ਪੰਨਾ:ਖੁਲ੍ਹੇ ਘੁੰਡ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਧੁਰ ਅੰਦਰ, ਦਿਲ ਹਰਿਮੰਦਰ ਵਿੱਚ, ਨੀਲੇ
ਪਾਣੀਆਂ ਦੀਆਂ ਲਾਲ ਰੰਗ ਮਸਤ ਲਹਰਾਂ
ਤੇ ਜਗਦੀ,
ਸੂਰਜ ਰੋਜ਼ ਨਿਕਲਦਾ, ਇਹ ਉਹਦਾ ਘਰ ਹੈ !!
ਦੇਵੀ ਤੇ ਦੇਵਤੇ ਅਨਡਿਠੇ, ਅਦ੍ਰਿਸ਼ਟ ਦੇ ਨੈਣਾਂ ਦੀ ਜੋਤ
ਲੈਣ ਆਉਂਦੇ,
ਦੇਖ, ਦੇਖ, ਉਸ ਜੋਤ ਨਾਲ, ਛੋਹ ਜੀਵੀ, ਛੋਹ ਪੀਵੀ,
ਛੋਹ ਥੀਵੀ, ਮੈਂ ਇਕ ਜੋਤ ਹਾਂ !!
ਪਰ ਖੁਸ਼ੀ ਜਰੀ ਨਹੀਂ ਜਾਂਦੀ, ਮੈਂ ਅੱਗੇ, ਪਿੱਛੇ ਫਿਰਦੀ,
ਜੋਤਾਂ ਜਗਦੀਆਂ ਤੱਕਦੀ, ਜਗਾਂਦੀ, ਹੱਸਦੀ,
ਖੇਡਦੀ,
ਆਪ ਮੁਹਾਰੀ, ਬਉਰਾਨੀ ਜੀ, ਰਾਣੀ ਮੈਂ !!


੧੧-ਮੰਜ਼ਲ ਅੱਪੜਿਆਂ ਦੀ ਰੋਜ਼ ਮੰਜ਼ਲ

ਸੁਹਣੱਪ ਦੇ ਸੋਹਣੇ ਹੋਣ ਦੀ ਹੱਦ ਨਾਂਹ,
ਸੋਹਣੇ ਸਦਾ ਹੋਰ ਸੋਹਣੇ ਹੁੰਦੇ,
ਜਵਾਨੀ ਸਦਾ ਜਵਾਨ ਹੁੰਦੀ,
ਰਸ ਰਸੀਂਦਾ, ਇਹੋ ਤਾਂ ਜਪ ਦਾ ਜਪਣਾਂ,
ਮੰਜ਼ਲ ਮੁੱਕਣ ਦੀ ਕੋਈ ਗਲ ਨਾਂਹ,
ਨਵੀਂ ਨਵੀਂ ਨਿਖਰਦੀ, ਨਜ਼ਾਰਾ ਨਵਾਂ, ਸ੍ਵਾਦ ਨਵਾਂ,
ਦੀਦਾਰ ਨਵਾਂ ਨਵਾਂ ਹੋਵੰਦਾ,
ਮੰਜ਼ਲ ਤਾਂ ਮੋਇਆਂ ਦੀ ਮੁੱਕਦੀ,

੬੪