ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

‘ਗਦਰ ਪਾਰਟੀ ਲਹਿਰ' ਦੇ ਇਤਿਹਾਸ ਦੀ ਵਿਸ਼ੇਸ਼ਤਾ

ਇਤਿਹਾਸਕ ਵਾਕਿਆਤ ਅਤੇ ਉਨ੍ਹਾਂ ਦੀ ਤਹਿ ਵਿਚ ਕਾਰਨਾਂ ਦੀ ਪੜਚੋਲ ਨੂੰ ਹਾਸ਼ੀਆ-ਆਰਾਈ ਕੀਤੇ ਬਗੈਰ ਪੇਸ਼ ਕੀਤੇ ਜਾਣਾ ਚਾਹੀਦਾ ਹੈ; ਪਰ 'ਗ਼ਦਰ ਪਾਰਟੀ ਲਹਿਰ' ਦੇ ਇਤਿਹਾਸ ਨਾਲ ਇਨਸਾਫ਼ ਕਰਨ ਖ਼ਾਤਰ ਚੰਦ ਇਕ ਦ੍ਰਿਸ਼ਟੀਕੋਨਾਂ, ਜਿਨ੍ਹਾਂ ਤੋਂ ਵੇਖਿਆਂ ਇਸ ਲਹਿਰ ਦੀ ਇਤਿਹਾਸਕ ਵਿਸ਼ੇਸ਼ਤਾ ਪ੍ਰਗਟ ਹੁੰਦੀ ਹੈ, ਦਾ ਜ਼ਿਕਰ ਕਰ ਦੇਣਾ ਬੇ-ਢੁਕਵਾਂ ਨਹੀਂ ਹੋਵੇਗਾ, ਖ਼ਾਸ ਕਰ ਜਦ ਕਿ ਇਨ੍ਹਾਂ ਵਿਚੋਂ ਕਈਆਂ ਦਾ ਕਈ ਇਤਿਹਾਸਕ ਅਹਿਮੀਅਤ ਵਾਲੇ ਸਵਾਲਾਂ ਨਾਲ ਸੰਬੰਧ ਹੈ।
'ਗਦਰ ਪਾਰਟੀ ਲਹਿਰ' ਹਿੰਦੀਆਂ ਦੀ ਸਭ ਤੋਂ ਪਹਿਲੀ ਗ਼ੈਰ-ਮਜ਼ਹਬੀ ਅਤੇ ਗੈਰ-ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ ਸੀ, ਜਿਸ ਨੇ ਪੰਚਾਇਤੀ ਕੌਮੀ ਰਾਜ (Republic) ਦਾ ਨਿਸ਼ਾਨਾ ਸਪੱਸ਼ਟ ਰੂਪ ਵਿਚ ਅਪਣਾਇਆ। ਜੇਕਰ ਇਹ ਕੇਵਲ ਇਤਫ਼ਾਕੀਆ ਅਮਰ ਹੁੰਦਾ ਤਾਂ, ਸਵਾਏ ਅੰਕੜਿਆਂ ਅਤੇ ਰਿਕਾਰਡਾਂ ਵਿਚ ਦਿਲਚਸਪੀ ਲੈਣ ਵਾਲਿਆਂ ਲਈ, ਇਸ ਦੀ ਆਪਣੇ ਆਪ ਵਿਚ ਕੋਈ ਭਾਵ-ਪੂਰਤ ਵਿਸ਼ੇਸ਼ਤਾ ਨਾ ਹੁੰਦੀ। ਪਰ ਰੂਸ ਵਿਚ ਕਿਰਤੀ ਰਾਜ ਕਾਇਮ ਹੋਣ ਤੋਂ ਪਹਿਲੋਂ, ਪੰਚਾਇਤੀ ਰਾਜ ਦੇ ਨਿਸ਼ਾਨੇ ਨੂੰ ਹੀ ਸਾਰੀ ਦੁਨੀਆਂ ਵਿਚ ਅਮਲੀ ਵਰਤੋਂ ਵਿਚ ਆਉਣ ਵਾਲਾ ਅਗੇ-ਵਧੂ ਰਾਜਸੀ ਆਦਰਸ਼ ਸਮਝਿਆ ਜਾਂਦਾ ਸੀ। ਹਿੰਦ ਵਿਚ ਤਾਂ ਉਸ ਵੇਲੇ ਫਿਰਕੂ ਜ਼ਹਿਨੀਅਤ ਅਤੇ ਮਹੌਲ ਦਾ ਬੋਲ ਬਾਲਾ ਸੀ, ਜਿਸ ਦੀ ਲੁਕਵੀਂ ਅਤੇ ਦਬੀ ਹੋਈ ਰੰਗਤ ਗੈਰ-ਫ਼ਿਰਕੂ ਕੌਮੀਅਤ ਦਾ ਦਾਅਵਾ ਕਰਨ ਵਾਲੇ ਅਨਸਰਾਂ ਵਿਚ ਵੀ ਕਈ ਵੇਰ ਪ੍ਰਗਟ ਹੋ ਜਾਂਦੀ, ਖ਼ਾਸ ਕਰ ਜਿਥੇ ਸਾਂਝੀ ਕੌਮੀਅਤ ਦੀ ਖ਼ਾਤਰ ਬਹੁਤੀ ਕੀਮਤ ਦੇਣ ਜਾਂ ਜਾਨ ਦਾ ਖ਼ਤਰਾ ਮੁੱਲ ਲੈਣ ਦਾ ਅਵਸਰ ਹੁੰਦਾ। ਹਿੰਦੀ ਇਨਕਲਾਬੀਆਂ ਵਿਚੋਂ ਬੰਗਾਲ ਦੇ ਤਰਾਸ-ਵਾਦੀ (Terrorist) ਦੇਸ਼-ਭਗਤ ਫ਼ਿਰਕੂ ਜ਼ਹਿਨੀਅਤ ਤੋਂ ਮੁਕਾਬਲਤੰ ਕਾਫ਼ੀ ਬੇਲਾਗ ਸਮਝੇ ਜਾਂਦੇ ਸਨ, ਪਰ ਉਨ੍ਹਾਂ ਨੇ ਵੀ ਇਕ ਤੈਅ ਕੀਤੀ ਹੋਈ ਨੀਤੀ ਅਨੁਸਾਰ ਮੁਸਲਮਾਨ ਭਰਾਵਾਂ ਨੂੰ ਆਪਣੀਆਂ ਜਥੇਬੰਦੀਆਂ ਵਿਚ ਸ਼ਾਮਲ ਕਰਨੋਂ ਸੰਕੋਚ ਕਰੀ ਰੱਖੀ[1]। ਪਹਿਲੇ ਸੰਸਾਰ ਯੁੱਧ ਤੋਂ ਪਹਿਲੋਂ ਹਿੰਦ ਵਾਸਤੇ 'ਡੋਮੀਨੀਅਨ ਸਟੇਟਸ’ ਦੀ ਮੰਗ ਵੀ ਜੇ ਕੀਤੀ ਜਾਂਦੀ ਤਾਂ ਬੜੀ ਦਬਵੀਂ ਆਵਾਜ਼ ਵਿਚ, ਅਤੇ ਇਸ ਤੋਂ ਢੇਰ ਚਿਰ ਪਿਛੋਂ ਕਾਂਗਰਸ ਨੇ ਬੜੀ ਜਕੋ ਤਕੋ ਅਤੇ ਕੌੜੇ ਤਜਰਬੇ ਮਗਰੋਂ ਪੂਰਨ ਸੁਤੰਤਰਤਾ ਦੇ ਰਾਜਸੀ ਨਿਸ਼ਾਨੇ ਦਾ ਐਲਾਨ ਕੀਤਾ। ਇਨ੍ਹਾਂ ਗੱਲਾਂ ਨੂੰ ਸਾਹਮਣੇ ਰਖਦਿਆਂ ਹੋਇਆਂ, 'ਗ਼ਦਰ ਪਾਰਟੀ ਲਹਿਰ' ਨਾ ਕੇਵਲ ਆਪਣੇ ਜ਼ਮਾਨੇ ਮੁਤਾਬਕ ਹਿੰਦ ਵਿਚਲੀਆਂ ਸਭ ਜ਼ਥੇਬੰਦ ਰਾਜਸੀ ਲਹਿਰਾਂ ਤੋਂ ਅਗੇ-ਵਧੂ ਸੀ, ਸਗੋਂ ਇਸ ਤੋਂ ਪਿਛੋਂ ਚਲੀਆਂ ਕਈ ਕੌਮੀ ਰਾਜਸੀ ਲਹਿਰਾਂ ਦੇ ਮੁਕਾਬਲੇ ਵੀ।
ਸੰਨ 1857 ਦੇ ਗ਼ਦਰ (ਜਦੋਂ ਸਾਂਝੀ ਹਿੰਦੀ ਕੌਮੀਅਤ ਦਾ ਅਹਿਸਾਸ ਤਕ ਨਹੀਂ ਸੀ, ਜਿਸ ਕਰਕੇ ਇਸ ਨੂੰ ਕੌਮੀ ਲਹਿਰ ਕਹਿਣਾ ਵੀ ਪਤਾ ਨਹੀਂ ਕਿਸ ਹੱਦ ਤਕ ਵਾਜਬ ਹੈ) ਪਿਛੋਂ ਚਲੀਆਂ ਅੰਗਰੇਜ਼ੀ ਰਾਜ ਵਿਰੋਧੀ ਗੈਰਮਜ਼ਬੀ ਅਤੇ ਗ਼ੈਰ-ਫ਼ਿਰਕੂ ਨਿਰੋਲ ਕੌਮੀ ਹੋਰ ਲਹਿਰਾਂ ਨਾਲੋਂ, 'ਗ਼ਦਰ ਪਾਰਟੀ ਲਹਿਰ' ਦੇ ਹਿੱਸੇ ਫਾਂਸੀਆਂ ਅਤੇ ਉਮਰ-ਕੈਦ ਸਜ਼ਾਵਾਂ ਦਾ ਸਭ ਤੋਂ ਵਧ ਛਾਂਦਾ ਆਇਆ। ਇਹ ਵੀ ਇਤਫ਼ਾਕੀਆ ਅਮਰ ਨਹੀਂ। ਇਹ ਹਕੀਕਤ 'ਗਦਰ ਪਾਰਟੀ ਲਹਿਰ' ਦੀ ਉਸ ਇਨਕਲਾਬੀ ਅਤੇ ਕੁਰਬਾਨੀ ਦੀ ਸਪਿੱਰਟ ਦਾ ਕੇਵਲ ਇਕ ਚਿਨ੍ਹ ਹੈ, ਜਿਸ ਦੇ ਮੁਕਾਬਲੇ ਦੀਆਂ ਮਿਸਾਲਾਂ ਅੰਗਰੇਜ਼ੀ ਰਾਜ ਵੇਲੇ ਦੇ ਇਤਿਹਾਸ ਵਿਚ ਜੇ ਹਨ ਤਾਂ ਬਹੁਤ ਟਾਂਵੀਆਂ। 'ਗ਼ਦਰ ਪਾਰਟੀ ਲਹਿਰ' ਦੇ ਵਾਕਿਆਤ ਨੂੰ ਵੀਚਾਰ ਕੇ, ਅਤੇ ਇਸ ਦੀ ਇਨਕਲਾਬੀ ਅਤੇ ਕੁਰਬਾਨੀ ਦੀ ਸਪਿਰਟ ਦੇ ਸਬੂਤ ਵਿਚ ਦਿਤੀਆਂ ਸ਼ਹਾਦਤਾਂ ਨੂੰ ਗਹੁ ਨਾਲ ਤੋਲ ਕੇ, ਪਾਠਕ ਆਪ ਨਿਰਣਾ ਕਰ ਸਕਦੇ ਹਨ ਕਿ ਇਨ੍ਹਾਂ ਵਿਚ ਕਿਸ ਹੱਦ ਤਕ

੧੭

  1. Rowlatt Report, p. 96