ਪੰਨਾ:ਖੁਲ੍ਹੇ ਲੇਖ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਹੋ ਵਗਦਾ ਹੈ, ਸਤੋਗੁਣ ਸ਼ਾਂਤੀ ਦਾ ਮੀਂਹ ਅੰਦਰ ਬਾਹਰ ਪੈਂਦਾ ਹੈ ਤੇ ਅਨੰਤ ਰਸ ਦੀ ਚੰਚਲ ਬਿਹਬਲਤਾ ਵਿੱਚ ਇਕ ਬੱਝ ਰਸ-ਸਮਾਧੀ ਦਾ ਰੰਗ ਹੁੰਦਾ ਹੈ, ਉਹ ਕਵਿਤਾ ਹੈ! ਸੁਹਣਪ ਦੀ ਖਿੱਚ ਖਾਕੇ ਰੋਮ ਰੋਮ ਦੇ ਖਿਚੀਣ ਦੀ ਬੇਚੈਨੀ ਦਾ ਜਿੰਦਾ ਰਸ ਹੈ. ਜੀ, ਸੁਰਤ, ਮਨ ਆਦਿ ਓਸ ਖਿੱਚ ਵਿੱਚ ਸਦਾ ਅਫੁਰ, ਅਡੋਲ, ਜਲ ਵਿੱਚ ਮੀਨ ਵਾਂਗ ਰਸ ਭਿੱਜੇ, ਰਸ ਗੁੱਝੇ, ਰਸ ਡੱਬੇ, ਰਸ ਰੂਪ ਹੁੰਦੇ ਹਨ, ਪਰਮ ਨਿੱਸਲਤਾ ਤੇ ਸਮਾਧੀ ਬੀ ਅਵਸਥਾ ਹੈ, ਜੇਹੜੀ ਆਪਣੀ ਅੰਦਰਲੀ ਰਸਕ ਸੁਤੰਤਤਾ ਤੇ ਆਤਮ ਰਸ ਲੀਨਤਾ ਵਿੱਚ ਬੇਪ੍ਰਵਾਹ ਹੋ ਠਹਿਰ ਚੁੱਕੀ ਹੈ, ਟਿਕ ਗਈ ਹੈ । ਇਸ ਟਿਕਾ ਦਾ ਨਾਂ ਕਵਿਤਾ ਹੈ ਅਰ ਕਵਿਤਾ ਨਿਰੀ ਅੱਖਰਾਂ ਵਿੱਚ ਰਾਗ ਗੋਦ ਦਾ ਨਾਮ ਨਹੀਂ, ਇਹ ਤਾਂ ਇਕ ਜੀਵਨ-ਆਵੇਸ਼ ਹੈ, ਜਿਹੜਾ ਪੱਥਰਾਂ ਵਿੱਚ, ਚਿੱਤਾਂ ਵਿੱਚ, ਆਪਣੇ ਹੱਥ ਦੀਆਂ ਕਿਰਤਾਂ ਵਿੱਚ, ਆਪਣੀ ਪਿਆਰ-ਸੇਵਾ ਵਿੱਚ, ਆਪਣੇ ਹਰ ਖਿਆਲ, ਕੰਮ ਕਾਜ ਵਿੱਚ, ਜਿੱਥੇ ਕਿਧਰੇ ਰਾਗ-ਗੋਦ ਗੂੰਦ ਦੇਂਦਾ ਹੈ। ਕੋਈ ਸਮਾਂ ਹੁੰਦਾ ਹੈ, ਰਸ ਦੀ ਫੁਹਾਰ ਨੈਣਾਂ ਥੀਂ ਵਹਿੰਦੀ ਹੁੰਦੀ ਹੈ। ਹੋਠ ਖੁਲੇ ਹੁੰਦੇ ਹਨ ਤੇ ਉਨਾਂ ਥੀਂ ਭਰੇ ਰਸ ਮਨੁੱਖ ਦਾ ਰੰਗ ਤੇ ਲਾਲੀਆਂ ਬਾਹਰ ਹੋ ਰਹੀਆਂ ਹੁੰਦੀਆਂ ਹਨ । ਉਸ ਵਕਤ ਉਹ ਕਵਿਤਾ ਦੇ ਆਵੇਸ਼ ਵਿੱਚ ਹੈ ਓਹਦੀ ਨਾੜ ਨਾੜ ਉੱਠਦੀ ਹੈ, ਓਹਦੀ ਛੋਹ ਰਾਗ ਗੋਂਦ ਹੁੰਦੀ ਹੈ, ਓਹਦੀ ਤੱਕ ਵਿੱਚ ਅਸਰ ਹੁੰਦਾ ਹੈ ।