ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਸਮਝ ਕੇ ਦੂਰ ਕਰਨ ਦੀ ਬਜਾਏ, ਦੇਸ ਦੇ ਖਾਸੇ ਤੱਥਕੇ ਵਿਚ ਐਸੀ ਮਨੋ-ਵਿਗਯਾਨਕ ਉਲਝਣ ਪੈਦਾ ਹੋ ਗਈ, ਜੋ, ਆਪਣੇ ਆਪ ਨੂੰ ਭੁਲੇਖੇ ਵਿਚ ਪਾਕੇ, ਇਨ੍ਹਾਂ ਕਮਜ਼ੋਰੀਆਂ ਨੂੰ ਹੀ ਗੁਣਾਂ ਦੀ ਰੰਗਤ ਦੇ ਕੇ ਤਸੱਲੀ ਲੈਣ ਲੱਗ ਪਈ। ਬੁੱਧ ਅਤੇ ਜੈਨ ਮੱਤਾਂ ਆਦਿ ਦੇ ਅਹਿੰਸਾ ਦੇ ਫਿਲਸਫੇ, ਜੋ ਸ਼ੁਰੂ ਵਿਚ ਇਨਸਾਨੀ ਆਦੱਰਸ਼ਕ ਹੁਲਾਰਿਆਂ ਦੀ ਸ਼ਕਲ ਵਿਚ ਦੇਸ ਵਿਚ ਫੈਲੇ ਸਨ, ਪਿਛੋਂ ਬੁਜ਼ਦਿਲੀ ਉਤੇ ਰੰਗੀਨ ਪਰਦਾ ਪਾਉਣ ਵਾਸਤੇ ਵਰਤੇ ਜਾਣ ਲਗੇ। ਮੌਜੂਦਾ ਜ਼ਮਾਨੇ ਵਿਚ ਸ਼ਾਂਤਮਈ ਅਤੇ ਅਸ਼ਾਂਤਮਈ ਸੰਬੰਧੀ ਧਾਰਮਕ ਅਤੇ ਇਖਲਾਕੀ ਮਹੌਲ ਵਿਚ ਹੋਈ ਲੰਮੀ ਚੌੜੀ ਚਰਚਾ, ਅਤੇ ਇਸ ਚਰਚਾ ਦੇ ਰਾਜਸੀ ਮਸਲਿਆਂ ਦੇ ਨਾਲ ਜੋੜੇ ਜਾਣ ਦੇ ਕਾਰਨ; ਕਾਂਗਰਸ ਅਤੇ ਕਾਂਗਰਸੀ ਨੇਤਾਵਾਂ ਦੀ ਹਥਿਆਰਬੰਦ ਇਨਕਲਾਬੀ ਲਹਿਰਾਂ ਦੀ ਖੁਲੇ ਮੈਦਾਨ ਨਿਖੇਧੀ ਕੀਤੀ ਦੇ ਕਾਰਨ; ਤਰਾਸ-ਵਾਦੀ ਤਰੀਕਾਕਾਰ ਦੇ ਜ਼ਾਹਰਾ ਤੌਰ ਉਤੇ ਕਾਮਯਾਬ ਨਾ ਹੋਣ ਦੇ ਚਾਨਸਾਂ ਦੇ ਕਾਰਨ; ਅਤੇ ਓਪਰੀ ਨਜ਼ਰੇ ਵੇਖਿਆਂ ਜਿਨ੍ਹਾਂ ਹਾਲਾਤ ਵਿਚ ਅੰਗਰੇਜ਼ ਹਿੰਦ ਦਾ ਰਾਜ ਹਿੰਦੀਆਂ ਦੇ ਹਵਾਲੇ ਕਰ ਗਏ ਹਨ, ਉਸ ਦੇ ਕਾਰਨ, ਮੁਲਕ ਵਿਚ ਐਸਾ ਵਾਯੂਮੰਡਲ ਪਸਰ ਗਿਆ ਹੈ, ਜਿਵੇਂ ਬਦੇਸ਼ੀ ਹਕੂਮਤ ਵਿਰੁਧ ਵੀ ਹਥਿਆਰਬੰਦ ਇਨਕਲਾਬ ਕਰਨਾ ਇਖਲਾਕੀ ਤੌਰ ਉਤੇ ਨਾ-ਵਾਜਬ ਸੀ, ਜਾਂ ਇਸ ਦੀ ਸਫਲਤਾ ਦੇ ਚਾਨਸ ਨਹੀਂ ਸਨ।

