ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਜਾਏ

57
ਟਾਹਲੀ
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ
58
ਹੀਰਿਆਂ ਹਰਨਾਂ ਬਾਗੀ ਚਰਨਾ
ਬਾਗਾਂ ਦੇ ਵਿੱਚ ਟਾਹਲੀ
ਸਾਡੇ ਭਾਅ ਦਾ ਰੱਬ ਰੁੱਸਿਆ
ਸਾਡੀ ਰੁਸਗੀ ਝਾਂਜਰਾਂ ਵਾਲੀ
59
ਟਾਹਲੀ ਵਾਲੇ ਆਜੀਂ ਖੇਤ ਨੂੰ
ਆ ਜੀਂਂ ਬੰਨੇ ਬੰਨੇ
ਚੰਨਣ ਵਰਗੀ ਦੇਹੀ ਤੇਰੀ
ਲਾਟੂ ਵਰਗੇ ਮਮੇ
ਤੈਂ ਮੈਂ ਮੋਹ ਲਿਆ ਨੀ-
ਮਛਲੀ ਵਾਲੀਏ ਰੰਨੇ
60
ਕੌਲ ਕੱਲਰ ਵਿੱਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੇਠੋਂ ਮਚਦੀਆਂ ਤਲੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲ਼ੀਆਂ