ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਰੀ ਦੇਖੀ ਚੰਦ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਹੀਰ ਰਾਂਝੇ ਦੀ
ਫਿਰਦੇ ਜੰਗਲ ਉਜਾੜੀ
ਤੇਰੇ ਮੇਰੇ ਕਰਮਾਂ ਦੀ-
ਲਗ ਗੀ ਪਟੋਲਿਆ ਯਾਰੀ
479
ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਆ ਬੜੀ ਪਟਿਆਲੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲੇ ਆਲੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੱਠੇ ਨਾ ਮਿਲਦੇ ਭਾਲ਼ੇ
ਮੋਤੀ ਚੁੱਗ ਲੈ ਨੀ-
ਕੂੰਜ ਪਤਲੀਏ ਨਾਰੇ
480
ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕੇ
ਘਰ ਆਈ ਨੂੰ ਅੰਮਾਂ
ਵਿੱਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿਜਣਾਂ ਕੁੜੀਆਂ ਝਿੜਕਣ
ਵਿੱਚ ਗਲ਼ੀਆਂ ਦੇ ਰੰਨਾਂ
ਇਹਨੀਂ ਉਹਨੀਂ ਦੋਹੀਂ-ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੋ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ
ਤੈਂ ਮੈਂ ਮੋਹ ਲਈ ਵੇ-
ਮਿੱਠੀਆਂ ਮਾਰ ਕੇ ਗੱਲਾਂ

154