ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਰਥਿਕ

ਪੰਜਾਬੀ ਕਿਸਾਨ ਦਾ ਆਚਾਰ ਘੜਨ ਵਿੱਚ ਆਰਥਕ ਹਾਲਾਤ ਦੇ ਹੋਏ ਅਸਰਾਂ ਨੂੰ ਵੀਚਾਰਨ ਵਾਸਤੇ ਇਹ ਜ਼ਰੂਰੀ ਹੈ ਕਿ ਪੰਜਾਬ ਦੀ ਪੇਂਡੂ ਆਰਥਕ ਅਤੇ ਇਸ ਨਾਲ ਸੰਬੰਧਤ ਸਮਾਜਕ ਬਣਤਰ ਬਾਰੇ ਮੁੱਖ ਰੂਪ ਵਿਚ ਕੁਝ ਜਾਣਿਆਂ ਜਾਏ ਅਤੇ ਮੁਕਾਬਲਤੰ ਸਹੀ ਅੰਦਾਜ਼ਾ ਲਾਉਣ ਖਾਤਰ ਬਾਕੀ ਹਿੰਦ ਦੀਆਂ ਪੇਂਡੂ ਆਰਥਕ ਅਤੇ ਸਮਾਜਕ ਬਣਤਰਾਂ ਨਾਲ ਸਰਸਰੀ ਮੁਕਾਬਲਾ ਕੜਾ ਜਾਏ । ਇਹ ਇਸ ਵਾਸਤੇ ਵੀ ਬੜਾ ਜ਼ਰੂਰੀ ਹੈ ਕਿਉਂਕਿ ਆਰਥਕ ਪੇਂਡੂ ਬਣਤਰ ਦਾ ਪੰਜਾਬੀ ਕਿਸਾਨ ਉਤੇ ਹੋਏ ਸਮਾਜਕ ਅਤੇ ਰਾਜਸੀ ਹਲਾਤ ਦੇ ਅਸਰਾਂ ਨਾਲ ਵੀ ਗੁੜਾ ਸੰਬੰਧ ਹੈ । ਪੇਂਡੂ ਆਰਥਕ ਬਣਤਰ ਦੀ ਕੁੰਜੀ ਜ਼ਮੀਨ ਦੀ ਵੰਡ ਅਤੇ ਜ਼ਮੀਨ ਨਾਲ ਸੰਬੰਧਤ ਹੱਕਾਂ ਦਾ ਵੇਰਵਾ ਹੈ । ਇਸ ਆਧਾਰ ਉਤੇ ਹਿੰਦ ਦੀ ਪੇਂਡੂ ਆਰਥਕ ਅਤੇ ਸੰਬੰਧਤ ਕਿਸਾਨ ਭਾਈ ਚਾਰਕ ਬਣਤਰਾਂ ਨੂੰ ਮੁਖ ਰੂਪ ਵਿਚ ਤਿਨਾਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ[1]:

(ੳ) ਰਸ਼ੀਅਤ-ਵਾੜੀ ਨਮੂਨਾ:-