ਕਾਂਗਰਸ ਵੀ ਸ਼ਾਂਤਮਈ ਤਰੀਕਾਕਾਰ ਨੂੰ ਬਤੌਰ ਅਟੱਲ ਅਸੂਲ ਅਪਣਾਉਂਦੀ ਨਹੀਂ ਰਹੀ। ਮੁਲਕ ਦਾ ਰਾਜ ਪ੍ਰਬੰਧ ਚਲਾਉਣ ਲਈ ਕਾਂਗਰਸ ਹਮੇਸ਼ਾਂ ਪੁਲਸ ਅਤੇ ਫੌਜ ਦੀ ਵਰਤੋਂ ਦੀ ਹਾਮੀ ਰਹੀ ਹੈ[1], ਅਤੇ ਆਜ਼ਾਦੀ ਪ੍ਰਾਪਤ ਕਰਨ ਦੇ ਥੋੜਾ ਸਮਾਂ ਪਿਛੋਂ ਕਸ਼ਮੀਰ ਅਤੇ ਹੈਦਰਾਬਾਦ ਵਿਚ ਕਾਂਗਰਸ ਸਰਕਾਰ ਨੂੰ ਫੌਜੀ ਕਾਰਰਵਾਈ ਕਰਨ ਵਾਸਤੇ ਮਜਬੂਰ ਹੋਣਾ ਪਿਆ ਹੈ। ਇਸ ਤੋਂ ਇਲਾਵਾ ਇਤਹਾਸਕ ਪੜਚੋਲ ਦਾ ਸੰਬੰਧ ਇਖਲਾਕੀ ਪਹਿਲੂਆਂ ਨਾਲ ਇਤਨਾ ਨਹੀਂ, ਜਿਤਨਾ ਸਫਲਤਾ ਅਤੇ ਅਸਫਲਤਾ ਦੇ ਨਜ਼ਰੀਏ ਤੋਂ ਕੌਮਾਂ ਦੀ ਕਿਸਮਤ ਨਾਲ ਸੰਬੰਧਤ ਗਿਣੇ ਮਿਥੇ ਰਾਜਸੀ ਅਥਵਾ ਸਮਾਜਕ ਨਿਸ਼ਾਨਿਆਂ, ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਅਮਲੀ ਵਰਤੋਂ ਵਿਚ ਆ ਸਕਣ ਵਾਲੇ ਢੰਗਾਂ, ਨਾਲ। ਇਸ ਵਾਸਤੇ ਇਸ ਸਵਾਲ ਵਿਚ ਪੈਣ ਦੀ ਲੋੜ ਨਹੀਂ ਕਿ ਅੰਗਰੇਜ਼ੀ ਹਕੂਮਤ ਵਿਰੁਧ ਹਥਿਆਰਬੰਦ ਇਨਕਲਾਬ ਇਖ਼ਲਾਕੀ ਤੌਰ ਉਤੇ ਵਾਜਬ ਸੀ ਜਾਂ ਨਾ-ਵਾਜਬ।

ਪਰ ਗਦਰ ਪਾਰਟੀ ਲਹਿਰ ਨੇ ਇਹ ਜ਼ਰੂਰ ਜ਼ਾਹਰ ਕੀਤਾ ਹੈ ਕਿ, ਖਾਸ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਹਾਲਾਤ ਦੀ ਹੋਂਦ ਵਿਚ, ਫੌਜੀ ਬਗਾਵਤ ਦੀ ਮਦਦ ਨਾਲ ਬਦੇਸ਼ੀ ਹਕੂਮਤ ਨੂੰ ਉਲਟਾਉਣਾ ਸੰਭਵ ਸੀ। ਆਪਣੇ ਲੀਡਰਾਂ ਤੋਂ ਵਾਂਜਿਆਂ ਹੋ ਜਾਣ, ਇਨਕਲਾਬੀ ਢੰਗਾਂ ਦੀ ਵਰਤੋਂ ਤੋਂ ਅਨਜਾਣ ਹੋਣ, ਅਤੇ ਹਿਮਾਲੀਆ ਪਹਾੜ ਜਿੱਡੀਆਂ ਕੀਤੀਆਂ ਗਲਤੀਆਂ, ਦੇ ਬਾਵਜੂਦ ਗਦਰੀ ਇਨਕਲਾਬੀ ਆਪਣੇ ਨਿਸ਼ਾਨੇ ਤੋਂ ਬਹੁਤ ਦੂਰ ਨਹੀਂ ਰਹਿ ਗਏ ਸਨ। ਬਲਕਿ ਉਨਾਂ ਦੀਆਂ ਗਲਤੀਆਂ ਅਤੇ ਕਮੀਆਂ ਦੇ ਬਾਵਜੂਦ ਹੋਈ ਉਨ੍ਹਾਂ ਦੀ ਕਾਮਯਾਬੀ ਦੀ ਹੱਦ ਜ਼ਾਹਰ ਕਰਦੀ ਹੈ ਕਿ ਗਦਰ ਪਾਰਟੀ ਲਹਿਰ ਦੀ ਪਲੈਨ ਅਤੇ ਤਰੀਕਾਕਾਰ ਬੁਨਿਆਦੀ ਤੌਰ ਉਤੇ ਠੀਕ ਲੀਹਾਂ ਉਤੇ ਸੀ। ਮੁਲਕ ਵਿਚ ਪਸਰੇ ਉਪਰ ਦੱਸੇ ਗਏ ਮਹੌਲ ਅਤੇ ਨਜ਼ਰੀਏ ਦੀ ਹੋਂਦ ਵਿਚ ਇਹ ਅੰਦਾਜ਼ਾ ਪ੍ਰਵਾਨ ਕਰਨਾ ਆਸਾਨ ਨਹੀਂ। ਪਰ ਇਹ ਅੰਦਾਜ਼ਾ ਬੇ-ਬੁਨਿਆਦ ਨਹੀਂ, ਅਤੇ ਇਸ ਦੀ ਪੁਸ਼ਟੀ ਵਿਚ ਕਈ ਸਰਕਾਰੀ ਅਤੇ ਨੀਮ-ਸਰਕਾਰੀ ਅੰਗਰੇਜ਼ਾਂ ਦੀਆਂ

