ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ ਆਪਣੇ ਸਾਹਮਣੇ ਬੰਬ ਬਣਦਾ ਵੇਖਣ ਦੀ ਇੱਛਿਆ ਜ਼ਾਹਰ ਕੀਤੀ, ਜਿਸ ਉਤੇ ਸ਼੍ਰੀ ਸੁਰਜਨ ਸਿੰਘ ਨੇ ਉਸ ਨੂੰ ਬੰਬ ਬਨਾਉਣ ਦਾ ਨੁਸਖਾ ਦੱਸਿਆ। ਮੀਆਂ ਜਵਾਹਰ ਸਿੰਘ ਅਤੇ ਸਿਧੂ ਨੇ ਸ਼੍ਰੀ ਸੁਰਜਨ ਸਿੰਘ ਨੂੰ ਕਿਹਾ ਕਿ ਉਹ ਦੁਆਬੇ ਤੋਂ ਆਦਮੀਂ ਲਿਆਉਣ।ਜਦ ਪੰਜਾਬ ਤੋਂ ਆਦਮੀ ਆ ਜਾਣਗੇ ਤਾਂ ਓਹ ਮੰਡੀ ਰਿਆਸਤ ਵਿਚ ਗਦਰ ਕਰ ਦੇਣਗੇ। ਵਜ਼ੀਰ ਅਤੇ ਅੰਗਰੇਜ਼ ਰੈਜ਼ੀਡੈਂਟ ਨੂੰ ਕਤਲ ਕਰ ਦੇਣਗੇ, ਮੈਗਜ਼ੀਨ ਅਤੇ ਖਜ਼ਾਨੇ ਉਤੇ ਕਬਜ਼ਾ ਕਰਕੇ ਰਿਆਸਤ ਉਤੇ ਕਬਜ਼ਾ ਕਰ ਲੈਣਗੇ, ਅਤੇ ਪਿਛੋਂ ਆਦਮੀ ਅਤੇ ਹਥਿਆਰਾਂ ਨਾਲ ਪੰਜਾਬ ਵਲ ਧਾਵਾ ਕਰਕੇ ਪੰਜਾਬ ਦੇ ਗਦਰੀ ਇਨਕਲਾਬੀਆਂ ਨਾਲ ਜਾ ਮਿਲਣਗੇ। ਇਹ ਸਭ ਕਾਰਰਵਾਈ ਦਸੰਬਰ ੧੯੧੪ ਅਤੇ ਜਨਵਰੀ ੧੯੧੫ ਵਿਚਕਾਰ ਹੋਈ।

ਜਨਵਰੀ ਦੇ ਅਖੀਰ ਵਿਚ ਸ਼੍ਰੀ ਸੁਰਜਨ ਸਿੰਘ ਫਤਹ ਗੜ੍ਹ ਵਾਪਸ ਆਏ ਅਤੇ ਸ਼੍ਰੀ ਅਮਰ ਸਿੰਘ ਅਤੇ ਦਲੀਪ ਸਿੰਘ ਨੂੰ ਮੰਡੀ ਨਾਲ ਜਾਣ ਵਾਸਤੇ ਕਿਹਾ, ਕਿਉਂਕਿ ਬੰਬ ਬਨਾਉਣ ਵਾਲਿਆਂ ਦੀ ਲੋੜ ਸੀ। ਉਨ੍ਹਾਂ ਦੋਹਾਂ ਇਨਕਾਰ ਕਰ ਦਿੱਤਾ, ਪਰ ਸ਼੍ਰੀ ਅਮਰ ਸਿੰਘ ਨੇ ਸ਼੍ਰੀ ਨਿਧਾਨ ਸਿੰਘ ‘ਚੁਘਾ' ਦਾ ਨਾਮ ਤਜਵੀਜ਼ ਕੀਤਾ। ਦਲੀਪ ਸਿੰਘ ਸ਼੍ਰੀ. ਨਿਧਾਨ ਸਿੰਘ ‘ਚੁਘਾ' ਨੂੰ ਨਾਲ ਲੈ ਕੇ ਮਾਰਚ ੧੯੧੫ ਦੇ ਸ਼ੁਰੂ ਵਿਚ ਮੰਡੀ ਪੁੱਜਾ। ਸੁਕੇਤ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਸ਼੍ਰੀ ਸੁਰਜਨ ਸਿੰਘ, ਸ਼੍ਰੀ ਨਿਧਾਨ ਸਿੰਘ ‘ਚੁਘਾ’, ਸਿਧੂ ਨੰ: ੧, ਸਿਧੂ ਨੰ: ੨, ਬਦਰੀ, ਮੀਆਂ ਜਵਾਹਰ ਸਿੰਘ, ਅਤੇ ਜਵਾਹਰ, ਸ਼ਾਮਲ ਸਨ। ਮੀਆਂ ਜਵਾਹਰ ਸਿੰਘ ਨੇ ਦੱਸਿਆ ਕਿ ਉਹ ਬੰਦੂਕਾਂ ਹੱਥਿਆਰ ਅਤੇ ਬੰਬ ਬਨਾਉਣ ਦਾ ਮਸਾਲਾ ਦੇ ਸਕਦੇ ਹਨ। ਇਹ ਸਲਾਹ ਬਣੀ ਕਿ ਬੰਬ ਬਣਾਕੇ ਇਕ ਪੁਲ ਉਡਾਇਆ ਜਾਏ, ਫਿਰ ਮੰਡੀ ਰਿਆਸਤ ਦਾ ਮੈਗਜ਼ੀਨ ਅਤੇ ਖਜ਼ਾਨਾ ਲੁਟ ਲਿਆ ਜਾਏ, ਅਤੇ ਓਥੋਂ ਦੇ ਵਜ਼ੀਰ ਅਤੇ ਅੰਗਰੇਜ਼ ਰੈਜ਼ੀਡੈਂਟ ਨੂੰ ਮਾਰ ਦਿੱਤਾ ਜਾਏ। ਇਹ ਫੈਸਲਾ ਹੋਇਆ ਕਿ ਇਸ ਮਤਲਬ ਵਾਸਤੇ ਆਦਮੀ ਅਕੱਠੇ ਕੀਤੇ ਜਾਣ, ਅਤੇ ਸ਼੍ਰੀ ਨਿਧਾਨ ਸਿੰਘ ਬੰਬਾਂ ਦੇ ਕੇਸਾਂ ਲਈ ਚੂੜੀ ਵਾਲੇ ਢੱਕਣ ਅਤੇ ਆਦਮੀ ਲਿਆਉਣ ਵਾਸਤੇ ਪੰਜਾਬ ਜਾਣ। ਮੀਆਂ ਜਵਾਹਰ ਸਿੰਘ ਨੇ ਇਹ ਵੀ ਦੱਸਿਆ ਕਿ ਇਕ ਰਾਣੀ ਵੀ ਨਾਲ ਮਿਲਣ ਨੂੰ ਤਿਆਰ ਹੈ, ਅਤੇ ਜੇ ਸਿਖ ਹੱਲਾ ਕਰਨ ਤਾਂ ਓਹ ਕਿਲਾ ਉਨਾਂ ਦੇ ਹਵਾਲੇ ਕਰਨ ਨੂੰ ਤਿਆਰ ਹੈ।

