ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

70

ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ
71
ਜੇ ਮੁੰਡਿਆਂ ਤੈਂ ਸਹੁਰੀਂ ਜਾਣਾ
ਰਾਹ ਹੈ ਬੇਰੀਆਂ ਵਾਲਾ
ਜੇ ਮੁੰਡਿਆਂ ਨੂੰ ਘਰ ਨੀ ਜਾਣਦਾ
ਘਰ ਹੈ ਚੁਬਾਰੇ ਵਾਲਾ
ਜੇ ਮੁੰਡਿਆਂ ਤੂੰ ਨਾਉਂ ਨੀ ਜਾਣਦਾ
ਨਾਉਂ ਹਰ ਕੁਰ ਤੇ ਦਰਬਾਰਾ
ਰਾਤੀਂ ਧਾੜ ਪਈ-
ਲੁੱਟ ਲਿਆ ਤਖਤ ਹਜ਼ਾਰਾ
72
ਕਿੱਕਰ-ਅੱਕ-ਬੇਰੀਆਂ
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੇ ਪੈਗੇ ਅੱਕ ਵੇ-
ਮਰੋੜੇ ਖਾਵੇ ਲੱਕ ਵੇ
73
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਿਆ ਘਾਹ ਵੇ
ਪੁੱਤ ਮੇਰੇ ਸਹੁਰੇ ਦਿਆ-
ਕਦੇ ਬਣ ਕੇ ਪਰਾਹੁਣਾ ਆ ਵੇ
74
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਂਂਰੀ ਬਾਟਾ
ਸਰਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

40