ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

391
ਸੁਣ ਨੀ ਕੁੜੀਏ ਚੂੜੇ ਵਾਲੀਏ
ਫਿਰਦੀ ਬੰਨੇ ਬੰਨੇ
ਖੇਤ ਪਟਾਕ ਸਾਰਾ ਚੁਗ ਲਿਆ
ਨਾਲੇ ਪੱਟੇ ਗੰਨੇ
ਤੈਂ ਮੈਂ ਮੋਹ ਲਿਆ ਨੀ-
ਕੂੰਜ ਪਤਲੀਏ ਰੰਨੇ
392
ਸੁਣ ਨੀ ਕੁੜੀਏ ਨੱਚਣ ਵਾਲੀਏ
ਤੂੰ ਤਾਂ ਲੱਗਦੀ ਪਿਆਰੀ
ਤੇਰੀ ਭੈਣ ਨਾਲ ਵਿਆਹ ਕਰਾਵਾਂ
ਤੈਨੂੰ ਬਣਾਵਾਂ ਸਾਲੀ
ਆਪਾਂ ਦੋਵੇਂ ਚਲ ਚਲੀਏ
ਬਾਹਰ ਬੋਤੀ ਝਾਂਜਰਾਂ ਵਾਲੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਗੀ ਸਤਾਰਿਆਂ ਵਾਲੀ
ਗਿਰਦੀ ਨੂੰ ਗਿਰ ਪੈਣ ਦੇ
ਪਿੰਡ ਚੱਲਕੇ ਕਰਾਦੂੰ ਚਾਲੀ
ਨਿਮ ਨਾਲ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ
393
ਸੁਣ ਨੀ ਕੁੜੀਏ ਬਿਨ ਮੁਕਲਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਪੇਕਿਆਂ ਦੇ ਪਿੰਡ ਕੁੜੀਏ
ਧਾਰੀ ਬੰਨ੍ਹ ਸੁਰਮਾਂ ਨਾ ਪਾਈਏ
ਮਿੱਤਰਾਂ ਦੇ ਬੋਲਾਂ ਦਾ
ਕਦੇ ਵੱਟਾ ਨਾ ਲਾਹੀਏ
ਇੱਟ ਚੁਕਦੇ ਨੂੰ ਪੱਥਰ ਚੁੱਕੀਏ
ਤਾਹੀਂ ਬਰਾਬਰ ਆਈਏ
ਅਗਲੇ ਦੇ ਘਰ ਕੁੜੀਏ
ਕਦੇ ਸੱਦੇ ਬਾਝ ਨਾ ਜਾਈਏ
ਕੀਤੇ ਬੋਲਾਂ ਨੂੰ-
ਸਿਰ ਦੇ ਨਾਲ ਨਿਭਾਈਏ
394
ਸੁਣ ਨੀ ਕੁੜੀਏ ਕਾਂਟਿਆਂ ਵਾਲੀਏ
ਕਾਂਟਿਆਂ ਦਾ ਲਿਸ਼ਕਾਰਾ

128