ਪੰਨਾ:ਗ਼ਦਰ ਪਾਰਟੀ ਲਹਿਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਚਾਈ ਹੈ । ਪਰ ਇਸ ਤਰ੍ਹਾਂ ਤਸੱਲੀ ਕਰ ਲੈਣ ਦੇ ਬਾਵਜੂਦ ਵੀ ਜੇ ਉਨ੍ਹਾਂ ਦੇ ਮਨ ਵਿਚ ਸ਼ੰਕਾ ਜਾਂ ਹੈਰਾਨੀ ਉਤਪਨ ਹੋਵੇ ਕਿ ਐਸੀ ਸਪਿਰਟ ਦਾ ਪ੍ਰਗਟਾਅ ਕਿਵੇਂ ਸੰਭਵ ਹੋਇਆ, ਤਾਂ ਐਸੇ ਸ਼ੰਕਾ ਜਾਂ ਹੈਰਾਨੀ ਨੂੰ 'ਗ਼ਦਰ ਪਾਰਟੀ ਲਹਿਰ' ਦੀ ਇਨਕਲਾਬੀ ਅਤੇ ਕੁਰਬਾਨੀ ਦੀ ਸਪਿੱਰਟ ਦੀ ਵਡਿਤਨ ਦਾ ਮਾਪ ਸਮਝਿਆ ਜਾਣਾ ਚਾਹੀਦਾ ਹੈ।
'ਗਦਰ ਪਾਰਟੀ ਲਹਿਰ' ਦੀ ਇਤਿਹਾਸਕ ਨਜ਼ਰੀਏ ਤੋਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ, ਭਾਵੇਂ ਕਈ ਊਣਤਾਈਆਂ ਦੇ ਕਾਰਨ ਇਹ ਆਪ ਫ਼ੇਲ ਹੋ ਗਈ, ਪਰ ਆਪਣੀ ਇਸ ਅਸਫ਼ਲਤਾ ਅਤੇ ਊਣਤਾਈਆਂ ਦੀ ਰੌਸ਼ਨੀ ਵਿਚ ਹੀ (ਕਿਉਂਕਿ ਊਣਤਾਈਆਂ ਐਸੀਆਂ ਸਨ ਜੋ ਸਹਿਜੇ ਦੂਰ ਹੋ ਸਕਦੀਆਂ ਸਨ, ਅਤੇ ਅਸਫ਼ਲਤਾ ਐਸੀ ਸੀ ਜੋ ਸਫ਼ਲਤਾ ਦੇ ਐਨ ਨੇੜੇ ਛੁਹ ਕੇ ਰਹਿ ਗਈ) ਇਸ ਨੇ ਸਾਫ਼ ਰਾਹ ਵਿਖਾ ਦਿੱਤਾ ਕਿ, ਖ਼ਾਸ ਕੌਮੀ ਅਤੇ ਕੌਮਾਂਤਰੀ ਹਾਲਾਤ ਦੀ ਹੋਂਦ ਵਿਚ, ਅੰਗਰੇਜ਼ੀ ਹਕੂਮਤ ਨੂੰ ਹਥਿਆਰਬੰਦ ਬਗਾਵਤ ਰਾਹੀਂ ਉਲਟਾਉਣਾ ਅਮਲੀ ਤੌਰ ਉਤੇ ਸੰਭਵ ਸੀ, ਅਤੇ ਇਸ ਤਰੀਕਾਕਾਰ ਨੂੰ ਅਮਲੀ ਵਰਤੋਂ ਵਿਚ ਆ ਸਕਣ ਵਾਲੀ ਪਾਲਿਸੀ ਦੇ ਤੌਰ ਉਤੇ ਧਾਰਨ ਕੀਤਾ ਜਾ ਸਕਦਾ ਸੀ। ਜੇਕਰ ਇਸ ਨਤੀਜੇ ਨੂੰ ਪ੍ਰਵਾਨ ਕਰ ਲਿਆ ਜਾਏ (ਅਤੇ ਇਸ ਦਾ ਨਿਰਣਾ ਵੀ ਪਾਠਕ ਲਹਿਰ ਦੇ ਇਤਿਹਾਸ, ਖ਼ਾਸ ਕਰ ਸੋਲ੍ਹਵੇਂ ਅਤੇ ਸਤਾਰਵੇਂ ਕਾਂਡਾਂ, ਨੂੰ ਗਹੁ ਨਾਲ ਵੀਚਾਰ ਕੇ ਆਪ ਕਰ ਸਕਦੇ ਹਨ), ਤਾਂ ਅੰਗਰੇਜ਼ੀ ਰਾਜ ਸਮੇਂ ਦੀ ਹਿੰਦੀ ਕੌਮੀ ਲਹਿਰ ਦੀ ਇਤਿਹਾਸਕ ਪੜਚੋਲ ਦੇ ਰਾਹ ਵਿਚੋਂ ਇਕ ਵਡੀ ਔਕੜ ਦੂਰ ਹੋ ਜਾਂਦੀ ਹੈ, ਅਤੇ ਇਸ ਪੜਚੋਲ ਨਾਲ ਸੰਬੰਧਤ ਕਈ ਇਕ ਬੜੇ ਅਹਿਮ ਸਵਾਲ ਉਤਪਨ ਹੁੰਦੇ ਹਨ।
ਅੰਗਰੇਜ਼ੀ ਦੀ ਕਹਾਵਤ ਹੈ ਕਿ 'ਸਫ਼ਲਤਾ ਸਭ ਨਾਲੋਂ ਵਧੇਰੇ ਸਫ਼ਲ ਹੈ'। ਜਿਨ੍ਹਾਂ ਹਾਲਾਤ ਵਿਚ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਮਿਲੀ ਹੈ, ਉਨਾਂ ਨੂੰ ਓਪਰੀ ਨਜ਼ਰੇ ਵੇਖਿਆਂ ਇਹੋ ਅਸਰ ਹੁੰਦਾ ਹੈ ਕਿ ਕਾਂਗਰਸ ਦਾ ਸ਼ਾਂਤਮਈ ਅੰਦੋਲਨ ਸਭ ਤੋਂ ਸਫ਼ਲ ਤਰੀਕਾਕਾਰ ਸੀ। ਇਸ ਵਿਚ ਸ਼ੱਕ ਵੀ ਨਹੀਂ ਕਿ, ਸਦੀਆਂ ਤੋਂ ਚਲੀ ਆ ਰਹੀ ਬੇਇਤਫ਼ਾਕੀ ਅਤੇ ਕੌਮੀ ਨਿਢਾਲਤਾ ਨੂੰ ਸਾਹਮਣੇ ਰੱਖਦਿਆਂ ਹੋਇਆਂ, ਹਿੰਦੀ ਜਨਤਾ ਦੀ ਸਪਿੱਰਟ ਨੂੰ ਉਭਾਰਨ ਲਈ ਸ਼ਾਂਤਮਈ ਦਾ ਅੰਦੋਲਨ ਇਕ ਵਧੀਆ ਢੰਗ ਸੀ। ਪਰ ਇਸ ਨਜ਼ਰੀਏ ਨੂੰ ਪ੍ਰਵਾਨ ਕਰਨ ਦੇ ਰਾਹ ਵਿਚ ਕਈ ਵਜ਼ਨੀ ਵੀਚਾਰਾਂ ਅਤੇ ਵਾਕਿਆਤ ਹਨ ਕਿ ਅੰਗਰੇਜ਼ੀ ਨੂੰ ਹਿੰਦ ਛੱਡਣ ਲਈ ਮਜਬੂਰ ਕਰਨ ਵਾਸਤੇ ਅੰਤਮ ਫ਼ੈਸਲਾ-ਕੁਨ ਤਾਕਤ ਸ਼ਾਂਤਮਈ ਅੰਦੋਲਨ ਸਾਬਤ ਹੋਈ।
ਦੂਸਰੇ ਸੰਸਾਰ ਯੁੱਧ ਦੇ ਦੌਰਾਨ ਵਿਚ ਕਾਂਗਰਸ ਨੇ “ਹਿੰਦ ਛੋੜੋ" ('Quit India') ਲਹਿਰ ਦੀ ਸ਼ਕਲ ਵਿਚ ਸਿਰ ਧੜ ਵਾਲੀ ਅਖੀਰਲੀ ਬਾਜ਼ੀ ਲਾ ਦਿਤੀ। ਪਰ ਇਹ ਲਹਿਰ ਅੰਗਰੇਜ਼ੀ ਹਕੂਮਤ ਦੇ ਮੁਕਾਬਲੇ ਕਿਤਨੀ ਬੇਬਸ ਸੀ, ਇਹ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ, ਜਰਮਨੀ ਅਤੇ ਪਿਛੋਂ ਜਾਪਾਨ ਦੀਆਂ ਆਰਜ਼ੀ ਫ਼ੌਜੀ ਜਿੱਤਾਂ ਦੇ ਕਾਰਨ ਡਾਢੇ ਸ਼ਕੰਜੇ ਵਿਚ ਫਸੇ ਹੋਣ ਦੇ ਬਾਵਜੂਦ, ਅੰਗਰੇਜ਼ੀ ਹਕੂਮਤ ਨੇ ਕਾਂਗਰਸ ਦੀਆਂ ਰਾਜਸੀ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਤੱਕ ਦੇਣੋਂ ਨਾਂਹ ਕਰ ਦਿਤੀ | ਕਾਂਗਰਸ ਦੀਆਂ ਮੰਗਾਂ ਠੁਕਰਾਏ ਜਾਣ ਦੇ ਬਾਵਜੂਦ, ਕਾਂਗਰਸੀ ਨੇਤਾਵਾਂ ਨੂੰ ਇਸ ਦੇ ਸਿਵਾਏ ਹੋਰ ਕੋਈ ਰਾਹ ਨਹੀਂ ਸੀ ਸੁਝਦਾ ਕਿ ਅੰਗਰੇਜ਼ੀ ਹਕੂਮਤ ਨਾਲ ਸਮਝੌਤੇ ਲਈ ਰਾਹ ਢੂੰਡਣ ਦਾ ਮੁੜ ਮੁੜ ਜਤਨ ਕਰਨ। ਏਥੋਂ ਤੱਕ ਕਿ 'ਮਹਾਤਮਾ' ਗਾਂਧੀ' ਵੀ ਆਪਣੇ ਸ਼ਾਂਤਮਈ ਅਸੂਲ ਦੇ ਉਲਟ ਇਸ ਗੱਲ ਨਾਲ ਰਜ਼ਾਮੰਦ ਹੋ ਗਏ ਕਿ, ਜੇ ਕਰ ਅੰਗਰੇਜ਼ੀ ਹਕੂਮਤ ਦੀਆਂ ਸ਼ਰਤਾਂ ਮੰਨ ਲਵੇ ਤਾਂ ਕਾਂਗਰਸ ਬੇਸ਼ਕ ਉਸ ਨੂੰ ਸੰਸਾਰ ਯੁੱਧ ਵਿਚ ਸਫਲਤਾ ਪ੍ਰਾਪਤ ਕਰਨ ਵਿਚ ਮਿਲਵਰਤਣ ਦੇ ਦੇਵੇ ।[1] ਜਿਥੇ ਇਹ ਗੱਲ 'ਮਹਾਤਮਾ' ਗਾਂਧੀ ਦੀ ਅਤਿ

੧੮

  1. "In later months, leading up to August 1942, Gandhiji's nationalism and intense desire for freedom, made him even agree to Congress participation in the war if India could function as a free country. For him this was a remarkable and astonishing change, involving suffering of the mind and pain of the spirit. In the conflict between that principle of nonviolence which had become→