ਪੰਨਾ:ਕੱਸਾਕ - ਲਿਉ ਤਾਲਸਤਾਏ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਵੇਖਦਿਆਂ, ਸੋਚ-ਗੜੁੱਚੀ ਆਵਾਜ਼ ਵਿਚ ਮੁਸਾਫ਼ਰ ਕਹਿੰਦਾ ਹੈ। "ਬੰਦਾ ਪਿਆਰੇ ਕਿਉਂ ਨਾ? ਪਿਆਰ ਨਹੀਂ ਹੁੰਦਾ ... ਨਹੀਂ, ਪਿਆਰੇ ਜਾਣਾ ਬਦਨਸੀਬੀ ਹੈ! ਇਹ ਬਦਨਸੀਬੀ ਹੈ, ਜਦੋਂ ਕਸੂਰਵਾਰ ਮਹਿਸੂਸ ਕਰੀਦਾ ਹੈ, ਕਿਉਂਕਿ ਅਸੀਂ ਜਵਾਬ 'ਚ ਉਹ ਕੁਝ ਦੇ ਨਹੀਂ ਰਹੇ ਹੁੰਦੇ, ਤੇ ਦੇ ਨਹੀਂ ਸਕਦੇ, ਜੁ ਸਾਨੂੰ ਮਿਲਦਾ ਹੈ। ਯਾ ਖ਼ੁਦਾ!" ਤੇ ਉਹ ਬਾਂਹ ਮਾਰਦਾ ਹੈ। "ਜੇ ਕਦੀ ਇਹ ਚੀਜ਼ਾਂ ਤਰਕ ਅਨੁਸਾਰ ਹੋਣ! ਪਰ ਇਹਦੇ 'ਚ ਤਾਂ ਹੇਠਲੀ-ਉਪਰਲੀ ਹੋਈ ਹੁੰਦੀ ਹੈ, ਤੇ ਇਹ ਸਾਡੇ ਉਤੇ ਨਿਰਭਰ ਨਹੀਂ ਕਰਦਾ ਜਿਵੇਂ ਚਾਹੁੰਦਾ ਹੈ, ਹੁੰਦਾ ਹੈ। ਇੰਜ ਲਗਦਾ ਹੈ ਜਿਵੇਂ ਮੈਂ ਉਹ ਪਿਆਰ ਚੁਰਾ ਲਿਆ ਹੋਵੇ। ਤੇਰਾ ਵੀ ਇਹੋ ਖ਼ਿਆਲ ਹੈ। ਇਨਕਾਰ ਨਾ ਕਰ, ਤੇਰਾ ਖ਼ਿਆਲ ਇਹ ਹੀ ਹੋਣਾ ਚਾਹੀਦਾ ਹੈ। ਪਰ ਮੰਨੇਂਗਾ, ਜ਼ਿੰਦਗੀ 'ਚ ਮੈਂ ਜਿੰਨੀਆਂ ਵੀ ਝੱਲੀਆਂ ਤੇ ਨਫ਼ਰਤ ਦੇ ਕਾਬਲ ਚੀਜ਼ਾਂ ਕੀਤੀਆਂ ਹਨ, ਉਹਨਾਂ 'ਚੋਂ ਇਹ ਇਕ ਹੈ, ਜਿਦ੍ਹਾ ਮੈਨੂੰ ਪਛਤਾਵਾ ਨਹੀਂ, ਨਾ ਹੋ ਸਕਦਾ ਹੈ। ਨਾ ਹੀ ਓਦੋਂ ਜਦੋਂ ਇਹ ਸ਼ੁਰੂ ਹੋਇਆ, ਨਾ ਹੀ ਪਿਛੋਂ। ਨਾ ਮੈਂ ਕਦੀ ਆਪਣੇ ਆਪ ਨੂੰ ਧੋਖਾ ਦਿਤਾ ਨਾ ਕਦੀ ਉਹਨੂੰ। ਮੈਨੂੰ ਲਗਦਾ ਹੈ, ਅਖੀਰ ਮੈਨੂੰ ਪਿਆਰ ਹੋ ਗਿਆ ਸੀ; ਪਰ ਪਿਛੋਂ ਮੈਨੂੰ ਮਹਿਸੂਸ ਹੋਇਆ, ਮੈਂ ਆਪਣੇ ਆਪ ਨੂੰ ਅਚੇਤੇ ਹੀ ਧੋਖਾ ਦੇ ਰਿਹਾ ਸਾਂ, ਇਸ ਤਰ੍ਹਾਂ ਪਿਆਰ ਨਹੀਂ ਕੀਤਾ ਜਾ ਸਕਦਾ ਤੇ ਮੈਂ ਕਰਦਾ ਹੀ ਨਹੀਂ ਸਾਂ ਜਾ ਸਕਦਾ, ਪਰ ਉਹ ਜ਼ਰੂਰ ਕਰਦੀ ਗਈ। ਕੀ ਮੇਰਾ ਕਸੂਰ ਹੈ ਕਿ ਮੈਂ ਕਰਦਾ ਨਾ ਜਾ ਸਕਿਆ? ਕਰਦਾ ਵੀ ਕੀ ਮੈਂ?"

