ਪੰਨਾ:ਖੂਨੀ ਗੰਗਾ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

()

ਸਵੇਰ ਤੋਂ ਇਕ ਤਰ੍ਹਾਂ ਦੀ ਬੇਚੈਨੀ ਚਾਰੇ ਪਾਸੇ ਖਿਲਰੀ ਹੋਈ ਜਾਪਦੀ ਸੀ। ਉਹ ਲੋਕ ਜੋ ਰਕਤ ਮੰਡਲ ਦੇ ਖੂਨੀ ਉਪਾਵਾਂ ਨੂੰ ਪਸੰਦ ਕਰਦੇ ਸਨ, ਜੋ ਇਹ ਨਹੀਂ ਵੇਖ ਸਕਦੇ ਸਨ ਕਿ ਉਹਦਾ ਚੁਣਿਆਂ ਹੋਇਆ ਰਸਤਾ ਕਿੰਨਾਂ ਖਤਰਨਾਕ ਹੈ, ਜੋ ਵਰਤਮਾਨ ਦੇ ਸਾਹਮਣੇ ਭਵਿਖਤ ਨੂੰ ਸੋਚਣ ਦੀ ਸ਼ਕਤੀ ਨਹੀਂ ਰਖਦੇ ਸਨ, ਮਨ ਵਿਚ ਪ੍ਰਸੰਨ ਹੋ ਰਹੇ ਸਨ। ਉਹ ਸੋਚ ਰਹੇ ਸਨ ਕਿ ਅੱਜ ਰਕਤ ਮੰਡਲ ਇਕ ਇਹੋ ਜਿਹੀ ਸੱਟ ਮਾਰੇਗਾ ਕਿ ਜ਼ਾਲਮ ਸਰਕਾਰ ਉਹਦੀ ਪੀੜ ਨਾਲ ਚੀਕਾਂ ਮਾਰ ਉਠੇਗੀ। ਇਹਦਾ ਨਤੀਜਾ ਕੀ ਹੋਵੇਗਾ ਇਹ ਸੋਚਣ ਦੀ ਨਾਂ ਉਨ੍ਹਾਂ ਦੀ ਸ਼ਕਤੀ ਸੀ ਨਾਂ ਪ੍ਰਵਾਹ ਸੀ, ਉਹ ਏਨੇ ਨਾਲ ਹੀ ਪ੍ਰਸੰਨ ਸਨ ਕਿ (ਉਨ੍ਹਾਂ ਦੇ ਕਹਿਣ ਅਨੁਸਾਰ) ਜੋ ਇਸ ਦੇਸ ਨੂੰ ਚੂਸ ਰਹੇ ਹਨ ਉਨ੍ਹਾਂ ਨੂੰ ਇਹਦੀ ਕੁਝ ਸਜਾ ਮਿਲੇਗੀ।

ਪ੍ਰੰਤੂ ਉਹ ਲੋਕ ਜੋ ਇਸ ਖਿਆਲ ਦੇ ਉਲਟ ਸਨ, ਜੋ ਅਸਲ ਵਿਚ ਸਚਾਈ ਨਾਲ ਇਹ ਸੋਚਦੇ ਸਨ ਕਿ ਬਦੇਸ਼ੀਆਂ ਦੇ ਆਉਣ ਨਾਲ ਇਸ ਰਾਜ ਦਾ ਭਲਾ ਹੋਇਆ ਹੈ ਬਦੇਸ਼ੀ ਵਪਾਰੀਆਂ ਨੇ ਵੀਹਾਂ ਪੰਝੀਆਂ ਵਰ੍ਹਿਆਂ ਵਿਚ ਜੋ ਕੁਝ ਕਰ ਦਿਤਾ ਹੈ ਉਹ ਸੈਂਕੜੇ ਵਰ੍ਹਿਆਂ ਦੇ ਦੇਸੀ ਧੰਧੇ ਨਹੀਂ ਕਰ ਸਕੇ, ਜੋ ਜਾਗਰਤਾ ਬਦੇਸ਼ੀ ਵਿਦਿਆ ਨਾਲ ਕੁਝ ਸਾਲਾਂ ਵਿਚ ਆ ਗਈ ਹੈ ਉਹ ਸੈਂਕੜਿਆਂ ਵਰ੍ਹਿਆਂ ਵਿਚ ਨਹੀਂ ਆ ਸਕੀ, ਉਹ ਲੋਕ ਜੋ ਬਦੇਸ਼ੀਆਂ ਦਾ ਆਉਣਾ ਅਸਲ ਵਿਚ ਇਸ ਰਾਜ ਦੇ ਸੁਭਾਗ ਦਾ ਕਾਰਨ ਸਮਝਦੇ ਸਨ, ਮਨ ਵਿਚ ਬੜੇ ਦੁਖੀ ਹੋ ਰਹੇ ਸਨ। ਹੋਰਨਾਂ ਵਾਂਗ ਉਨ੍ਹਾਂ ਦੇ ਦਿਲ ਵਿਚ ਇਹ ਵਿਸ਼ਵਾਸ਼ ਤਾਂ ਕੰਮ ਕਰ ਰਿਹਾ ਸੀ ਕਿ ਰਕਤ ਮੰਡਲ ਦੀ ਧਮਕੀ ਕੋਰੀ ਧਮਕੀ ਹੀ ਨਹੀਂ ਸਾਬਤ ਹੋਵੇਗੀ ਅਤੇ ਕੁਝ ਨਾਂ ਕੁਝ ਅਸਰ ਜ਼ਰੂਰ ਵਿਖਾਏਗੀ ਅਤੇ ਉਹ ਆਪਣੀ ਇਸ ਨਵੀਂ ਕਰਤੂਤ ਨਾਲ ਇਸ ਅਭਾਗੇ ਰਾਜ ਨੂੰ ਪਤਨ ਦੇ ਟੋਏ ਵਿਚ ਡੇਗਨ ਲਈ ਇਕ ਠੁਹਕਰ ਹੋਰ ਮਾਰੇਗਾ, ਇਹ ਸੋਚ ਸੋਚ ਇਹੋ ਜਹੇ ਲੋਕੀਂ ਦੁਖੀ ਹੋ ਰਹੇ ਸਨ।

ਖੂਨ ਦੀ ਗੰਗਾ-੪

੧੦.