ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/146

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮੇਰਾ ਯਾਰ ਰੋਟੀ ਨਾ ਖਾਵੇ
ਰੋਟੀ ਖਾ ਯਾਰਾ
ਤੇਰੇ ਲਾਹਦੂੰ ਉਲਾਂਭੇ ਸਾਰੇ
ਬਾਹੀਆਂ ਸਾਲ ਦੀਆਂ
ਲਾਲ ਚੰਨਣ ਦੇ ਪਾਵੇ
ਅੱਜ ਯਾਰ ਲੇਟ ਹੋ ਗਿਆ-
ਮੈਨੂੰ ਨੀਂਦ ਮੂਲ ਨਾ ਆਵੇ
435
ਕਾਲਾ ਕੁੜਤਾ ਸਜੇ ਜੰਜੀਰੀ
ਮੇਰੇ ਯਾਰ ਦਾ ਬਾਣਾ
ਗੋਭੀ ਦੀ ਮੈਂ ਦਾਲ ਬਣਾਵਾਂ
ਮੇਰੇ ਯਾਰ ਦਾ ਖਾਣਾ
ਕੋਠੇ ਉੱਤੇ ਸੇਜ ਬਛਾਵਾਂ
ਜੂੜੇ ਹੇਠ ਸਰਾਹਣਾ
ਪਿਆਰ ਵੰਡਾ ਲੈ ਵੇ-
ਮੈਂ ਪਿਓਕਿਆਂ ਨੂੰ ਜਾਣਾ
436
ਝਾਵਾਂ ਝਾਵਾਂ ਝਾਵਾਂ
ਛੱਡ ਕੇ ਨਮਾਰ ਦਾ ਮੰਜਾ
ਤੇਰੇ ਮੁੰਜ ਦੇ ਮੰਜੇ ਤੇ ਆਵਾਂ
ਸਾਰੀ ਰਾਤ ਰਹਾਂ ਸੇਜ ਤੇ
ਤੇਰੇ ਪਸੰਦ ਨਾ ਆਵਾਂ
ਹੋਵਾਂ ਸੁਰਮਾਂ ਰਮਜਾਂ ਅੱਖਾਂ ਵਿੱਚ
ਦੂਣੀ ਆਬ ਚੜ੍ਹਾਵਾਂ
ਮਰਜਾਂ ਵਿਉਹ ਖਾ ਕੇ-
ਤੇਰੇ ਪਸੰਦ ਨਾ ਆਵਾਂ
437
ਪਹਿਨ ਪਚਰ ਕੇ ਚੜ੍ਹੀ ਪੀਂਘ ਤੇ
ਡਿਗੀ ਹੁਲਾਰਾ ਖਾ ਕੇ
ਯਾਰਾਂ ਉਹਦਿਆਂ ਨੂੰ ਖ਼ਬਰਾਂ ਹੋਈਆਂ
ਬਹਿਗੇ ਢੇਰੀਆਂ ਢਾਹ ਕੇ
ਟੁਟੱਗੀ ਯਾਰੀ ਤੋਂ
ਹੁਣ ਲੰਘਦੀ ਅੱਖ ਬਚਾ ਕੇ

142