ਇਹ ਸਕੀਮ ਸ਼੍ਰੀ ਨਿਧਾਨ ਸਿੰਘ ਦੇ ਫੜੇ ਜਾਣ ਕਰਕੇ ਵਿਚੇ ਰਹਿ ਗਈ। ਤੀਸਰੇ ਕੇਸ ਦੇ ਜੱਜ ‘ਮੰਡੀ ਸਾਜ਼ਸ਼' ਦੀ ਸੁਰਖੀ ਹੇਠ ਨਤੀਜਾ ਕਢਦਿਆਂ ਹੋਇਆਂ ਲਿਖਦੇ ਹਨ ਕਿ, “ਸਾਨੂੰ ਇਸ ਸ਼ਹਾਦਤ ਤੋਂ ਤਸੱਲੀ ਹੋ ਗਈ ਹੈ ਕਿ ਮੰਡੀ ਰਿਆਸਤ ਵਿਚ ਕੁਝ ਵਿਗੜੇ ਹੋਏ ਅਨਸਰ ਅਤੇ ਪੰਜਾਬ ਦੇ ਇਨਕਲਾਬੀਆਂ ਦੇ ਦਰਮਿਆਨ ਸੁਰਜਨ ਸਿੰਘ ਰਾਹੀਂ ਗਲ ਬਾਤ ਸ਼ੁਰੂ ਹੋਈ; ਅਤੇ ਭਾਵੇਂ ਇਹ ਹਵਾਈ ਜਾਪੇ, ਪਰ ਇਹ ਫੈਸਲਾ ਕੀਤਾ ਗਿਆ ਕਿ ਰਿਆਸਤ ਵਿਚ ਬੰਬ ਅਤੇ ਹੱਥਿਆਰ ਅਕੱਠੇ ਕੀਤੇ ਜਾਣ, ਪੰਜਾਬ ਤੋਂ ਆਦਮੀ ਲਿਆਂਦੇ ਜਾਣ, ਵਜ਼ੀਰ ਅਤੇ ਮਿਸਟਰ ਗੌਰਡਨ ਵਾਕੁਰ ਨੂੰ ਕਤਲ ਕਰ ਦਿੱਤਾ ਜਾਏ, ਰਿਆਸਤ ਉਤੇ ਕਬਜ਼ਾ ਕੀਤਾ ਜਾਏ ਅਤੇ ਪੰਜਾਬ ਦੇ ਇਨਕਲਾਬੀਆਂ ਦੀ ਮਦਦ ਕਰਨ ਵਾਸਤੇ ਮੰਡੀ ਤੋਂ ਪੰਜਾਬ ਉਤੇ ਧਾਵਾ ਕੀਤਾ ਜਾਏ। ਸਕੀਮ ਨੂੰ ਸਿਰੇ ਚਾੜ੍ਹਨ ਵਾਸਤੇ ਬਹੁਤਾ ਕੁਝ ਨਾ ਕੀਤਾ ਗਿਆ, ਕਿਉਂਕਿ ਨਿਧਾਨ ਸਿੰਘ, ਜਿਹੜਾ ਇਸ ਸਕੀਮ ਦਾ ਆਗੂ ਬਣ ਗਿਆ ਸੀ, ਫੜਿਆ ਗਿਆ, ਅਤੇ ਇਸ ਨੂੰ ਸਿਰੇ ਚਾੜ੍ਹਨ ਵਾਸਤੇ ਪਿਛੇ ਕੋਈ ਦ੍ਰਿੜ੍ਹਤਾ ਵਾਲਾ ਆਦਮੀ ਨਾ ਰਿਹਾ[1]।”

ਵੀਹਵਾਂ ਕਾਂਡ
ਸਿੰਘਾਪੁਰ ਦਾ ਗਦਰ

ਸਿੰਘਾਪੁਰ ਦਾ ਗਦਰ ੧੫ ਫਰਵਰੀ ੧੯੧੫ ਨੂੰ ਸ਼ੁਰੂ ਹੋਇਆ। ੧੫ ਫਰਵਰੀ ਅਤੇ ਹਿੰਦ ਵਿਚ ਗ਼ਦਰ ਲਈ ਨੀਯਤ ਕੀਤੀ ੧੯ ਫਰਵਰੀ ੧੯੧੫ ਦੀ ਤਾਰੀਖ ਬਹੁਤ ਲਾਗੇ ਲਾਗੇ ਹਨ, ਅਤੇ ਇਸ ਤੋਂ ਇਹ ਸ਼ੱਕ ਪੈ ਸਕਦਾ ਹੈ ਕਿ ਇਨ੍ਹਾਂ ਦੋਵਾਂ ਵਿਚ ਕੋਈ ਸੰਬੰਧ ਸੀ। ਅਰਥਾਤ ਗਦਰ ਪਾਰਟੀ ਦੇ ਇਨਕਲਾਬੀਆਂ ਦੀ ਇਕ ਵਿਉਂਤ ਦੇ ਮੁਤਾਬਕ ਦੋਵੇਂ ਤਾਰੀਖਾਂ ਨੀਯਤ ਹੋਈਆਂ। ਪਰ ਇਸ ਦੇ ਹੱਕ ਵਿਚ ਇਸ਼ਾਰੇ ਮਾਤਰ ਵੀ ਸ਼ਹਾਦਤ ਨਹੀਂ। ਸਿੰਘਾਪੁਰ ਦਾ ਗਦਰ ਗਾਲਬਨ ਸਬੱਬੀਂ ੧੫ ਫਰਵਰੀ ਨੂੰ ਸ਼ੁਰੂ ਹੋਇਆ। ਕਿਉਂਕਿ ੧੯ ਫਰਵਰੀ ਦੀ ਤਾਰੀਖ ਫੌਜੀਆਂ ਦੇ ਦਬਾਉ ਪਾਉਣ ਉੱਤੇ ੧੨ ਫਰਵਰੀ ਨੂੰ ਨੀਯਤ ਕੀਤੀ ਗਈ; ਅਤੇ ਇਸ ਦੀ ਬਹੁਤ ਘਟ ਸੰਭਾਵਨਾ ਹੈ ਕਿ ਦੋ ਜਾਂ ਤਿੰਨ ਦਿਨ ਵਿਚ, ਅਰਥਾਤ ੧੫ ਫਰਵਰੀ ਤੋਂ ਪਹਿਲੋਂ, ਇਸ ਦੀ ਖਬਰ ਸਿੰਘਾਪੁਰ ਪੁਚਾ ਦਿੱਤੀ ਗਈ ਹੋਵੇ।

ਪਰ ਇਸ ਵਿਚ ਸ਼ੱਕ ਨਹੀਂ ਕਿ ਸਿੰਘਾਪੁਰ ਦਾ ਗਦਰ ਸਬੱਬੀਂ ਨਹੀਂ ਸੀ ਹੋਇਆ, ਬਲਕਿ ਉਸ ਇਨਕਲਾਬੀ ਪ੍ਰਚਾਰ ਦਾ ਸਿੱਟਾ ਸੀ ਜਿਸ ਦੇ ਬੀਜ ਗਦਰ ਪਾਰਟੀ ਨੇ ਬੀਜੇ ਸਨ। ਰੌਲਟ ਰੀਪੋਟ ਇਹ ਦੱਸਦੀ ਹੈ ਕਿ “ਪੰਜਵੀਂ ਪਲਟਨ ਵਿਚ ਅਮਰੀਕਾ ਦੀ ਗਦਰ ਪਾਰਟੀ ਦੇ ਮੁਸਲਮਾਨ ਅਤੇ ਹਿੰਦੂ ਇਨਕਲਾਬੀਆਂ ਦੇ ਕੀਤੇ ਪੁਚਾਰ ਦੇ ਕਾਰਨ ਹੋਇਆ[2]; ਅਤੇ ਅਮਰੀਕਨ ਨੀਮ-ਸਰਕਾਰੀ ਰੀਪੋਟ ਵਿਚ ਵੀ ਇਹੋ ਲਿਖਿਆ ਹੈ ਕਿ ਗਦਰ ਪਾਰਟੀ ਨੇ ਸਿੰਘਾਪੁਰ ਦਾ ਗਦਰ ਕਰਵਾਇਆ[3]। ਪਹਿਲੇ ਅਤੇ ਦੂਸਰੇ ਕੇਸ ਵਿਚ ਸ਼ਹਾਦਤ ਵੀ ਦੱਸਦੀ ਹੈ ਕਿ ਗਦਰ ਪਾਰਟੀ ਦੇ ਇਨਕਲਾਬੀ ਦੇਸ਼ ਆਉਂਦਿਆਂ ਹੋਇਆਂ ਸਿੰਘਾਪੁਰ ਗਦਰ ਦੇ ਬੀਜ ਬੀਜਦੇ ਆਏ[4]। ਪਿਛੋਂ ਪੁੰਗਰ ਪਏ। ਸ਼੍ਰੀ ਹਰਨਾਮ ਸਿੰਘ (ਰਸੂਲਪੁਰ, ਅੰਮ੍ਰਿਤਸਰ) ਨੂੰ ਗਦਰ ਦਾ ਪ੍ਰਚਾਰ ਕਰਨ ਵਾਸਤੇ ਹੀ ਗਦਰੀਆਂ ਨੇ ਸਿੰਘਾਪੁਰ ਪਿੱਛੇ ਰਹਿਣ ਲਈ ਜਹਾਜੋਂ ਉਤਾਰ ਦਿੱਤਾ[5], ਅਤੇ ਸ਼੍ਰੀ ਹੀਰਾ ਸਿੰਘ ‘ਚਰੜ’ ਦਾ ਦਾਅਵਾ ਸੀ ਕਿ ਉਨ੍ਹਾਂ ਦਾ ਸਿੰਘਾਪੁਰ ਗਦਰ ਕਰਵਾਉਣ ਵਿਚ ਹੱਥ ਸੀ[6]। ਇਸੇ ਤਰ੍ਹਾਂ ਮਾਂਡਲੇ (ਬਰਮਾ) ਸਾਜ਼ਸ਼ ਕੇਸ ਵਿਚ ਕਾਫੀ ਸ਼ਹਾਦਤ ਦਸਦੀ ਹੈ ਕਿ ਸਿੰਘਾਪੁਰ ਗਦਰ ਕਰਵਾਉਣ ਵਿਚ ਮੌਲਵੀ ਮੁਜਤਬਾ ਹੁਸੈਨ (ਉਰਫ ਮੂਲ ਚੰਦ), ਜੋ ਗਦਰੀ ਇਨਕਲਾਬੀਆਂ ਨਾਲ ਫਿਲਪਾਈਨ ਤੋਂ ਸਿੰਘਾਪੁਰ ਆਏ ਸੀ ਅਤੇ ਸਿੰਘਾਪੁਰ ਦੇ ਗਦਰ ਤਕ ਉਥੇ ਹੀ ਰਹੇ,[7]। ਅਤੇ ਸ਼੍ਰੀ ਗਿਆਨ ਚੰਦ, ਜੋ ਸਿੰਘਾਪੁਰ ਦੇ ਗਦਰ ਤੋਂ ਪਹਿਲੋਂ ਗਦਰ ਪਾਰਟੀ ਦਾ ਮੈਂਬਰ ਸੀ[8], ਦਾ ਕਾਫੀ ਹੱਥ ਸੀ। ਸਿੰਘਾਪੁਰ ਦਾ ਗਦਰ ਇਤਫਾਕੀਆ


੧੨੩

  1. Third Case, Judgement, p. 61.
  2. Rowlatt Report, p. 170.
  3. Un-American Activities. p. 220.
  4. First Case, The Seduction of Troops. p. 5.
  5. econd Case, Judgement, p. 27.
  6. Ibid, p. 191.
  7. Rowlatt Report, p. 170.
  8. Mandlay Case, Judgement, p. 285.