( ੩ )
ਪ੍ਰਾਪਤੀ ਹੈ। ਕੁੱਲ ਸੰਸਾਰ ਮੇਰੇ ਜੀਵਣ ਨੂੰ ਉਹ ਲਿਸ਼ਕਾਂ ਦੇਣ ਲਈ ਹੈ, ਜਿਨ੍ਹਾਂ ਲਿਸ਼ਕਾਂ ਨੂੰ ਮੈਂ ਖਾ ਖਾ ਕੇ ਆਦਮੀ ਬਣ ਸੱਕਾਂ । ਜਦ ਪਿਆਰ ਅੰਦਰ ਸਥਾਈ ਭਾਵ ਹੋ ਜਾਏ, ਤਦ ਇਕ ਲੱਛਣ ਇਹ ਹੈ, ਕਿ ਉਸ ਬੰਦੇ ਨੂੰ, ਉਸ ਪਿਆਰ ਕਰਨ ਵਾਲੇ ਨੂੰ, ਕੋਈ ਚੀਜ ਇਸ ਜਗਤ ਵਿਚ ਭੈੜੀ ਤੇ ਕਰੂਪ ਨਹੀਂ ਦਿਸਦੀ, ਉਹਦੇ ਨੈਣਾਂ ਵਿੱਚ ਸੁਹਣੱਪ ਦਾ ਇਕ ਨਿੱਕਾ ਨਿੱਕਾ ਮੀਂਹ ਪੈਂਦਾ ਦਿੱਸਦਾ ਹੈ। ਗੁਲਾਬ ਦੇ ਫੁੱਲ ਦਾ ਲਾਲ ਚਲੂਲਾ ਖੇੜਾ ਉਹਦੇ ਆਪਣੇ ਅੰਦਰ ਦੇ ਖੇੜੇ ਦਾ ਵੰਨ ਹੈ । ਤਾਰੇ ਉਹਨੂੰ ਕਿਸੇ ਦੇ ਸਹੰਸ੍ਰ ਨੈਣ ਦਿੱਸਦੇ ਹਨ । ਚਲਦੀ ਨਦੀ ਉਹਦੇ ਮਨ ਦਾ ਇਕ ਸੁਫਨਾ ਗਾਉਂਦਾ ਭਾਸਦਾ ਹੈ। ਪੱਥਰਾਂ ਵਿੱਚ ਰੂਪ ਬਣਦੇ ਤੇ ਬਿਨਸਦੇ ਹਨ । ਅਚਰਜ ਮਾਯਾ ਦੇ ਰੰਗਾਂ ਦੇ ਭੇਤ ਉਹਦੇ ਦਿਲ ਦੇ ਚਾ ਵਿੱਚ ਖੁੱਲ੍ਹਦੇ ਹਨ ।।
ਪਿਆਰ ਨਿਰੋਲ ਰੂਪ ਵਿੱਚ ਜੀਂਦਾ, ਪਲਦਾ, ਰਹਿੰਦਾ ਤੇ ਸ੍ਵਾਸ ਲੈਂਦਾ ਹੈ। ਪਿਆਰ ਸ਼ੂਨਯ ਫਿਲਸਫੇ ਦੇ "ਸ਼ੂਨਯ" ਵਿਚ ਮਰ ਜਾਂਦਾ ਹੈ। ਜਿੱਥੇ ਰੂਪ ਦਾ ਅਭਾਵ ਹੋਵੇ ਉਹਦਾ ਉੱਥੇ ਪਹਿਲਾਂ ਤਾਂ ਸਾਹ ਘੁਟਦਾ ਹੈ ਤੇ ਜੇ ਫਿਰ ਹੋਰ ਵੀ ਦਬਾ ਪਵੇ ਉਹ ਮਰ ਜਾਂਦਾ ਹੈ, ਜੀ ਨਹੀਂ ਸੱਕਦਾ । ਰੂਪ ਸੁਹਣੱਪ ਦਾ ਆਪਣਾ ਨਾਮ ਹੈ, ਬਿਨਾ ਸੁਹਣੱਪ ਦੇ ਧਾਰੇ ਅਨੇਕ ਰੂਪਾਂ ਰੰਗਾਂ ਦੀ ਸੁਗੰਧੀ ਦੇ ਪਿਆਰ ਜੀ ਨਹੀਂ ਸੱਕਦੇ, ਪਰ ਸੁੱਚੇ ਦਿਵ੍ਯ ਪਿਆਰ ਦਾ ਖ਼ਾਸਾ ਹੈ, ਕਿ ਉਹ ਉਨ੍ਹਾਂ ਧਾਰੇ