ਗਵਾਹੀਆਂ ਹਨ, ਜਿਨ੍ਹਾਂ ਨੂੰ ਤਫਸੀਲ ਵਿਚ ਅਸਲੀ ਅੰਗਰੇਜ਼ੀ ਲਿਖਤ ਸਮੇਤ ਇਸ ਵਾਸਤੇ ਦਿਤਾ ਗਿਆ ਹੈ ਕਿ ਪਾਠਕ ਇਨ੍ਹਾਂ ਦੇ ਠੀਕ ਭਾਵ ਦਾ ਆਪ ਅੰਦਾਜ਼ਾ ਲਾ ਸਕਣ।

ਹਿੰਦ ਦੇ ਉਸ ਸਮੇਂ ਦੇ ਵਾਇਸਰਾਏ ਲਾਰਡ ਹਾਰਡਿੰਗ ਲਿਖਦੇ ਹਨ ਕਿ, “ਹਿੰਦ ਵਿਚ ਸੰਨ ੧੯੧੫ ਬਹੁਤ ਚਿੰਤਾ-ਜਨਕ ਸਾਲ ਸੀ। ਜੇਕਰ ਅਮੀਰ ਅਫਗਾਨਸਤਾਨ ਦਾ ਰੱਵਈਆ ਵਫਾਦਾਰੀ ਵਾਲਾ ਨਾ ਹੁੰਦਾ, ਤਾਂ ਸ਼ਾਇਦ ਇਹ ਇਸ ਤੋਂ ਵੀ ਬਹੁਤ ਹੀ ਭੈੜਾ ਹੋ ਜਾਂਦਾ .........ਵਿਰੋਧੀ ਅਫਗਾਨਸਤਾਨ ਠੋਸ ਖਤਰੇ ਦਾ ਕਾਰਨ ਹੋ ਸਕਦਾ ਸੀ”। (‘Nineteenfifteen was a very anxious year in India. Still, but for the loyal attitude of the Ameer of Afganistan, it might have been a great deal worse.......... A hostile Afganistan might have been a source of real danger.[2]”)

ਹਿੰਦ ਵਿਚ ਵਡੇ ਪੈਮਾਨੇ ਉਤੇ ਗਦਰ ਸ਼ੁਰੂ ਹੋ ਜਾਣ ਦੀ ਸੂਰਤ ਵਿਚ ਅਮੀਰ ਅਫਗਾਨਸਤਾਨ ਅੰਗਰੇਜ਼ਾਂ ਨਾਲ ਵਫਾਦਾਰੀ ਨਿਭਾਹ ਸਕਦਾ ਜਾਂ ਨਾ, ਇਸ ਦਾ ਨਿਰਣਾ ਵਾਕਿਆਤ ਹੀ ਕਰਦੈ; ਅਤੇ ਇਸੇ ਕਾਂਡ ਵਿਚ ਪਿਛੇ ਦੱਸਿਆ ਜਾ ਚੁਕਾ ਹੈ ਕਿ ਵਿਰੋਧੀ ਹਾਲਾਤ ਵਿਚ ਲਾਰਡ ਹਾਰਡਿੰਗ ਦਾ ਖੁਦ ਆਪਣਾ ਇਸ ਸੰਬੰਧੀ ਕੀ ਅੰਦਾਜ਼ਾ ਸੀ।

