|
“ਕਈ ਥਾਈਂ ਡਾਕੇ ਮਾਰੋ। “ਸਾਨੂੰ ਸਰਕਾਰ ਉਤੇ ਡਾਕਾ ਮਾਰਨਾ ਚਾਹੀਦਾ ਹੈ ਅਤੇ ਸਾਰੇ ਪੰਜਾਬ ਨੂੰ ਜਗਾਉਣਾ ਚਾਹੀਦਾ ਹੈ। “ਯੂਰਪੀਨਾਂ ਤੋਂ ਪੈਸੇ ਲੁੱਟਕੇ ਆਪਣੀ ਵਰਤੋਂ ਵਿਚ ਲਿਆਓ'। ਉਪ੍ਰੋਕਤ ਹਵਾਲੇ ਦੇਕੇ ਜੱਜ ਲਿਖਦੇ ਹਨ, “ਇਸ ਦੀ ਹੋਂਦ ਵਿਚ ਇਹ ਦਾਅਵਾ ਕਰਨਾ ਨਾ ਮੁਮਕਨ ਹੈ ਕਿ ਡਾਕੇ ਮਾਰਨ ਦਾ ਪ੍ਰੋਗਰਾਮ ਪਿਛੋਂ ਬਣਿਆ। ਇਨ੍ਹਾਂ ਹਵਾਲਿਆਂ ਤੋਂ ਇਲਾਵਾ ਜੱਜ ਵਾਅਦਾ ਮੁਆਫ ਗਵਾਹਾਂ ਨਵਾਬ ਖਾਨ ਅਤੇ ਮੂਲਾ ਸਿੰਘ ਦੀਆਂ ਗਵਾਹੀਆਂ, ਅਤੇ ਨੰਦ ਸਿੰਘ ਦੇ ਇਕਬਾਲ ਦਾ ਹਵਾਲਾ ਦਿੰਦੇ ਹਨ, ਕਿ ਅਮਰੀਕਾ ਜਾਂ ਦੇਸ ਆਉਂਦਿਆਂ ਰਸਤੇ ਵਿਚ ਡਾਕੇ ਮਾਰਨ ਦਾ ਪ੍ਰੋਗਰਾਮ ਬਣ ਗਿਆ ਸੀ। ਪਰ ਇਕ ਹੋਰ ਵਾਅਦਾ ਮੁਆਫ ਗਵਾਹ ਜਵਾਲਾ ਸਿੰਘ ਦਾ ਬਿਆਨ ਹੈ ਕਿ ਓਹ ਅੰਗਰੇਜ਼ਾਂ ਨੂੰ ਕਢਣ ਆਏ ਸਨ, ਡਾਕੇ ਮਾਰਨ ਨਹੀਂ ਸੀ ਆਏ[1]। ਇਸ ਨਜ਼ਰੀਏ ਦੇ ਉਲਟ ਗਦਰੀ ਇਨਕਲਾਬੀਆਂ, ਖਾਸ ਕਰ ਅਮਰੀਕਾ ਤੋਂ ਮੁੜੇ ਇਨਕਲਾਬੀਆਂ, ਨੇ ਪਹਿਲੇ ਮੁਕੱਦਮੇਂ ਵਿਚ ਜ਼ੋਰ ਦਾ ਦਾਅਵਾ ਕੀਤਾ ਕਿ ਅਮਰੀਕਾ ਛਡਣ ਵੇਲੇ ਉਨ੍ਹਾਂ ਦਾ ਡਾਕੇ ਮਾਰਨਾ ਮੰਤਵ ਨਹੀਂ ਸੀ[2]। ਇਸ ਸਿਲਸਲੇ ਵਿਚ ਇਹ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਅਮਰੀਕਾ ਤੋਂ ਆਏ ਗਦਰੀ ਇਨਕਲਾਬੀਆਂ ਨੇ ਉਨ੍ਹਾਂ ਉਤੇ ਮੁਕੱਦਮੇਂ ਵਿਚ ਲਾਏ ਗਏ ਇਲਜ਼ਾਮਾਂ ਵਿਚੋਂ ਹੋਰ ਕਿਸੇ ਦੀ ਇਤਨੀ ਵਿਰੋਧਤਾ ਨਹੀਂ ਕੀਤੀ, ਜਿਤਨੀ ਇਸ ਗੱਲ ਦੀ ਕਿ ਡਾਕੇ ਮਾਰਨਾ ਉਨ੍ਹਾਂ ਦੇ ਪ੍ਰੋਗਰਾਮ ਦਾ ਸ਼ੁਰੂ ਤੋਂ ਹਿੱਸਾ ਸੀ। ਪਹਿਲੇ ਮੁਕੱਦਮੇਂ ਵਿਚ ਹੋਈਆਂ ਸ਼ਹਾਦਤਾਂ ਇਹ ਵੀ ਦਸਦੀਆਂ ਹਨ ਕਿ, ਜਦ ਹਿੰਦ ਵਿਚ ਗਦਰੀ ਇਨਕਲਾਬੀਆਂ ਨੇ ਡਾਕੇ ਮਾਰਨ ਬਾਰੇ ਵੀਚਾਰ ਕੀਤੀ, ਤਾਂ ਉਨ੍ਹਾਂ ਵਿਚ ਮਤ ਭੇਦ ਹੋ ਗਿਆ[3]। ਗਦਰੀ ਇਨਕਲਾਬੀਆਂ ਦੇ ਪ੍ਰੋਗਰਾਮ ਦਾ ਇਕੋ ਇਹੋ ਅੰਗ ਸੀ ਜਿਸ ਬਾਰੇ ਉਨ੍ਹਾਂ ਵਿਚ ਮਤ ਭੇਦ ਹੋਇਆ; ਅਤੇ ਡਾਕੇ ਮਾਰਨ ਦਾ ਫੈਸਲਾ ਹੋ ਜਾਣ ਦੇ ਬਾਵਜੂਦ ਸ਼੍ਰੀ ਨਿਧਾਨ ਸਿੰਘ ‘ਚੁਘਾ' ਇਸ ਦੇ ਇਤਨੇ ਉਲਟ ਸਨ ਕਿ ਉਨ੍ਹਾਂ ਪ੍ਰੋਗਰਾਮ ਦੇ ਇਸ ਭਾਗ ਵਿਚ ਹਿੱਸਾ ਨਹੀਂ ਲਿਆ[4], ਹਾਲਾਂਕਿ ਉਹ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਤੋਂ ਉੱਤਰ ਕੇ ਦੂਜੇ ਦਰਜੇ ਉਤੇ ਗਦਰੀ ਕਾਰਰਵਾਈਆਂ ਦੀ ਜਿੰਦ ਜਾਨ ਸਨ। ਫਿਰ ਜੱਜ ‘ਗਦਰ ਦੀ ਗੂੰਜ' ਅਤੇ ਗਦਰ ਅਖਬਾਹ ਆਦਿ ਗਦਰੀ ਇਨਕਲਾਬੀ ਸਾਹਿਤ ਵਿਚੋਂ ਕੇਵਲ ਤਿੰਨ ਮੁਖਤਸਰ ਹਵਾਲੇ ਦੇ ਸਕੇ ਹਨ। ਅਸਲ ਗਲ ਇਹ ਜਾਪਦੀ ਹੈ ਕਿ ਅਮਰੀਕਾ ਵਿਚ ਗਦਰ ਪਾਰਟੀ ਦਾ ਸਰਕਾਰੀ ਖਜ਼ਾਨਿਆਂ ਅਤੇ ਅੰਗਰੇਜ਼ੀ ਸਰਕਾਰ ਦੇ ਮਦਦਗਾਰ ਅਨਸਰਾਂ ਉਤੇ ਡਾਕੇ ਮਾਰਨ ਦਾ ਪ੍ਰੋਗਰਾਮ ਹੋਵੇਗਾ, ਪਰ ਸਾਧਾਰਨ ਸ਼ਹਿਰੀਆਂ ਉਤੇ ਡਾਕੇ ਮਾਰਨ ਦਾ ਨਹੀਂ। ਜੱਜਾਂ ਨੇ ਜੋ ਡਾਕੇ ਮਾਰਨ ਸੰਬੰਧੀ ‘ਗਦਰ ਦੀ ਗੂੰਜ' ਦੇ ਹਵਾਲੇ ਦਿਤੇ ਹਨ, ਉਨ੍ਹਾਂ ਵਿਚ ਵੀ, ਸਵਾਏ ਇਕ ਦੇ (ਉਹ ਵੀ ਸਾਰੀ ਕਵਿਤਾ ਵਿਚੋਂ ਅੱਧੀ ਲਾਈਨ ਦੇ ਕੇ, ਜਿਸ ਦਾ ਅੱਗਾ |