"ਖੈਰ, ਹੁਣ ਸਭ ਕੁਝ ਖ਼ਤਮ ਹੋ ਗਿਆ ਹੈ!" ਜਾਗਦੇ ਰਹਿਣ ਲਈ ਸਿਗਾਰ ਬਾਲ ਦਿਆਂ, ਉਹਦੇ ਦੋਸਤ ਨੇ ਕਿਹਾ। "ਸਿਰਫ਼ ਇਹ ਹੈ ਕਿ ਤੂੰ ਕਦੀ ਪਿਆਰ ਨਹੀਂ ਕੀਤਾ, ਤੇ ਤੈਨੂੰ ਪਤਾ ਨਹੀਂ, ਪਿਆਰ ਹੁੰਦਾ ਕੀ ਹੈ!"

ਭੇਡ ਦੀ ਖਲ ਦੇ ਕੋਟ ਵਾਲਾਂ ਆਦਮੀ ਫੇਰ ਬੋਲਣ ਲਗਾ ਸੀ, ਤੇ ਉਹਨੇ ਆਪਣੇ ਹਥ ਸਿਰ ਉਤੇ ਰਖ ਲਏ ਸਨ, ਪਰ ਜੁ ਕੁਝ ਉਹ ਕਹਿਣਾ ਚਾਹੁੰਦਾ ਸੀ, ਕਹਿ ਨਾ ਸਕਿਆ।

"ਕਦੀ ਪਿਆਰ ਨਹੀਂ ਕੀਤਾ!... ਹੂੰ, ਬਿਲਕੁਲ ਠੀਕ ਹੈ, ਮੈਂ ਕਦੀ ਨਹੀਂ ਕੀਤਾ! ਪਰ, ਅਖ਼ੀਰ, ਮੇਰੇ ਅੰਦਰ ਪਿਆਰ ਕਰਨ ਦੀ ਰੀਝ ਮੌਜੂਦ ਹੈ, ਤੇ ਰੀਝ ਤੋਂ ਬਹੁਤੇ ਜ਼ੋਰ ਵਾਲੀ ਚੀਜ਼ ਹੋਰ ਕੋਈ ਨਹੀਂ ਹੁੰਦੀ! ਪਰ ਤਾਂ, ਫੇਰ, ਇਹੋ ਜਿਹਾ ਪਿਆਰ ਹੁੰਦਾ ਵੀ ਹੈ? ਹਮੇਸ਼ਾ ਹੀ ਕੁਝ ਨਾ ਕੁਝ ਅਪੂਰਨ ਰਹਿ ਜਾਂਦਾ ਹੈ। ਚੰਗਾ! ਗੱਲਾਂ ਕਰੀ ਜਾਣ ਦਾ ਕੀ ਫ਼ਾਇਦਾ ਹੈ? ਮੈਂ ਜ਼ਿੰਦਗੀ ਦਾ ਨਾਸ ਮਾਰ ਦੇ ਰਖ ਦਿਤਾ ਹੈ। ਪਰ ਖੈਰ, ਹੁਣ ਸਭ ਕੁਝ ਖ਼ਤਮ ਹੋ ਗਿਆ ਹੈ; ਤੂੰ ਬਿਲਕੁਲ ਠੀਕ ਕਿਹਾ ਹੈ। ਤੇ ਮੈਨੂੰ ਲਗਦਾ ਹੈ, ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਿਹਾਂ।"

"ਜਿਹਦਾ ਤੂੰ ਫੇਰ ਨਾਸ ਮਾਰ ਕੇ ਰਖ ਦੇਵੇਂਗਾ,"ਉਸ ਆਦਮੀ ਨੇ ਆਖਿਆ, ਜਿਹੜਾ ਘੜੀ ਦੇ ਬਟਨ ਨਾਲ ਖੇਡਦਾ ਸੋਫ਼ੇ ਉਤੇ ਲੇਟਿਆ ਪਿਆ ਸੀ। ਪਰ ਮੁਸਾਫ਼ਰ ਨੇ ਉਹਦੀ ਗਲ ਨਾ ਸੁਣੀ।