ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੯)
ਫੁੱਲਾਂ ਦੇ ਗੀਤ ਗਾਉਣੇ ਤੇ ਆਪਣੇ ਅੰਦਰ ਦੇ ਨੰਦਨ ਬਣ ਵਿੱਚ ਸ਼ੂਨ੍ਯ ਹੋਣੇ, ਬੱਸ ਹੁਣ ਮੋਇਆਂ ਨੂੰ ਕਿਉਂ ਛੇੜਦੇ ਹੋ । ਅਜ ੪੯ ਸਾਲ ਵਿੱਚੋਂ ੧੨ ਸਾਲ ਯਾ ੧੫ ਸਾਲ ਕੱਢ ਦਿਓ । ੩੫ ਸਾਲ ਜੇ ਸੰਕਲਪਾਂ ਦੇ ਮਗਰ ਲੱਗਿਆਂ ਕੁਛ ਨਹੀਂ ਬਣਿਆ, ਜੇ ਬਣਿਆ ਹੈ ਤਦ ਉਨ੍ਹਾਂ ਹੀ ਵਿਗਾੜਿਆ ਹੈ । ਕਿਸੇ ਨਾਲ ਆਖਰ ਨਾ ਨਿਭੀ, ਕੀ ਬਣਿਆ, ਸੋ ਹੁਣ ਮਰ ਜਾਓ ਮਤੇ ਮਰ ਕੇ ਕੁਛ ਸਿੱਧ ਹੋਵੇ । ਸਿੱਧ ਨਾ ਹੋਵੇ ਹੁਣ ਅਗੋਂ ਖੇਹ ਤਾਂ ਨਾ ਛਾਣੀਏ, ਘੱਟਾ ਤਾਂ ਮੂੰਹ ਤੇ ਨਾ ਪਵੇ, ਸੂਰਜ ਨੂੰ ਤੱਕੀਏ, ਚੰਨ ਨਾਲ ਹੱਸੀਏ, ਮਤੇ ਸਾਡੇ ਦਿਲ ਦਾ ਚੰਨ ਆਪ ਹੀ ਚੜ੍ਹ ਪਵੇ, ਸਾਡੀ ਵੀ ਈਦ ਦਾ ਦਿਨ ਆਵੇ ਤੇ ਓਹ ਮੌਤ ਸੁਭਾਗੀ ਹੋਵੇ ਜੇ ਸ਼ਰੀਰ ਦੇ ਤੁੜਣ ਉੱਤੇ ਆਪਣੇ ਗੁੰਮੇ ਸ੍ਵਰਗ ਨੂੰ ਮੁੜ ਪ੍ਰਾਪਤ ਹੋ ਸੱਕੀਏ ॥