|
ਇਥੋਂ ਦੀਆਂ ਫੌਜਾਂ ਨਾਲ ਕਈ ਇਨਕਲਾਬੀਆਂ, ਖਾਸ ਕਰ ਸ਼੍ਰੀ ਸਜਣ ਸਿੰਘ, ਰਾਹੀਂ ਲਗਾਤਾਰ ਤਾਲ ਮੇਲ ਕਾਇਮ ਰਖਿਆ ਗਿਆ। ਮੀਆਂ ਮੀਰ ਤੋਂ ਇਲਾਵਾ ਗਦਰ ਦੀ ਪਹਿਲ ਫੀਰੋਜ਼ਪੁਰ ਛਾਉਣੀ ਹੋਣੀ ਸੀ, ਇਸ ਕਰਕੇ ਇਸ ਜ਼ਰੂਰੀ ਸੈਂਟਰ ਦਾ ਪ੍ਰਬੰਧ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਦੇ ਸਪੁਰਦ ਸੀ। ਮੀਆਂਮੀਰ ਛਾਉਣੀ ਦੀ ਤਰਾਂ ਫੀਰੋਜ਼ਪੁਰ ਛਾਉਣੀ ਵਿਚ ਵੀ ਫੌਜੀਆਂ ਦੇ ਗਦਰ ਵਿਚ ਗੈਰ-ਫੌਜੀ ਇਨਕਲਾਬੀਆਂ ਅਤੇ ਪੇਂਡੂਆਂ ਦੇ ਉਨ੍ਹਾਂ ਨਾਲ ਮਿਲਕੇ ਹਿੱਸਾ ਲੈਣ ਦਾ ਪ੍ਰਬੰਧ ਕੀਤਾ ਗਿਆ। ੧੪ ਫਰਵਰੀ ਨੂੰ ਮਨੀ ਲਾਲ (ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ) ਅਤੇ ਸ਼੍ਰੀ ਵਿਨਾਯਕ ਰਾਉ ਕਾਪਲੇ ਬਨਾਰਸ ਤੋਂ ੧੮ ਬੰਬਾਂ ਦਾ ਮਸਾਲਾ ਲੈਕੇ ਲਾਹੌਰ ਆਏ। ਸ਼੍ਰੀ ਬੋਸ ਨੇ ਮਨੀ ਲਾਲ ਨੂੰ ਗਦਰ ਦੀ ਨੀਯਤ ਤਾਰੀਖ(੨੧ ਫਰਵਰੀ) ਬਾਰੇ ਦੱਸਿਆ, ਅਤੇ ਇਸਤਰ੍ਹਾਂ ਬਨਾਰਸ ਦੇ ਇਨਕਲਾਬੀਆਂ ਨੂੰ ਵੀ ਪਤਾ ਲਗ ਗਿਆ[1]। ਫੌਜਾਂ ਨੂੰ ਇਤਲਾਹ ਦੇਣ ਅਤੇ ਤਿਆਰ ਕਰਨ (ਜਿਸ ਬਾਰੇ ਵਾਕਫੀਅਤ ਅਧੂਰੀ ਹੈ) ਤੋਂ ਇਲਾਵਾ, ਬੰਬ ਬਣਾਏ ਗਏ, ਹਥਿਆਰ ਅਕੱਠੇ ਕੀਤੇ ਗਏ, ਝੰਡੇ[2] ਬਣਾਏ ਗਏ, ਲੜਾਈ ਦਾ ਐਲਾਨ ਲਿਖਿਆ ਗਿਆ, ਟੈਲੀਗਰਾਫ ਦੀਆਂ ਤਾਰਾਂ ਅਤੇ ਰੇਲਾਂ ਤਬਾਹ ਕਰਨ ਲਈ ਸੰਦ ਅਕੱਠੇ ਕੀਤੇ ਗਏ, ਅਤੇ ੨੧ ਫਰਵਰੀ ਦੇ ਥਲਵੇ ਲਈ ਜਲਦੀ ਨਾਲ ਹਰ ਇਕ ਤਿਆਰੀ ਕੀਤੀ ਗਈ[3]। ਮੀਆਂਮੀਰ ਦੀ ਛਾਉਣੀ ਵਿਚ ਛੇ ਜਾਂ ਸਤ ਇਨਕਲਾਬੀਆਂ ਦੀ ਇਕ ਟੋਲੀ ਨੂੰ ਬਾਰਕਾਂ ਵਿਚ ਉਸ ਸਮੇਂ ਲਿਜਾਇਆ ਜਾਣਾ ਸੀ, ਜਿਸ ਵੇਲੇ ਫੌਜੀਆਂ ਦੀ ਹਾਜ਼ਰੀ ਲਗਦੀ ਹੈ, ਅਤੇ ਇਨਕਲਾਬੀਆਂ ਦੀ ਇਸ ਟੋਲੀ ਨੇ ਫੌਜੀਆਂ ਦੀਆਂ ਤਲਵਾਰਾਂ ਕਾਬੂ ਕਰ ਲੈਣੀਆਂ ਸਨ। ਇਕ ਹੋਰ ਗਾਈਡ ਨੇ ਇਨਕਲਾਬੀਆਂ ਦੀ ਇਕ ਹੋਰ ਟੋਲੀ ਨੂੰ ਰੀਜ਼ਰਵ ਫੌਜੀਆਂ ਦੇ ਕਵਾਟਰ ਗਾਰਦ ਲੈ ਜਾਣਾ ਸੀ, ਜਿਥੇ ਖਿਆਲ ਸੀ ਕਿ ਪਹਿਰਾ ਢਿਲਾ ਹੁੰਦਾ ਹੈ। ਓਥੇ ਮੈਗਜ਼ੀਨ ਤੋੜ ਕੇ ਰਾਈਫਲਾਂ ਤੇ ਦਾਰੂ ਸਿੱਕਾ ਕਾਬੂ ਕਰਨਾ ਸੀ। ਇਸ ਪਿਛੋਂ ਰਸਾਲੇ ਦੇ ਸਵਾਰਾਂ ਨੇ ਨਾਲ ਆ ਮਿਲਣਾ ਸੀ, ਅਤੇ ਫੌਜੀਆਂ ਅਤੇ ਇਨਕਲਾਬੀਆਂ ਨੇ ਮਿਲਕੇ ਯੂਰਪੀਨਾਂ ਤੇ ਛਾਉਣੀ ਵਿਚ ਗੋਰੇ ਤੋਪਖਾਨੇ ਦੇ ਆਦਮੀਆਂ ਨੂੰ ਕਤਲ ਕਰ ਦੇਣਾ ਸੀ[4]। ਇਸੇ ਤਰ੍ਹਾਂ ਫੀਰੋਜ਼ਪੁਰ ਛਾਉਣੀ ਵਿਚ ਛਬਵੀਂ ਪੰਜਾਬੀ ਪਲਟਨ ਦੇ ਬਦਜ਼ਨ ਸਿਪਾਹੀਆਂ ਨੇ ਉਥੇ ਅਕੱਠੇ ਹੋਏ ਇਨਕਲਾਬੀਆਂ ਨੂੰ ਗਾਈਡ ਕਰਨਾ ਸੀ। ਇਕ ਪਾਰਟੀ ਨੇ ਡੀਪੋ ਮੈਗਜ਼ੀਨ ਉਤੇ ਹੱਲਾ ਕਰਕੇ ਇਸ ਨੂੰ ਖੋਲ ਲੈਣਾ ਸੀ, ਅਤੇ ਹੋਰ ਡੀਪੂਆਂ ਅਤੇ ਪਲਟਨਾਂ ਦੀਆਂ ਲਾਈਨਾਂ ਉਤੇ ਹੋਰ ਪਾਰਟੀਆਂ ਨੇ ਹੱਲਾ ਕਰਨਾ ਸੀ। ਗੋਰੇ ਸਿਪਾਹੀ ਕਤਲ ਕਰ ਦਿਤੇ ਜਾਣੇ ਸਨ, ਅਤੇ ਹਥਿਆਰਾਂ ਦੇ ਜ਼ਖੀਰੇ ਉਤੇ ਹੱਲਾ ਬੋਲਣਾ ਸੀ[5]। ਪਰ ਜਿਸ ਗਲ ਨੇ ਇਹ ਸਾਰੀ ਤਿਆਰੀ ਉਤੇ ਪਾਣੀ ਫੇਰ ਦਿਤਾ, ਉਹ 'ਪੁਲਸ ਦੇ ਇਕ ਸੂਹੇ ਦੀ ਪਕਾਈ ਉਹ ਖਿਚੜੀ ਸੀ ਜੋ ਚੰਦ ਦਿਨਾਂ ਤੋਂ ਵਿਚੇ ਵਿਚ |
