ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

33


ਨੱਕ ਵਿੱਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣਕੇ

34


ਨਿੱਕੀ ਹੁੰਦੀ ਮੈਂ ਰਹੀ ਨਾਨਕੇ
ਖਾਂਦੀ ਦੁਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ-
ਦੇਵੇ ਰੂਪ ਦੁਹਾਈਆਂ

35


ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿੱਚ
ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਰਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ
ਘੁੰਡ ਚੋਂ ਮੈਂ ਅੱਖ ਪਛਾਣੀ
ਖੁਲ੍ਹਕੇ ਨੱਚ ਲੈ ਨੀ-
ਬਣ ਜਾ ਗਿੱਧੇ ਦੀ ਰਾਣੀ

36


ਸਾਵੀ ਸੁੱਥਣ ਵਾਲੀਏ ਮੇਲਣੇ
ਆਈ ਏਂ ਗਿੱਧੇ ਵਿੱਚ ਬਣ ਠਣਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ ਵਿੱਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਂਗੀ
ਨੱਚ ਲੈ ਪਟੋਲਾ ਬਣਕੇ

31