ਇਹ ਸਫ਼ਾ ਪ੍ਰਮਾਣਿਤ ਹੈ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਘਰ ਦੀ ਰੰਨ ਬੁਰਛੇ ਵਰਗੀ
ਧੁਰ ਝਿਊਰੀ ਦੇ ਜਾਵੇ
ਚੰਦਰਾ ਇਸ਼ਕ ਬੁਰਾ-
ਬਿਨ ਪੌੜੀ ਚੜ੍ਹ ਜਾਵੇ
419
ਘਰ ਤਾਂ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋਂ ਕੋਲ਼ੀ ਮਨ੍ਹੇ ਗੱਡਾ ਲੇ
ਗੱਲਾਂ ਕਰਨ ਪਰਾਈਆਂ
ਗੱਲਾਂ ਕਰ ਕਰ ਸਾਧੂ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਚਿੱਪੀ ਫੜ ਕੇ ਮੰਗਣ ਚੜ੍ਹ ਪੇ
ਖ਼ੈਰ ਨਾ ਪਾਉਂਦੀਆਂ ਮਾਈਆਂ
ਫੁੱਲ ਵਾਂਗੂੰ ਤਰਜੇਂ ਗੀ
ਹਾਣ ਦੇ ਮੁੰਡੇ ਨਾਲ ਲਾਈਆਂ
ਲੱਗੀਆਂ ਤ੍ਰਿੰਜਣਾਂ ਦੀਆਂ
ਯਾਦ ਗੱਡੀ ਵਿੱਚ ਆਈਆਂ
ਦੇਖੀਂ ਰੱਬਾ ਚੱਕ ਨਾ ਲਈਂ
ਪੈਰ ਧੋ ਕੇ ਝਾਂਜਰਾਂ ਪਾਈਆਂ
ਪੱਟਤੀ ਆਸ਼ਕ ਨੇ-
ਪਾਵੇ ਖੜੀ ਦੁਹਾਈਆਂ
420
ਚੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕਰਪਾਰੇ
ਧੁੰਨੀ ਤੇਰੀ ਕੌਲ ਸ਼ਰਾਬ ਦਾ
ਪੱਟ ਬੋਤਲੋਂ ਭਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਟਹਿਕਦੇ ਤਾਰੇ
ਰਹਿੰਦੇ ਖੂੰਹਦੇ ਉਹ ਪੱਟ ਲੈਂਦੇ
ਕੰਨਾਂ ਕੋਲ ਦੇ ਵਾਲੇ
ਤੇਰੇ ਬੋਲਾਂ ਨੇ
ਮੈਂ ਪਟਿਆ ਮੁਟਿਆਰੇ
ਦੁਖੀਏ ਆਸ਼ਕ ਨੂੰ-
ਨਾ ਝਿੜਕੀਂ ਮੁਟਿਆਰੇ
137