ਰਿੱਝ ਰਹੀ ਸੀ। ਚੱਬੇ[6] ਦੇ ਡਾਕੇ ਵਿਚ ਇਨਕਲਾਬੀ ਆਪਣੇ ਨਾਲ ਅੰਮ੍ਰਿਤਸਰ ਦਾ ਇਕ ਕਾਲਾ ਸਿੰਘ ਨਾਮੀਂ ਬੁਢਾ ਤਰਖਾਣ ਸੇਵ ਅਤੇ ਪੇਟੀਆਂ ਖੋਲਣ ਲਈ ਲੈ ਗਏ ਸਨ, ਜੋ ਚੱਬੇ ਦੇ ਪੇਂਡੂਆਂ ਨੇ ਡਾਕੇ ਦੇ ਮੌਕਿਆ ਉਤੇ ਫੜ ਲਿਆ। ਕਾਲਾ ਸਿੰਘ ਨੇ ਪੁਲਸ ਨੂੰ ਸੁਰੈਣ ਸਿੰਘ, ਪਿੰਡ ਗਿਲਵਾਲੀ, ਦੀ ਦੱਸ ਪਾਈ। ਸੁਰੈਣ ਸਿੰਘ ‘ਗਿਲਵਾਲੀ' ਲਹੂ ਵਾਲੇ ਕਪੜਿਆਂ ਸਮੇਤ ਫੜਿਆ ਗਿਆ, ਅਤੇ ਉਸ ਨੇ ਪੁਲਸ ਨੂੰ ਦੱਸ ਦਿੱਤਾ ਕਿ ਡਾਕੇ ਵਿਚ ਮੂਲਾ, ਸਿੰਘ ਅਤੇ ਸ਼੍ਰੀ ਪਰੇਮ ਸਿੰਘ ਦਾ ਹੱਥ ਹੈ। ਲਿਆਕਤ ਹਯਾਤ ਖਾਨ, ਡਿਪਟੀ ਸੁਪ੍ਰਿੰਟੈਂਡੈਂਟ ਪੁਲਸ, ਨੂੰ ਇਸ ਤੋਂ ਸ਼ੱਕ ਪੈ ਗਿਆ ਕਿ ਚੱਬੇ ਦਾ ਡਾਕਾ ਅਮਰੀਕਾ ਤੋਂ ਮੁੜੇ ਹਿੰਦੀਆਂ ਦਾ ਕੰਮ ਹੈ। ਲਿਆਕਤ ਹਯਾਤ ਖਾਨ ਨੇ ੭ ਫਰਵਰੀ ਨੂੰ ਬੇਲਾ ਸਿੰਘ ਜ਼ੈਲਦਾਰ ਨੂੰ ਸੱਦਿਆ, ਅਤੇ ਇਕ ਐਸਾ ਆਦਮੀ ਲੱਭਣ ਵਾਸਤੇ ਆਖਿਆ ਜੋ ਪ੍ਰਦੇਸਾਂ ਤੋਂ ਮੁੜੇ ਹਿੰਦੀਆਂ ਨਾਲ ਮੇਲ ਮਿਲਾਪ ਪੈਦਾ ਕਰਕੇ ਭੇਦ ਦੱਸੇ। ੯ ਫਰਵਰੀ ਨੂੰ ਜ਼ੈਲਦਾਰ ਬੇਲਾ ਸਿੰਘ, ਕਿਰਪਾਲ ਸਿੰਘ ਨੂੰ ਲਿਆਕਤ ਹਯਾਤ ਖਾਨ ਪਾਸ ਲੈ ਆਇਆ, ਜਿਸ ਨੇ ਕਿਰਪਾਲ ਸਿੰਘ ਨੂੰ ਸੂਹੀਏ ਦੇ ਤੌਰ ਉਤੇ ਨੌਕਰ ਰੱਖ ਲਿਆ। ਕਿਰਪਾਲ ਸਿੰਘ ਸੂਹੀਏ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਸ਼੍ਰੀ ਬਲਵੰਤ ਸਿੰਘ ਪ੍ਰਦੇਸ ਤੋਂ ਆਕੇ ਇਨਕਲਾਬੀ ਪ੍ਰਚਾਰ ਕਰਨ ਖਾਤਰ ਤੇਈਵੇਂ ਰਸਾਲੇ ਵਿਚ ਭਰਤੀ ਹੋ ਗਏ ਸਨ। ੧੦ ਫਰਵਰੀ ਨੂੰ ਕਿਰਪਾਲ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਮੂਲਾ ਸਿੰਘ ਅੰਮ੍ਰਿਤਸਰ ਪੰਜਾਬ ਸਿੰਘ ਦੇ ਨਾਮ ਹੇਠਾਂ ਰਹਿੰਦਾ ॥ ਕਿਰਪਾਲ ਸਿੰਘ ਆਪਣੇ ਸਨਬੰਧੀ ਸ਼੍ਰੀ ਬਲਵੰਤ ਸਿੰਘ[7] ਨੂੰ ਨਾਲ ਲੈਕੇ ਮੂਲਾ ਸਿੰਘ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਆਇਆ। ਉਥੋਂ ਪਤਾ ਲੱਗਣ ਉਤੇ ਕਿ ਮੂਲਾ ਸਿੰਘ ਲਾਹੌਰ ਗਿਆ ਹੋਇਆ ਹੈ, ਦੋਵੇਂ ਉਸ ਦੇ ਪਿਛੇ ਲਾਹੌਰ ਗਏ। ਪਰ ਇਤਨੇ ਚਿਰ ਨੂੰ ਮੂਲਾ ਸਿੰਘ ਅੰਮ੍ਰਿਤਸਰ ਆ ਚੁਕਾ ਸੀ। ਕਿਰਪਾਲ ਸਿੰਘ ਦੇ ਇਨਕਲਾਬੀਆਂ ਨਾਲ ਰਲਣ ਦੀ ਇੱਛਿਆ ਜ਼ਾਹਰ ਕਰਨ ਉਤੇ ਉਸ ਨੂੰ ਅਮਰ ਸਿੰਘ ‘ਰਾਜਪੂਤ’ ਨਾਲ ਮੋਚੀ ਦਰਵਾਜ਼ੇ ਦੇ ਘਰ ਵਿਚ ਜਾਣ ਪਛਾਣ ਕਰਾਈ ਗਈ। ਅਮਰ ਸਿੰਘ, ਕਿਰਪਾਲ ਸਿੰਘ ਅਤੇ ਸ਼੍ਰੀ ਬਲਵੰਤ ਸਿੰਘ ਮੂਲਾ ਸਿੰਘ ਨੂੰ ਮਿਲਣ ਸ਼੍ਰੀ ਅੰਮ੍ਰਿਤਸਰ ਆਏ, ਪਰ ਮੂਲਾ ਸਿੰਘ ਓਦੋਂ ਤਕ ਗ੍ਰਿਫਤਾਰ ਹੋ ਚੁਕਾ ਸੀ। ਇਸ ਪੁਰ ਤਿੰਨੇ ਪਹਿਲਾਂ ਰਸੂਲ ਪੁਰੀਆਂ ਦੀ ਹਵੇਲੀ ਅਤੇ ਪਿਛੋਂ ਵਿਰਪਾਲੀ ਧਰਮਸਾਲਾ ਵਿਚ ਗਏ, ਜਿਥੇ ਸ਼੍ਰੀ ਨਿਧਾਨ ਸਿੰਘ ‘ਚੁਘਾ’, ਸ਼੍ਰੀ ਕੇਹਰ ਸਿੰਘ (ਮਰਹਾਣਾ) ਅਤੇ ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ’ ਅਤੇ ਹੋਰ ਇਨਕਲਾਬੀ ਸਨ।ਸ਼੍ਰੀ ਨਿਧਾਨ ਸਿੰਘ ‘ਚੁਘਾ’ ਦੀ ਕਿਰਪਾਲ ਸਿੰਘ ਨਾਲ ਸ਼ੰਘਾਈ ਦੀ ਪੁਰਾਣੀ ਵਾਕਫੀਅਤ ਸੀ। ਸ਼੍ਰੀ ਨਿਧਾਨ ਸਿੰਘ ਦੀ ਸਫਾਰਸ਼ ਉਤੇ ੧੩ ਫਰਵਰੀ ਨੂੰ ਕਿਰਪਾਲ ਸਿੰਘ ਨੂੰ ਨਾ ਕੇਵਲ ਇਨਕਲਾਬੀਆਂ ਦੇ ਅੰਦਰੂਨੀ ਦਾਇਰੇ ਵਿਚ ਸ਼ਾਮਲ ਕਰ ਲਿਆ ਗਿਆ, ਬਲਕਿ ਗ੍ਰਿਫਤਾਰ ਹੋਏ ਮੂਲਾ ਸਿੰਘ ਦੀ ਥਾਂ ਲੀਡਰ ਨੀਯਤ ਕਰ ਦਿੱਤਾ |
੧੨੦
- ↑ Rowlatt Report, p. 133.
- ↑ ਇਨਕਲਾਬੀਆਂ ਦਾ ਝੰਡਾ ਤਿਰੰਗਾ ਸੀ, ਪੀਲਾ ਰੰਗ ਸਿਖਾਂ ਦਾ, ਲਾਲ ਹਿੰਦੂਆਂ ਦਾ, ਅਤੇ ਨੀਲਾ ਮੁਸਲਮਾਨਾਂ ਦਾ (Mandlay Case, Evidence, p. 55.)
- ↑ First Case, The Outline of Proceedings in India,p. 6.
- ↑ Isemonger and Slattery, p. 109.
- ↑ Ibid, pp. 110-111.
- ↑ ਇਸ ਕਾਂਡ ਵਿਚ ਇਸ ਤੋਂ ਅਗੇ ਦਿੱਤਾ ਸਮਾਚਾਰ ਮੁਖ ਰੂਪ ਵਿਚ ਪਹਿਲੇ ਅਤੇ ਦੂਸਰੇ ਮੁਕੱਦਮਿਆਂ ਦੇ ਫੈਸਲਿਆਂ ਵਿਚ The Kevo. lutionists in India, The Spy and the Collapse, ਦੀਆਂ ਸੁਰਖੀਆਂ ਹੇਠ ਦਿੱਤੇ ਸਮਾਚਾਰ ਵਿਚੋਂ ਲਿਆ ਗਿਆ ਹੈ, ਪਰ ਹੋਰ ਵਸੀਲਿਆਂ ਤੋਂ ਮਿਲੀ ਕੁਝ ਐਸੀ ਗੈਰ-ਜ਼ਰੂਰੀ ਤਫਸੀਲ ਵੀ ਸ਼ਾਮਲ ਕਰ ਲਈ ਗਈ ਹੈ, ਜਿਸ ਦੀ ਪੁਸ਼ਟੀ ਨਾ ਹੋਣ ਕਰਕੇ ਲਹਿਰ ਦੇ ਇਤਹਾਸ ਉਤੇ ਅਸਰ ਨਹੀਂ ਪੈਂਦਾ।
- ↑ ਸ਼੍ਰੀ ਬਲਵੰਤ ਸਿੰਘ ਨੂੰ ਵੀ ਕਿਰਪਾਲ ਸਿੰਘ ਦੇ ਸੂਹੀਆ ਹੋਣ ਬਾਰੇ ਓਦੋਂ ਤਕ ਪਤਾ ਨਹੀਂ ਲੱਗਾ, ਜਦੋਂ ਤਕ ਹੋਰ ਇਨਕਲਾਬੀਆਂ ਨੂੰ ਨਾ ਲੱਗਾ।