ਪਿੱਛਾ ਦੱਸੇ ਬਿਨਾਂ ਪਤਾ ਨਹੀਂ ਲਗ ਸਕਦਾ ਕਿ ਕੱਵੀ ਦਾ ਅਸਲ ਭਾਵ ਕੀ ਸੀ), ਸਰਕਾਰ ਅਤੇ ਯੂਰਪੀਨਾਂ ਉਤੇ ਡਾਕੇ ਮਾਰਨ ਦਾ ਜ਼ਿਕਰ ਆਉਂਦਾ ਹੈ। ਨਵਾਬ ਖਾਨ ਵਾਅਦਾ ਮੁਆਫ ਵੀ ਆਪਣੀ ਗਵਾਹੀ ਵਿਚ ਇਹ ਨਖੇੜਾ ਕਰਦਾ ਹੈ ਕਿ ‘ਤੋਸ਼ਾ ਮਾਰੂ’ ਉਤੇ ਜੋ ਮਤੇ ਪਾਸ ਕੀਤੇ ਗਏ, ਉਨ੍ਹਾਂ ਵਿਚੋਂ ਇਕ ਇਹ ਸੀ ਕਿ ਰਈਸ ਜੋ ਸਰਕਾਰ ਦੇ ਵਫਾਦਾਰ ਹਨ, ਨੂੰ ਲੁਟਿਆ ਜਾਏ[5]। ਸਰਕਾਰ ਦੇ ਵਫਾਦਾਰ ਅਨਸਰਾਂ ਨੂੰ ਲੁਟਣ ਦਾ ਪ੍ਰੋਗਰਾਮ ਤਾਂ ਸਮਝਿਆ ਜਾ ਸਕਦਾ ਹੈ, ਕਿ ਇਹ ਗਦਰੀ ਇਨਕਲਾਬੀਆਂ ਦੇ ਸਮਝੇ ਸੋਚੇ ਪ੍ਰੋਗਰਾਮ ਦਾ ਹਿੱਸਾ ਹੋ ਸਕਦਾ ਸੀ, ਕਿਉਂਕਿ ਸਰਕਾਰੀ ਝੋਲੀ ਚੁਕਾਂ ਉਤੇ ਸੱਟ ਸਰਕਾਰ ਉਤੇ ਸੱਟ ਸੀ। ਪਰ ਜੱਜਾਂ ਨੇ ਇਹ ਨਖੇੜਾ ਕਰਨ ਦੀ ਬਜਾਏ, ਹੋਈਆਂ ਘਟਨਾਵਾਂ ਦਾ ਫਾਇਦਾ ਉਠਾ ਕੇ, ਗਦਰੀਆਂ ਨੂੰ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਜਾਪਦੀ ਹੈ। ਪਰ ਇਹ ਹਕੀਕਤ ਹੈ ਕਿ ਗਦਰੀ ਇਨਕਲਾਬੀਆਂ ਨੇ ਸਾਧਾਰਨ ਸ਼ਹਿਰੀਆਂ ਉਤੇ ਵੀ ਡਾਕੇ ਮਾਰੇ। ਇਹ ਤਾਂ ਠੀਕ ਹੈ ਕਿ ਮਾਇਆ ਦੀ ਥੁੜ ਨੂੰ ਪੂਰਾ ਕਰਨ ਵਾਸਤੇ ਗਦਰੀ ਇਨਕਲਾਬੀਆਂ ਪਾਸ ਕੋਈ ਹੋਰ ਰਾਹ ਨਹੀਂ ਸੀ ਰਿਹਾ, ਪਰ ਸਰਕਾਰੀ ਝੋਲੀ ਚੁਕਾਂ ਤੇ ਰਈਸਾਂ ਨੂੰ ਛੱਡਕੇ ਸਾਧਾਰਨ ਸ਼ਹਿਰੀਆਂ ਉਤੇ ਡਾਕੇ ਮਾਰਨ ਦਾ ਰੁਖ ਕਿਉਂ ਫੜਿਆ, ਇਹ ਸਪੱਸ਼ਟ ਨਹੀਂ। ਨਾ ਹੀ ਇਹ ਸਪੱਸ਼ਟ ਹੈ ਕਿ ਇਹ ਕਿਸ ਦੇ ਅਸਰ ਹੇਠ ਹੋਇਆ। ਬੰਗਾਲ ਦੇ ਤਰਾਸਵਾਦੀਆਂ ਦਾ ਇਕ ਤਰੀਕਾਕਾਰ ਇਨਕਲਾਬੀ ਫੰਡਾਂ ਵਾਸਤੇ ਮਾਇਆ ਅਕੱਠੀ ਕਰਨ ਲਈ ਡਾਕੇ ਮਾਰਨ ਦਾ ਸੀ, ਅਤੇ ਗਦਰੀ ਇਨਕਲਾਬੀਆਂ ਨੇ ਓਦੋਂ ਡਾਕੇ ਮਾਰੇ ਜਦੋਂ ਉਨਾਂ ਦਾ ਮੇਲ ਮਿਲਾਪ ਬੰਗਾਲੀ ਇਨਕਲਾਬੀਆਂ ਨਾਲ ਕਾਇਮ ਹੋ ਚੁਕਾ ਸੀ। . ਇਹ ਵੀ ਸ਼ਹਾਦਤ ਹੈ ਕਿ ਸ਼੍ਰੀ ਕਰਤਾਰ ਸਿੰਘ ‘ਸਰਾਭਾ’, ਜਿਨ੍ਹਾਂ ਨੇ ਡਾਕਿਆਂ ਵਿਚ ਵਧ ਚੜ੍ਹਕੇ ਹਿੱਸਾ ਲਿਆ, ਸ਼੍ਰੀ ਰਾਸ਼ ਬਿਹਾਰੀ ਬੋਸ ਨਾਲ ਸਲਾਹ ਕਰਨ ਪਿਛੋਂ ੨੧ ਜਨਵਰੀ ਨੂੰ ਡਾਕੇ ਮਾਰਨ ਦੀ ਨੀਯਤ ਨਾਲ ਅੰਮ੍ਰਿਤਸਰੋਂ ਲੁਧਿਹਾਣੇ ਵਾਸਤੇ ਰਵਾਨਾ ਹੋਏ[6]। ਡਾਕਿਆਂ ਤੋਂ ਜੋ ਲੁਟ ਪ੍ਰਾਪਤ ਹੁੰਦੀ ਰਹੀ, ਉਸ ਦਾ ਬਹੁਤ ਵਡਾ ਹਿੱਸਾ ਬੰਗਾਲੀ ਇਨਕਲਾਬੀਆਂ ਦੇ ਹਵਾਲੇ ਕਰ ਦਿਤਾ ਜਾਂਦਾ ਰਿਹਾ। ਪਰ ਇਸ ਦੇ ਬਾਵਜੂਦ ਬੰਗਾਲੀ ਇਨਕਲਾਬੀਆਂ ਦੇ ਸਿਰ ਇਹ ਦੋਸ਼ ਮੁੜਨਾ ਹੱਕ ਬਜਾਨਬ ਨਹੀਂ ਕਿ ਉਨ੍ਹਾਂ ਨੇ ਗਦਰੀ ਇਨਕਲਾਬੀਆਂ ਨੂੰ ਸਾਧਾਰਨ ਸ਼ਹਿਰੀਆਂ ਉਤੇ ਡਾਕੇ ਮਾਰਨ ਵਾਸਤੇ ਪ੍ਰੇਰਿਆ। ਬੰਗਾਲੀ ਇਨਕਲਾਬੀ ਪੰਜਾਬ ਦੇ ਹਾਲਾਤ ਤੋਂ ਨਾਵਾਕਫ ਸਨ, ਅਤੇ ਡਾਕੇ ਮਾਰਨ ਸੰਬੰਧੀ ਆਮ ਪ੍ਰੇਰਨਾ ਤੋਂ ਸਵਾਏ, ਉਨ੍ਹਾਂ ਦਾ ਇਸ ਚੋਣ ਵਿਚ ਹੱਥ ਨਹੀਂ ਹੋ ਸਕਦਾ ਸੀ, ਕਿ ਡਾਕਾ ਮਾਰਨ ਵਾਸਤੇ ਕਿਸ ਆਸਾਮੀਂ ਨੂੰ ਚੁਣਿਆਂ ਜਾਏ। ਜਾਪਦਾ ਹੈ ਕਿ ਮਾਇਆ ਦੀ ਥੁੜ ਨੂੰ ਜਲਦੀ ਪੂਰਾ ਕਰਨ ਦੀ ਤੀਬਰ ਇੱਛਿਆ ਅਧੀਨ ਜਿਸ ਆਸਾਮੀ ਦੀ ਦੱਸ ਪਈ, ਜਲਦਬਾਜ਼ੀ ਵਿਚ ਉਸੇ ਬੰਨੇ ਰੁਖ ਕਰ ਲਿਆ ਗਿਆ। ਸਭ ਤੋਂ ਪਹਿਲਾ ਡਾਕਾ ੨੩ ਜਨਵਰੀ ੧੯੧੫ ਨੂੰ ਸਾਨ੍ਹੇਵਾਲ (ਜ਼ਿਲਾ ਲੁਧਿਹਾਣਾ) ਵਿਚ ਮਾਰਿਆ ਗਿਆ। ੨੧ ਜਨਵਰੀ ਦੇ ਕਰੀਬ ਲਾਹੌਰ ਪੈਸਿਆਂ ਦੀ ਥੁੜ ਬਾਰੇ ਵੀਚਾਰ ਹੋਈ, ਅਤੇ ਡਾਕਿਆਂ ਰਾਹੀਂ ਫੰਡ ਅਕੱਠਾ ਕਰਨ ਦਾ ਫੈਸਲਾ |
੧੦੪