ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਤਾਰ ਰਾਹੀਂ ਪੁਛਿਆ ਕਿ ਕੀ ਹਿੰਦ ਵਿਚ ਗਦਰ ਆਰੰਭ ਹੋ ਗਿਆ ਹੈ[1]?

'ਗਦਰ ਪਾਰਟੀ ਦਾ ਤੀਸਰਾ ਅੰਦਾਜ਼ਾ (ਜੋ ਜਰਮਨੀ ਅਤੇ ਉਸ ਦੇ ਪਹਿਲੇ ਸੰਸਾਰ ਯੁੱਧ ਦੇ ਸਾਥੀਆਂ ਦਾ ਵੀ ਸੀ) ਵੀ ਗਲਤ ਸਾਬਤ ਹੋਇਆ। ਸਤਵੇਂ ਕਾਂਡ ਵਿਚ ਮੁਖਤਸਰ ਤੌਰ ਉਤੇ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਤੁਰਕੀ ਨੇ ਕਿਉਂ ਆਪਣਾ ਅੰਤਰਰਾਸ਼ਟਰੀ ਰਾਜਸੀ ਜੋੜ ਜਰਮਨੀ ਨਾਲ ਜੋੜਕੇ ਜਰਮਨੀ ਨੂੰ ਬਰਲਨ ਬਗਦਾਦ ਰੇਲਵੇ ਬਨਾਉਣ ਦੀਆਂ ਰਿਆਇਤਾਂ ਦਿਤੀਆਂ। ਬਰਲਨ-ਬਗਦਾਦ ਰੇਲਵੇ ਲਾਈਨ ਦਾ ਜਰਮਨੀ ਦੀ ਸਰਪਰਸੱਤੀ ਵਿਚ ਬਣਨਾ ਅੰਗਰੇਜ਼ੀ ਸਾਮਰਾਜ ਦੇ ਬੁਨਿਆਦੀ ਹਿੱਤਾਂ ਉਤੇ ਵਡੀ ਸੱਟ ਸੀ, ਕਿਉਂਕਿ ਇਸਤਰਾਂ ਜਰਮਨੀ ਦੀ ਤਾਕਤ ਦਾ ਏਸ਼ੀਆ ਵੱਲ ਵਾਧੇ ਲਈ ਦਰਵਾਜ਼ਾ ਖੁਲਦਾ ਸੀ। ਬਲਕਿ ਬਰਲਨ-ਬਗਦਾਦ ਰੇਲਵੇ ਦਾ ਜਰਮਨ ਸਰਪੱਰਸਤੀ ਹੇਠ ਬਣਨਾ ਪਹਿਲੇ ਸੰਸਾਰ ਯਧ ਦੇ ਛਿੜਨ ਦੇ ਵੱਡੇ ਕਾਰਨਾਂ ਵਿਚੋਂ ਇਕ ਸਮਝਿਆ ਜਾਂਦਾ ਹੈ। ਇਸ ਕਰਕੇ ਸੰਨ ੧੯੧੪ ਤੋਂ ਪਹਿਲੋਂ ਇਹ ਮੰਨੀ ਪਰਮੰਨੀ ਗਲ ਸੀ ਕਿ ਕਿਸੇ ਵਡੇ ਅੰਤਰਰਾਸ਼ਟਰੀ ਘੋਲ ਵਿਚ ਤੁਰਕੀ ਜਰਮਨੀ ਦਾ ਸਾਥ ਦੇਵੇਗਾ, ਅਤੇ ਹੋਇਆ ਵੀ ਇਵੇਂ। ਤੁਰਕੀ ਦਾ ਸੁਲਤਾਨ ਨਾ ਕੇਵਲ ਤੁਰਕੀ ਸਲਤਨਤ ਦਾ ਸੁਲਤਾਨ ਸੀ, ਉਹ ਸਾਰੇ ਮੁਸਲਮਾਨਾਂ ਦਾ ਖਲੀਫਾ ਵੀ ਸੀ। ਇਸ ਵਾਸਤੇ ਗਦਰ ਪਾਰਟੀ (ਅਤੇ ਜਰਮਨੀ ਅਤੇ ਉਸ ਦੇ ਸਾਥੀਆਂ) ਨੂੰ ਇਹ ਆਸ ਕਰਨ ਲਈ ਕਾਫੀ ਠੋਸ ਦਲੀਲ ਜਾਪਦੀ ਸੀ ਕਿ ਹਿੰਦ ਦੇ ਮੁਸਲਮਾਨ ਅਤੇ ਗਵਾਂਢੀ ਮੁਸਲਮਾਨ ਦੇਸ ਆਪਣੇ ਖਲੀਫੇ ਦਾ ਹੁਕਮ ਮੰਨ ਕੇ ਅੰਗਰੇਜ਼ ਵਿਰੋਧੀ ਤਾਕਤਾਂ ਦਾ ਸਾਥ ਦੇਣਗੇ। ਹਿੰਦੁਸਤਾਨ ਉਤੇ ਕਬਜ਼ਾ ਕਾਇਮ ਰੱਖਣ ਖਾਤਰ ਗਵਾਂਢੀ ਮੁਸਲਮਾਨ ਦੇਸਾਂ ਨੂੰ ਆਪਣੇ ਕਾਬੂ ਰੱਖੀ ਰੱਖਣਾ ਅੰਗਰੇਜ਼ੀ ਸਾਮਰਾਜੀ ਹਿੱਤਾਂ ਲਈ ਕਿਤਨਾ ਜ਼ਰੂਰੀ ਸੀ, ਇਸ ਬਾਰੇ ਬਰਿਟੇਸ਼ ਪਾਰਲੀਮੈਂਟਾਂ ਵਿਚ ਇਸ ਸੰਬੰਧੀ, ਅਤੇ ਉਸ ਸਮੇਂ ਸੰਬੰਧੀ ਹਿੰਦ ਬਾਰੇ ਹੋਈਆਂ ਤਕਰੀਰਾਂ ਦੀਆਂ ਰੀਪੋਟਾਂ ਨੂੰ ਪੜ੍ਹਣ ਤੋਂ ਕੁਝ ਚਾਨਣਾ ਪੈਂਦਾ ਹੈ। ਡਾਰਡਨਲਜ਼ ਦੀ ਮੁਹਿੰਮ ਇਸੇ ਖਾਤਰ ਕੀਤੀ ਗਈ[2],ਅਤੇ ਸਰਕਾਰ ਹਿੰਦ ਨੇ ਵਜ਼ੀਰ ਹਿੰਦ ਉਤੇ ੬ ਅਕਤੂਬਰ ਨੂੰ ਤਾਰ ਰਾਹੀਂ ਜ਼ੋਰ ਦਿੱਤਾ ਕਿ ਬਗਦਾਦ ਨੂੰ ਸਰ ਕਰਨਾ ਕਿਉਂ ਜ਼ਰੂਰੀ ਹੈ[3]। ਉਸ ਸਮੇਂ ਦੇ ਵਾਇਸਰਾਏ ਲਾਰਡ ਹਾਰਡਿੰਗ ਵੀ ਇਸ ਗਲ ਨੂੰ ਮੰਨਦੇ ਹਨ ਕਿ ਵਿਰੋਧੀ ਅਫ਼ਗਾਨਸਤਾਨ ਠੀਕ ਹੀ ਖ਼ਤਰੇ ਦਾ ਕਾਰਨ ਹੋ ਸਕਦਾ ਸੀ[4]। ੧੮੫੭ ਦੇ ਗਦਰ ਪਿਛੋਂ ਇਹ ਪਹਿਲੀ ਵੇਰ ਸਪੱਸ਼ਟ ਸੰਭਾਵਨਾ ਦਿਸ ਰਹੀ ਸੀ ਕਿ ਦੇਸ ਦੇ ਮੁਸਲਮਾਨ ਵੀ ਅੰਗਰੇਜ਼ ਵਿਰੋਧੀ ਅੰਦੋਲਨ ਦਾ ਸਾਥ ਦੇਣਗੇ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਕੇਵਲ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕਢਣ ਦੇ ਨਜ਼ਰੀਏ ਤੋਂ, ਹਿੰਦ ਦੇ ਮੁਸਲਮਾਨਾਂ ਅਤੇ ਗਵਾਂਢੀ ਮੁਸਲਮਾਨ ਤਾਕਤਾਂ (ਖਾਸ ਕਰ ਸਰਹੱਦੀ ਕਬਾਇਲੀਆਂ ਅਤੇ ਅਫਗਾਨਿਸਤਾਨ) ਦੀ ਹਮਾਇਤ ਅਤੇ ਮੱਦਦ, ਅੰਗਰੇਜ਼ੀ ਹਕੂਮਤ ਵਿਰੁਧ ਇਨਕਲਾਬੀ ਮੁਹਿੰਮ ਦਾ ਇਕ ਬਹੁਤ ਜ਼ਰੂਰੀ ਅੰਗ ਬਣ ਸਕਦੀ ਸੀ। ਇਹ ਵੱਖਰੀ ਗਲ ਹੈ ਕਿ ਅੰਗਰੇਜ਼ਾਂ ਦੇ ਦੱਬਦਬੇ ਜਾਂ ਚਤਰ ਨੀਤੀ ਦੇ ਕਾਰਨ ਇੰਞ ਨਾ

ਹੋ ਸਕਿਆ, ਪਰ ਗਦਰ ਪਾਰਟੀ ਦਾ ਆਪਣੇ ਨਜ਼ਰੀਏ ਤੋਂ ਅਜਿਹੇ ਦੁਰਲੱਭ ਮੌਕਿਆ ਨੂੰ ਹਥੋਂ ਨਾ ਗਵਾਉਣ ਦਾ ਵੀਚਾਰ ਨਿਰਸੰਦੇਹ ਨਿੱਗਰ ਸੀ।

ਕਿਸੇ ਲਹਿਰ ਜਾਂ ਪਲੈਨ ਦੇ ਫੇਲ ਹੋ ਜਾਣ ਪਿਛੋਂ ਨਕਤੇ ਕਢਣੇ ਸੌਖੇ ਹੁੰਦੇ ਹਨ ਕਿ ਇੰਞ ਹੋਣਾ ਚਾਹੀਦਾ ਸੀ ਅਤੇ ਇੰਞ ਨਹੀਂ। ਪਰ ਗਦਰ ਪਾਰਟੀ ਦੇ ਸਾਹਮਣੇ ਜੋ ਵੀਚਾਰ ਸਨ ਅਤੇ ਓਦੋਂ ਦੇ ਹਾਲਾਤ ਨੂੰ ਮੁਖ ਰਖਦਿਆਂ ਹੋਇਆਂ, ਇਹ ਰਾਏ ਕਾਇਮ ਕਰਨੀ ਕਠਨ ਹੋਵੇਗੀ ਕਿ ਗਦਰ ਪਾਰਟੀ ਦਾ ਪਹਿਲੇ ਸੰਸਾਰ ਯੁੱਧ ਦੇ ਹਾਲਾਤ ਤੋਂ ਫਾਇਦਾ ਉਠਾਕੇ ਹਿੰਦ ਵਿਚ ਇਨਕਲਾਬ ਕਰਨ ਲਈ ਹੱਲਾ ਮਾਰਨ ਦਾ ਫੈਸਲਾ ਮੁਖ ਰੂਪ ਵਿਚ ਗਲਤ ਸੀ। ਇਸ ਬਾਰੇ ਰਾਏ ਕਾਇਮ ਕਰਨ ਲਗਿਆਂ ਗਦਰ ਪਾਰਟੀ ਲਹਿਰ ਦੀ ਅੱਸਫਲਤਾ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ, ਅਤੇ ਨਾ ਹੀ ਉਨ੍ਹਾਂ ਹਿਮਾਲੀਆ ਪਹਾੜ ਜਿਡੀਆਂ ਗਲਤੀਆਂ ਨੂੰ ਜੋ ਗਦਰ ਪਾਰਟੀ ਦੇ ਇਨਕਲਾਬੀਆਂ ਨੇ ਉਪ੍ਰੋਕਤ ਮੁਖ ਫੈਸਲੇ ਨੂੰ ਅਮਲੀ ਜਾਮਾਂ ਪਹਿਨਾਉਣ ਵਿਚ ਕੀਤੀਆਂ। ਬਲਕਿ ਇਨ੍ਹਾਂ ਗਲਤੀਆਂ ਦੇ ਬਾਵਜੂਦ ਗਦਰ ਪਾਰਟੀ ਲਹਿਰ ਕਾਮਯਾਬੀ ਦੇ ਜਿਤਨੀ ਨੇੜੇ ਪੁਜ ਗਈ, ਉਹ ਗਦਰ ਪਾਰਟੀ ਦੇ ਉਪ੍ਰੋਕਤ ਮੁਖ ਫੈਸਲੇ ਦੇ ਠੀਕ ਹੋਣ ਦੇ ਹੱਕ ਵਿਚ ਇਕ ਵੱਡਾ ਸਬਤ ਹੈ।

ਤੇਰਵਾਂ ਕਾਂਡ[5]

ਗਦਰੀ ਇਨਕਲਾਬੀਆਂ ਦੀਆਂ
ਦੇਸ ਵੱਲ ਵਹੀਰਾਂ

ਪਿਛਲੇ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਗਦਰ ਪਾਰਟੀ ਸੰਸਾਰ ਯੁਧ, ਜਿਸ ਵਿਚ ਅੰਗਰੇਜ਼ ਵਸੇ ਹੋਣ, ਨੂੰ ਹਿੰਦ ਵਿਚ ਗਦਰ ਕਰਨ ਲਈ ਕਿਉਂ ਸੁਨੈਹਰੀ ਮੌਕਿਆ ਸਮਝਦੀ ਸੀ। ਗਦਰ ਪਾਰਟੀ ਪਲੈਨ ਦਾ ਇਕ ਅੰਗ ਇਹ ਵੀ ਸੀ ਕਿ ਦੇਸ ਵਾਸੀਆਂ ਵਿਚ ਇਨਕਲਾਬ ਵਾਸਤੇ ਕੁਰਬਾਨੀ ਲਈ ਲੋੜੀਂਦਾ ਜੋਸ਼ ਅਤੇ ਉਤਸ਼ਾਹ ਪੈਦਾ ਕਰਨ ਖਾਤਰ ਗਦਰੀ ਇਨਕਲਾਬੀ ਮੂਹਰਲੀ ਕਤਾਰ ਵਿਚ ਅਗੇ ਲਗਕੇ ਮਿਸਾਲ ਪੇਸ਼ ਕਰਨ। ਸੋ ਪਹਿਲਾ ਸੰਸਾਰ ਯੁੱਧ ਛਿੜਦੇ ਸਾਰ ਹੀ ਗਦਰ ਪਾਰਟੀ ਦਾ ਸਾਰਾ ਤਾਣ ਇਸ ਬੰਨੋ ਲਗ ਗਿਆ। ਗਦਰ ਪਾਰਟੀ ਨੇ ਨਿਯਮਕ ਤੌਰ ਉਤੇ ਕਿਸ ਮੀਟਿੰਗ ਵਿਚ ਅਤੇ ਕਦ ਹਿੰਦ ਨੂੰ ਇਨਕਲਾਬੀਆਂ ਦੇ ਜੱਥੇ ਭੇਜਣ ਦਾ ਫੈਸਲਾ ਕੀਤਾ, ਇਸ ਬਾਰੇ ਪਤਾ ਨਹੀਂ ਲਗ ਸਕਿਆ। ਪਹਿਲੇ ਸਾਜ਼ਸ਼ ਕੇਸ ਦੇ

੭੬


  1. First Case, the Return to India, p. 5.
  2. India in Parliament and Abroad, (1917-1919), H. N. Mitra, pp. 29-35.
  3. Official Reports, Parliamentary Debates (Lords), 1917, Vol. XXV, pp. 734-735.
  4. Hardinge, p. 131.
  5. ਇਸ ਕਾਂਡ ਵਿਚ ਦਿਤੇ ਗਏ ਬਹੁਤੇ ਵਾਕਿਆਤ, ਪਹਿਲੇ ਅਤੇ ਦੂਸਰੇ ਮੁਕੱਦਮਿਆਂ ਦੇ ਫੈਸਲਿਆਂ ਵਿਚ Preparing for the Migration ਅਤੇ The Return to India ਦੀਆਂ ਸੁਰਖੀਆਂ ਹੇਠ ਦਿਤੀ ਵਾਕਫੀਅਤ, ਵਿਚੋਂ ਲਏ ਗਏ ਹਨ।