ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਉਹਾਰ ਆਖਦੇ ਹਨ! ਤੀਆਂ ਦੇ ਗਿੱਧੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ- ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਹਾਵ-ਭਾਵ ਪ੍ਰਗਟਾਉਣ ਲਈ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ! ਇਹਨਾਂ ਬੋਲੀਆਂ ਰਾਹੀਂ ਮੁਟਿਆਰਾਂ ਆਪਣੇ ਦਿਲਾਂ ਦੇ ਗੁੱਭ ਗੁਭਾਟ ਕੱਢਦੀਆਂ ਹਨ ਗਿੱਧਾ ਪਾਉਣ ਵੇਲੇ ਮੁੱਟਿਆਰਾਂ ਘਰ ਦੇ ਮੋਕਲੇ ਵਿਹੜੇ ਵਿੱਚ ਇੱਕ ਗੋਲ ਚੱਕਰ (ਦਾਇਰਾ) ਬਣਾ ਕੇ ਖੜੋ ਜਾਂਦੀਆਂ ਹਨ। ਕਈ ਵਾਰ ਗੱਭੇ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬੈਠ ਜਾਂਦੀ ਹੈ.....ਖੜੋਤੀਆਂ ਕੁੜੀਆਂ ਆਪਣੇ ਹੱਥਾਂ ਨਾਲ ਇੱਕ ਤਾਲ ਤਾੜੀ ਮਾਰਦੀਆਂ ਹਨ .....ਢੋਲਕ ਬਜਦੀ ਹੈ .... ਖੜੋਤੀਆਂ ਵਿੱਚੋਂ ਇੱਕ ਜਣੀ ਆ ਕੇ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੈ ਜਦ ਉਹ ਬੋਲੀ ਦਾ ਅੰਤਮ ਟੱਪਾ, ਜਿਸ ਨੂੰ ਤੋੜਾ ਵੀ ਆਖਦੇ ਹਨ, ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਮੁਟਿਆਰਾਂ ਉਸ ਟੱਪੇ ਨੂੰ ਚੁੱਕ ਲੈਂਦੀਆਂ ਹਨ।ਭਾਵ ਇਹ ਉਹ ਉਸ ਨੂੰ ਉੱਚੀ ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਬਜਾ ਕੇ ਤਾਲ ਦੇਂਦੀਆਂ ਹਨ ਤੇ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ! ਇਹ ਨਾਚ ਉਦੋਂ ਭਖਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲਕੇ ਗਾਉਂਦੀਆਂ ਹਨ।ਨੱਚਣ ਵਾਲੀਆਂ ਮੁਟਿਆਰਾਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦੇਂਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਨਾਚੀਆਂ ਨੱਚਦੀਆਂ ਰਹਿੰਦੀਆਂ ਹਨ... ਨੱਚਦੀਆਂ ਕੁੜੀਆਂ ਹਾਲੋਂ ਬੇਹਾਲ ਹੋ ਜਾਂਦੀਆਂ ਹਨ।ਪਿੜ ਦੇ ਬੋਲੀ ਛੱਡਣ ਤੇ ਹੀ ਕੁੜੀਆਂ ਨੱਚਣਾ ਬੰਦ ਕਰਕੇ ਉਹਨਾਂ ਨਾਲ ਆ ਰਲਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਚੁੱਕੀ ਜਾਂਦੀ ਹੈ ਤੇ ਗਿੱਧਾ ਮੱਘਦਾ ਰਹਿੰਦਾ ਹੈ। ਔਰਤਾਂ ਦੇ ਗਿੱਧੇ ਨੂੰ ਮਰਦ ਨਹੀਂ ਵੇਖਦੇ! ਜਿਸ ਕਰਕੇ ਮੁੱਟਿਆਰਾਂ ਨਸੰਗ ਹੋ ਕੇ ਗਿੱਧਾ ਪਾਉਂਦੀਆਂ ਹਨ! ਪੰਜਾਬ ਦੀ ਔਰਤ ਸਦੀਆਂ ਤੋਂ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੀ ਆਈ ਹੈ। ਉਹ ਆਪਣੇ ਮਨੋਭਾਵਾਂ ਨੂੰ ਦਬਾਉਂਦੀ ਰਹੀ ਹੈ—ਪੇਕੀਂ ਵੀ ਬੰਦਸ਼ਾਂ ਸਹੁਰੀਂ ਵੀ ਤਾੜਨਾ। ਪੇਕੀਂ ਬਾਬਲ, ਭਰਾ, ਚਾਚੇ-ਤਾਇਆਂ ਦੀਆਂ ਝਿੜਕਾਂ ਸਹੁਰੀਂ ਕੁਪੱਤੀ ਸੱਸ, ਜਿਠਾਣੀ, ਨਣਦ ਅਤੇ ਅੜਬ ਪਤੀ ਵਲੋਂ ਅਣਮਨੁੱਖੀ ਤੇ ਅਣਸੁਖਾਵਾਂ ਵਰਤਾਰਾ....ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ। ਗਿੱਧਾ ਪੰਜਾਬਣਾਂ ਦਾ ਇੱਕ ਅਜਿਹਾ ਪਿੜ ਹੈ ਜਿੱਥੇ ਉਹ ਨਸੰਗ ਹੋ ਕੇ ਆਪਣੇਂ ਦਿਲਾਂ ਦੇ ਅਰਮਾਨ ਪੂਰੇ ਕਰਦੀਆਂ ਹਨ! ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਨਚਦੀਆਂ ਹੋਈਆਂ ਮੁੱਟਿਆਰਾਂ ਆਪਣੀਆਂ ਅਤ੍ਰਿਪਤ ਕਾਮਨਾਵਾਂ ਦਾ ਪ੍ਰਗਟਾਵਾ ਗਿੱਧੇ ਦੀਆਂ ਬੋਲੀਆਂ ਪਾ ਕੇ ਕਰਦੀਆਂ ਹਨ। ਉਹ ਨੱਚਦੀਆਂ ਹੋਈਆਂ ਧੂੜਾਂ ਪੱਟ ਦੇਂਦੀਆਂ ਹਨ, ਉਹ ਬੱਕਰੇ ਬੁਲਾਂਦੀਆਂ ਹਨ, ਤਰ੍ਹਾਂ ਤਰ੍ਹਾਂ ਦੇ ਸਵਾਂਗ ਰਚਦੀਆਂ ਹਨ! ਮਨ ਦਾ ਬੋਝ ਹੌਲਾ ਹੋ ਜਾਂਦਾ ਹੈ.....ਰੂਹਾਂ ਸ਼ਰਸ਼ਾਰ ਹੋ ਜਾਂਦੀਆਂ ਹਨ।.... ਹੋ ਭਾਵੇਂ ਅੱਜ ਕਲ੍ਹ ਸਕੂਲਾਂ ਕਾਲਜਾਂ ਦੀਆਂ ਵਿਦਿਆਥਣਾਂ ਵਲੋਂ ਸੱਭਿਆਚਾਰਕ ਸਮਾਗਮਾਂ ਦੇ ਅਵਸਰ ਤੇ ਆਮ ਦਰਸ਼ਕਾਂ ਲਈ ਗਿੱਧਾ ਪਾਉਣ ਦਾ ਰਿਵਾਜ ਪੈ ਗਿਆ ਹੈ 10