌਜੀ, ਸ਼ੈਤਾਨ, ਕਿਸੇ ਔਲ 'ਚ ਜਾ ਵੜੇ ਹੋਣਗੇ ਤੇ ਉਹਨਾਂ ਚੇਚੇਨ ਜ਼ਨਾਨੀਆਂ ਜਾ ਫੜੀਆਂ ਹੋਣਗੀਆਂ; ਤੇ ਕਿਸੇ ਸ਼ੈਤਾਨ ਨੇ ਬੱਚਾ ਮਾਰ ਦਿਤਾ ਹੋਵੇਗਾ, ਲੱਤੋਂ ਫੜ ਲਿਆ ਹੋਵੇਗਾ, ਤੇ ਉਹਦਾ ਸਿਰ ਕੰਧ ਨਾਲ ਪਟਕਾ ਕਢਿਆ ਹੋਵੇਗਾ ਸੀ। ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਉਹ? ਉਫ਼, ਮਨੁਖਾਂ ਦੀਆਂ ਰੂਹਾਂ ਈ ਨਹੀਂ! ਤੇ ਮੇਰੇ ਮਨ 'ਚ ਸੋਚਾਂ ਆਈਆਂ, ਜਿਨ੍ਹਾਂ ਮੇਰਾ ਅੰਦਰ ਤਰਸ ਨਾਲ ਭਰ ਦਿਤਾ। ਹਾਂ, ਮੈਂ ਸੋਚਿਆ, ਪੰਘੂੜਾ ਸੁੱਟ ਦਿਤਾ ਨੇ, ਘਰਵਾਲੀ ਨੂੰ ਬੰਨੇ ਹਿਕ ਦਿਤਾ ਨੇ, ਘਰ ਸਾੜ ਦਿਤਾ ਹੋਣਾ ਨੇ, ਪਰ ਉਹਦੇ ਆਦਮੀ ਨੇ ਬੰਦੂਕ ਚੁਕ ਲਈਏ, ਤੇ ਪਾਰ ਸਾਡੇ ਪਾਸੇ ਸਾਨੂੰ ਲੁੱਟਣ ਆ ਗਿਆ ਹੋਣੇਂ। ਓਥੇ ਬੈਠੇ ਹੋਈਏ, ਤਾਂ ਕਿੰਨੇ ਈ ਖ਼ਿਆਲ ਆਉਂਦੇ ਨੇ। ਤੇ ਜਦੋਂ ਕਿਸੇ ਜਾਨਵਰ ਦੇ ਬਚਿਆਂ ਦੀ ਝਾੜ 'ਚੋਂ ਰਾਹ ਬਣਾਉਂਦੇ ਆਉਣ ਦੀ ਆਵਾਜ਼ ਸੁਣੀਦੀ ਏ, ਆਪਣੇ ਅੰਦਰ ਕੁਝ ਧੜਕਨ ਲਗ ਪੈਂਦੈ। ਏਸ ਪਾਸੇ ਆ ਜਾਓ, ਸੁਹਣਿਉਂ! ਫੇਰ ਸੋਚੀਦੈ, ‘ਮੇਰੀ ਮੁਸ਼ੱਕ ਆ ਜਾਏਗੀ ਨੇ, ' ਤੇ ਬਹਿ ਜਾਈਦੈ ਤੇ ਹਿੱਲੀਦਾ ਨਹੀਂ, ਜਦੋਂ ਕਿ ਦਿਲ ਧੱਕ! ਧੱਕ! ਧੱਕ! ਕਰ ਰਿਹੈ ਹੁੰਦੈ, ਏਨਾ ਕਿ ਉਪਰ ਹਵਾ 'ਚ ਉਛਾਲ ਦੇਵੇ। ਇਕ ਵਾਰੀ ਏਸ ਬਸੰਤ ਰੁੱਤੇ ਇਕ ਵਧੀਆ ਝੋਲ ਮੇਰੇ ਕੋਲ ਆ ਨਿਕਲਿਆ, ਮੈਨੂੰ ਕੁਝ ਕਾਲਾ-ਕਾਲਾ ਦਿਸਿਆ। ‘ਸਹੁੰ ਬਾਪੂ ਤੇ ਪੁਤਰ ਦੀ ' ਮੈਂ ਆਖਿਆ, ਤੇ ਮੈਂ ਗੋਲੀ ਚਲਾਣ ਈ ਲੱਗਾ ਸਾਂ ਕਿ ਸੂਰਨੀ ਨੇ ਆਪਣੇ ਸੂਰਾਂ ਨੂੰ ਘੁਰ-ਘੁਰ ਕਰ ਦਿਤੀ। ਖ਼ਤਰਾ ਜੇ, ਬਚਿਓ, ' ਉਹਨੇ ਕਹਿ ਦਿਤਾ, ‘ਓਥੇ ਬੰਦਾ ਜੇ, ' ਤੇ ਝਾੜੀਆਂ 'ਚੋਂ ਰਾਹ ਬਣਾਂਦੇ, ਉਹ ਸਾਰੇ ਭਜ ਨਿਕਲੇ। ਮੇਰਾ ਜੀ ਕੀਤਾ, ਚਬ ਜਾਵਾਂ ਸੂਰਨੀ ਨੂੰ।"
"ਸੂਰਨੀ ਆਪਣੇ ਬਚਿਆਂ ਨੂੰ ਦਸ ਕਿਵੇਂ ਸਕਦੀ ਹੈ, ਓਥੇ ਕੋਈ ਬੰਦਾ ਹੈ?"
"ਦਸ ਕਿਉਂ ਨਾ ਸਕੇ ਉਹ? ਤੂੰ ਸਮਝਣੋਂ, ਸੂਰਨੀ ਮੂਰਖ ਹੁੰਦੀ ਏ? ਨਹੀਂ, ਉਹ ਬੰਦੇ ਨਾਲੋਂ ਸਿਆਣੀ ਹੁੰਦੀ ਏ, ਭਾਵੇਂ ਅਸੀਂ ਉਹਨੂੰ ਸਦਦੇ ਸੂਰਨੀ ਈ ਆਂ! ਉਹਨੂੰ ਹਰ ਗਲ ਦਾ ਪਤੈ। ਮਿਸਾਲ ਵਜੋਂ, ਇਹ ਸੁਣ। ਬੰਦਾ ਤੇਰੇ ਖੁਰੇ ਤੋਂ ਲੰਘ ਜਾਏਗਾ ਤੇ ਉਹਨੂੰ ਦਿੱਸਣ ਨਹੀਂ ਲਗਾ; ਪਰ ਸੂਰਨੀ, ਜਿਵੇਂ ਈ ਉਹ ਤੁਹਾਡੇ ਖੁਰੇ 'ਤੇ ਆਉਂਦੀ ਏ, ਸੁੰਘ ਲੈਂਦੀ ਏ ਤੇ ਭਜ ਨਿਕਲਦੀਏ। ਏਸ ਤੋਂ ਪਤਾ ਲਗਦੈ, ਉਹਨੂੰ ਕੁਝ ਅਕਲ ਹੁੰਦੀ ਏ, ਹੁੰਦੀ ਏ ਨਾ? ਆਪਣੀ ਮੁਸ਼ਕ ਦਾ ਸਾਨੂੰ ਆਪ ਵੀ ਪਤਾ ਨਹੀਂ ਹੁੰਦਾ, ਪਰ ਉਹਨੂੰ ਹੁੰਦੈ। ਤੇ ਇਹ ਵੀ ਕਿਹਾ ਜਾਣਾ ਚਾਹੀਦੈ। ਅਸੀਂ ਓਸ ਸੂਰਨੀ ਨੂੰ ਮਾਰਨਾ ਚਾਹੁੰਦੇ ਆਂ, ਪਰ ਉਹਦਾ ਜੀ ਕਰਦੈ, ਜੰਗਲ ਨੂੰ ਜਿਊਂਦੀ ਚਲੀ ਜਾਵੇ। ਸਾਡਾ ਕਾਨੂੰਨ