ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੩੦ )
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ।
ਮਿਰੀ ਨਾਲ ਚਾਂਦਨੀ ਖੇਲ,
ਰਾਤ ਰਲ ਖੇਲੀਏ।
ਮੈਂ ਮਸਤ ਆਪਣੇ ਹਾਲ,
ਮਗਨ ਗੰਧ ਆਪਣੀ।
ਹਾਂ ਦਿਨ ਨੂੰ ਭੌਰੇ ਨਾਲ,
ਬਿ ਮਿਲਨੋਂ ਸੰਗਦਾ।
ਆ ਸ਼ੋਖੀ ਕਰਕ ਪੌਣ,
ਜਦੋਂ ਗਲ ਲਗਦੀ।
ਮੈਂ ਨਾਹੇਂ ਹਲਾਵਾਂ ਧੌਣ,
ਵਾਜ ਨਾ ਕੱਢਦਾ।
ਹੋ, ਫਿਰ ਭੀ ਟੁੱਟਾਂ, ਹਾਏ!
ਭਿਛੋੜਨ ਵਾਲਿਓ।
ਮਿਰੀ ਭਿਨੀ ਹੈ ਖ਼ੁਸ਼ਬੋਇ,
ਕਿਵੇਂ ਨਾ ਛਿਪਦੀ।
ਮਿਰੀ ਛਿਪੇ ਰਹਣ ਦੀ ਚਾਹਿ,
ਤੇ ਛਿਪ ਟੁਰ ਜਾਣ ਦੀ।
ਹਾ! ਪੂਰੀ ਹੁੰਦੀ ਨਾਂਹਿ,
ਮੈਂ ਤਰਲੇ ਲੈ ਰਿਹਾ॥