“ਸੰਘਣੇ ਛਪੇ ੧੩੨ ਪੰਨਿਆਂ ਦੀ ਰੀਪੋਟ[3] ਵਿਚ, ਸਰਹੱਦ ਅਤੇ ਮੁਲਕ ਦੀ ਅੰਦਰੂਨੀ ਹਾਲਤ ਦਾ ਅਠਾਂ ਲਾਈਨਾਂ ਵਿਚ ਜ਼ਿਕਰ ਕੀਤਾ ਗਿਆ ਹੈ; ਹਾਲਾਂਕਿ ਇਸ ਹਾਲਤ ਦਾ ਹਿੰਦ ਦੇ ਫੌਜੀ ਵਸੀਲਿਆਂ ਨਾਲ ਗੂੜਾ ਸੰਬੰਧ ਸੀ, ਜਿਸ ਨੂੰ ਕਮੀਸ਼ਨ[4] ਵੀ ਮੰਨਦਾ ਹੈ, ਅਤੇ ਕਈ ਵੇਰ ਇਹ ਹਾਲਤ ਚਿੰਤਾਜਨਕ ਅਤੇ ਖਤਰਨਾਕ ਸੀ”। (“In a report of 132 closely printed pages, the situation on the fronter and in the interior is dealt with in eight lines; and yet this situation had a very close relation to the military resources of India, as is admitted by the Commission, and at times was one of anxiety and danger.[5]”)

ਮਿਸਟਰ ਚੈਂਬਰਲੇਨ ਨੇ ਹਊਸ ਆਫ ਕਾਮਨਜ਼ ਵਿਚ ਜਰਮਨ ਸਾਜ਼ਸ਼ ਸੰਬੰਧੀ ਤਕਰੀਰ ਕਰਦਿਆਂ ਕਿਹਾ ਕਿ, “ਜੋ ਸਾਡੇ ਪਾਸ ਵਾਕਫੀਅਤ ਹੈ, ਮੈਂ ਉਸ ਬਾਰੇ ਹੁਣ ਤਫਸੀਲ ਨਾਲ ਨਹੀਂ ਕਹਿ ਸਕਦਾ; ਪਰ ਮੇਰਾ ਇਤਨਾ ਕਹਿ ਦੇਣਾ ਕਾਫੀ ਹੋਵੇਗਾ ਕਿ ਇਹ ਇਸ ਕਿਸਮ ਦੀ ਸੀ, ਜਿਸ ਦਾ ਸਰਕਾਰ ਹਿੰਦ ਨੂੰ ਚਿੰਤਾ ਵਿਚ ਪਾਉਣਾ ਜ਼ਰੂਰੀ ਸੀ"। (“I cannot speak of the information we have in any detail now, but it is enough if I say that it was such as necessarily caused anxiety to the Govt. of India.[6]")

ਮੈਸੋਪੋਟੇਮੀਆ ਮੁਹਿੰਮ ਸੰਬੰਧੀ ਹਊਸ ਆਫ ਲਾਰਡਜ਼ ਵਿਚ ਹੋਈ ਬਹਿਸ ਵਿਚ ਬੋਲਦਿਆਂ ਹੋਇਆਂ ਲਾਰਡ ਮੌਂਟੀਗੋ ਨੇ ਕਿਹਾ, “ਮੈਂ ਇਹ ਕਹਿ ਸਕਦਾ ਹਾਂ ਕਿ ਜੇ ਅਸੀਂ

੧੧੬


  1. The Discovery of India, Jawahar Lal Nehru, p. 373.
  2. Hardinge, p. 131.
  3. ਮੈਸੋਪੋਟੇਮੀਆਂ ਮੁਹਿੰਮ ਦੀ ਤਫਤੀਸ਼ ਸੰਬੰਧੀ।
  4. ਮੈਸੋਪੋਟੇਮੀਆ ਮੁਹਿੰਮ ਦੀ ਤਫਤੀਸ਼ ਕਰਨ ਲਈ ਬਣਾਇਆ ਕਮਿਸ਼ਨ।
  5. Official Reports, Parliamentary Debates (Lords), 1917, Vol. XXV, p. 731
  6. Official Reports, Parliamentary Debates (Commons), 1917, Vol. LXXXXi, pp. 1143 1144.