ਇਸ ਨਮੂਨੇ ਦੀ ਬਣਤਰ ਦਾ ਵਧੇਰੇ ਸੰਬੰਧ ਗੈਰ-ਆਰੀਆ ਦਰਾਵੜ ਆਦਿ ਨਸਲਾਂ ਦੀਆਂ ਜਾਤੀਆਂ ਨਾਲ ਸੀ ਅਤੇ ਇਸ ਨਮੂਨੇ ਦੀ ਬਣਤਰ ਦੇ ਪਿੰਡ ਬਹੁਤਾ ਉਥੇ ਮਿਲਦੇ ਹਨ ਜਿਥੇ ਗੈਰ-ਆਰੀਆ ਜਾਤੀਆਂ ਵਧੇਰੇ ਫੈਲੀਆਂ ਹੋਈਆਂ ਸਨ ਅਤੇ ਜਿਥੇ ਉਨਾਂ ਦੇ ਪਰਬੰਧ ਵਿਚ ਘੱਟ ਤੋਂ ਘੱਟ ਮਦਾਖਲਤ ਹੋਈ[2]। ਰਯੀਅਤ-ਵਾੜੀ ਨਮੂਨੇ ਦੇ ਪਿੰਡ ਦੇ ਵਡੇ ਵਡੇ ਅਗੇ ਇਹ ਸਨ ਕਿ ਹਰ ਇਕ ਕਿਸਾਨ ਦਾ ਹੱਕ ਅਤੇ ਵਾਸਤਾ ਕੇਵਲ ਉਸ ਜ਼ਮੀਨ ਨਾਲ ਹੁੰਦਾ ਜੋ ਉਹ ਆਪ ਵਾਹੁੰਦਾ । ਸਰਕਾਰੀ ਮਾਲੀਏ ਦੇ ਲਿਹਾਜ ਨਾਲ ਹਰ ਇਕ ਕਿਸਾਨ ਅੱਡ ਅੱਡ ਜ਼ਿਮੇਂਵਾਰ ਹੁੰਦਾ । ਸਵਾਏ ਡੰਗਰ ਚਾਰਨ ਦੇ ਹੱਕ ਦੇ ਪਿੰਡ ਦੀ ਰੱਕੜ ਤੋਂ ਵਿੱਚ ਉਸਦਾ ਮਾਲਕੀ ਦਾ ਹੱਕ ਨਾ ਹੁੰਦਾ । ਪਿੰਡ ਦੇ ਸਮੁਚੇ ਕਿਸਾਨ ਭਾਈਚਾਰੇ ਵਿਚਕਾਰ ਜਾਂ ਤਾਂ ਲਹੁ ਦੀ ਸਾਂਝ ਹੁੰਦੀ ਹੀ ਨਾ, ਜਾਂ ਜੇ ਕਦੇ ਬਹੁਤ ਪੁਰਾਣੇ ਜ਼ਮਾਨੇ ਵਿੱਚ ਹੁੰਦੀ ਤਾਂ ਉਸ ਦੀ ਯਾਦ ਭੁਲ ਗਈ ਹੁੰਦੀ। ਪਿੰਡ ਦਾ ਪਰਬੰਧ ਪੰਚਾਇਤ ਦੀ ਬਜਾਏ ਇਕ ਪਰਬੰਧਕ (ਪਟੇਲ) ਕਰਦਾ ਜੋ ਕਿਸਾਨਾਂ ਵਲੋਂ ਚੁਣਿਆ ਨਾ ਹੁੰਦਾ ਅਤੇ ਜਿਸ ਦੀ ਪਦਵੀ ਵਿਰਾਸਤੀ ਹੁੰਦੀ । ਇਥੋਂ ਤਕ ਕਿ ਜੇ ਕਦੀ ਉਜੜੇ ਪਿੰਡ ਨੂੰ ਮੁੜ ਵਸਾਉਣਾ ਹੁੰਦਾ ਤਾਂ ਉਸ ਦੇ ਪੁਰਾਣੇ ਪਟੇਲ ਦੇ ਵਾਰਸ ਨੂੰ ਕੋਸ਼ਸ਼ ਨਾਲ ਲੱਭ ਕੇ ਉਮ ਨੂੰ ਪਟੇਲ ਬਣਾਇਆ ਜਾਂਦਾ[3] । ਪਟੇਲ ਦੇ ਹੁਕਮ ਦੀ ਕਿਸਾਨਾਂ ਨੂੰ ਪਾਲਣਾ ਕਰਨੀ ਪੈਂਦੀ ਅਤੇ ਪਟੇਲ ਦਾ ਮਕਾਨ ਪਿੰਡ ਵਿੱਚ ਸਭ ਤੋਂ ਵਧੀਆ ਹੁੰਦਾ। ਉਸਦੇ ਕੰਮ ਅਤੇ ਪਦਵੀ ਦੇ ਇਵਜ਼

ਵਿੱਚ ਉਸ ਨੂੰ ਜ਼ਮੀਨ ਦਾ ਵਧੀਆ ਟਕੜਾ ਦਿੱਤਾ ਜਾਂਦਾ ਅਤੇ ਪਿੰਡ ਦੇ ਰਸਮੋਂ ਰਿਵਾਜ ਅਤੇ ਮਾਣ-ਵਡਿਆਈ ਦੇ ਲਿਹਾਜ਼ ਨਾਲ ਵੀ ਉਸਦਾ ਦਰਜਾ ਪਿੰਡ ਵਿੱਚ ਸਭ ਤੋਂ ਵੱਡਾ ਹੁੰਦਾ[4]। (ਅ) ਜ਼ਿਮੀਦਾਰੀ ਅਥਵਾ ਤੁਅੱਲਕਦਾਰੀ ਨਮੂਨਾ:-

ਇਸ ਕਿਸਮ ਦੇ ਪਿੰਡ ਵਧੇਰੇ ਉਨ੍ਹਾਂ ਇਲਾਕਿਆਂ ਵਿਚ ਮਿਲਦੇ ਹਨ ਜਿਥੇ ਜੇਤੂ ਆਰੀਆ ਦੇ ਹਾਕਮ ਅਨਸਰਾਂ ਨੇ ਦਰਾਵੜ ਆਦਿ ਹਾਰੀਆਂ ਹੋਈਆਂ ਜਾਤੀਆਂ ਦੀਆਂ ਜ਼ਮੀਨਾਂ ਉਤੇ ਮਾਲਕੀ ਆਦਿ ਦੇ ਵਧੀਆ ਹੱਕ ਜਮਾ ਲਏ, ਪਰ ਹਾਰੀਆਂ ਹੋਈਆਂ ਜਾਤੀਆਂ ਨੂੰ ਆਪਣੇ ਰਾਹਕ (Tenant) ਬਣਾ ਕੇ ਖੇਤੀ ਬਾੜੀ ਦਾ ਕੰਮ ਉਨਾਂ ਦੇ ਸਪੁਰਦ ਕਰ ਦਿੱਤਾ, ਕਿਉਂਕਿ ਆਰੀਆ ਦਾ ਹਾਕਮ ਤਬਕਾ ਵਾਹੀ ਦੀ ਕਿਰਤ ਨੂੰ ਨੀਵਾਂ ਕੰਮ ਸਮਝਣ ਲੱਗ ਪਿਆ ਸੀ । ਮੁਸਲਮਾਨ ਹਾਕਮਾਂ ਨੇ ਵੀ ਇਹੋ ਤਰੀਕਾ ਅਪਣਾ ਲਿਆ ਅਤੇ ਓਹ ਵੀ ਤਅੱਲਕਦਾਰੀ ਨਮੂਨੇ ਦੇ ਪਿੰਡ ਕਾਇਮ ਕਰਕੇ ਆਪਣੇ ਵਾਰਸਾਂ ਨੂੰ ਦੇ ਗਏ । ਇਸ ਨਮੂਨੇ ਦੇ ਪਿੰਡਾਂ ਦੇ ਵਡੇ ਵਡੇ ਅੰਗ ਇਹ ਸਨ। ਪਿੰਡ ਦੀ ਜ਼ਮੀਨ ਦੀ ਮਲਕੀਅਤ ਅਤੇ ਇਸ ਸੰਬੰਧੀ ਵਧੀਆ ਕਿਸਮ ਦੇ ਹੱਕ ਜ਼ਿਮੀਂਦਾਰਾਂ ਅਥਵਾ ਤਅੱਲਕਦਾਰਾਂ ਅਤੇ ਉਨਾਂ ਦੇ ਵਾਰਸਾਂ ਦੇ ਹੁੰਦੇ ਜੋ ਅਮੂਮਨ ਆਪ ਹੱਥੀਂ ਵਾਹ ਨਾ ਕਰਦੇ ਅਤੇ ਜਿਨ੍ਹਾਂ ਦੀ ਗਿਣਤੀ ਰਾਹਕਾਂ ਦੇ ਮੁਕਾਬਲੇ ਅਕਸਰ ਬਹੁਤ ਘਟ ਹੁੰਦੀ । ਪਿੰਡ ਦੀ ਜ਼ਮੀਨ ਅਤੇ ਇਸ ਨਾਲ ਸੰਬੰਧਤ ਰੱਕੜ ਰਕਬਾ ਸਰਕਾਰੀ ਮਾਲੀਆ ਦੇਣ ਦੇ ਲਿਹਾਜ਼ ਨਾਲ ਜ਼ਿਮੀਂਦਾਰਾਂ ਅਬਵਾ ਤਅੱਲਕਦਾਰਾਂ ਅਤੇ ਉਨਾਂ ਦੇ ਵਾਰਸਾਂ ਦਾ ਸਮੁੱਚੇ ਤੌਰ ਉੱਤੇ ਸਾਂਝੀ ਮਲਕੀਅਤ ਸਮਝਿਆ ਜਾਂਦਾ। ਦੂਸਰੇ ਲਫਜ਼ਾਂ ਵਿਚ ਸਰਕਾਰੀ ਮਾਲੀਆ ਦੇਣ ਦੀ ਜ਼ਿਮੇਂਵਾਰੀ ਸਮੁੱਚੇ ਤੌਰ ਉੱਤੇ ਸਭ ਜ਼ਿਮੀਂਦਾਰਾਂ ਦੀ ਸਾਂਝੀ ਹੁੰਦੀ । ਪਿੰਡ ਦਾ ਇੱਕ ਪਰਬੰਧਕ (ਪਟੇਲ) ਨਾ ਹੁੰਦਾ, ਸਗੋਂ ਇਸ ਦਾ ਪਰਬੰਧ ਜ਼ਿਮੀਂਦਾਰਾਂ ਅਥਵਾ ਤਅੱਲਕਦਾ ਅਤੇ ਉਨਾਂ ਦੇ ਵਾਰਸਾਂ ਦੀ ਪੰਚਾਇਤ ਕਰਦੀ । ਪਿੰਡ ਦੀ ਪੰਚਾਇਤ ਅਤੇ ਇਸ ਦੇ ਪਰਬੰਧ ਵਿੱਚ ਰਾਹਕਾਂ ਦੀ ਉੱਕਾ ਆਵਾਜ਼ ਨਾ ਹੁੰਦੀ । ਨਾ ਹੀ ਉਨ੍ਹਾਂ ਦਾ ਖੇਤੀ ਬਾੜੀ ਦੇ ਹਾਣ ਲਾਭ ਨਾਲ ਸੰਬੰਧ ਹੁੰਦਾ ਅਤੇ ਨਾ, ਸਵਾਏ ਪਸੁ ਚਰਾਉਣ ਦੇ ਹੱਕ ਦੇ, ਪਿੰਡ ਦੀ ਰੱਕੜ ਜ਼ਮੀਨ ਵਿੱਚ ਹਿੱਸਾ ਹੁੰਦਾ[5]। (ਇ) ਕਬਾਇਲੀ ਨਮੂਨਾ:-

ਇਸ ਕਿਸਮ ਦੇ ਪਿੰਡ ਵਧੇਰੇ ਉਨਾਂ ਇਲਾਕਿਆਂ ਵਿਚ ਮਿਲਦੇ ਹਨ ਜਿਥੇ ਉਨ੍ਹਾਂ ਆਰੀਆਂ ਜਾਂ ਉਨਾਂ ਦੇ ਪਿਛੋਂ ਹਿੰਦ ਵਿਚ ਆਏ ਉਨਾਂ ਕਬਾਇਲੀ ਅਨਸਰਾਂ ਦਾ ਜ਼ੋਰ ਰਿਹਾ ਹੈ ਜਿਹੜੇ ਰਾਜਿਆਂ ਦੇ ਪਰਬੰਧ ਦੇ ਅਸਰ ਹੇਠ ਬਹੁਤ ਘਟ ਆਏ । ਅਜਿਹੇ ਪਿੰਡਾਂ ਦੀ ਵਾਹੀ ਵਾਲੀ ਅਤੇ ਰੱਕੜ ਜ਼ਮੀਨ ਦੀ ਮਲਕੀਅਤ ਸਰਕਾਰੀ ਮਾਲੀਏ ਦੇ ਲਿਹਾਜ਼ ਨਾਲ ਸਮੁਚੇ ਤੌਰ ਉਤੇ ਪਿੰਡ ਦੇ ਕਿਸਾਨ ਭਾਈਚਾਰੇ ਦੀ ਸਮਝੀ ਜਾਂਦੀ। ਕਿਸਾਨਾਂ ਵਿਚਕਾਰ ਅਕਸਰ ਲਹੂ ਦੀ ਸਾਂਝ ਹੁੰਦੀ ਅਤੇ ਪਿੰਡ ਦਾ ਪਰਬੰਧ ਕਿਸਾਨਾਂ ਦੀ ਚੁਣੀ ਹੋਈ ਪੰਚਾਇਤ ਦੇ ਹੱਥ ਹੁੰਦਾ । ਓਪਰੀ ਨਜ਼ਰੇ ਵੇਖਿਆਂ ਇਸ ਲਿਹਾਜ਼ ਨਾਲ ਕਬਾਇਲੀ ਨਮੂਨੇ ਦਾ ਪਿੰਡ ਜ਼ਿਮੀਦਾਰੇ ਨਮੂਨੇ ਦੇ ਪਿੰਡ ਨਾਲ ਮਿਲਦਾ ਜਾਪਦਾ ਹੈ । ਪਰ ਜ਼ਿਮੀਦਾਰੇ


  1. B. H. Baden-Powell ਇਸ ਮਜ਼ਮੂਨ ਦੇ ਮਾਹਿਰ ਮੰਨੇ ਗਏ ਹਨ ਅਤੇ ਉਨਾਂ ਨੇ ਆਪਣੀ ਰਚਿਤ ਕਿਤਾਬ “The Indian Village Community’ ਵਿਚ ਇਸ ਮਸਲੇ ਨੂੰ ਬੜੀ ਯੋਗਤਾ ਅਤੇ ਸਾਇੰਸ ਦੇ ਤੋਲਵੇਂ ਤਰੀਕੇ ਅਨੁਸਾਰ ਵੀਚਾਰਿਆ ਹੈ। ਇਥੇ ਦਿਤੀ ਗਈ ਵੰਡ ਉਨ੍ਹਾਂ ਦੀ ਲਿਖਤ ਦੇ ਆਧਾਰ ਉਤੇ ਹੈ ਅਤੇ ਉਸ ਦੇ ਉਲਟ ਨਹੀਂ, ਪਰ ਮਜ਼ਮੂਨ ਨੂੰ ਮੁਖਤਸਰ ਅਤੇ ਸੁਖੱਲ ਤਰੀਕੇ ਨਾਲ ਪੇਸ਼ ਕਰਨ ਖਾਤਰ ਮਜ਼ਮੂਨ ਦੀਆਂ ਲਫ਼ਜ਼ੀ ਬਰੀਕੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਵੰਡ ਨੂੰ ਥੋੜੀ ਵਖਰੀ ਤਰਤੀਬ ਦਿੱਤੀ ਗਈ ਹੈ।
  2. Baden-Powell, p. 183.
  3. Ibid, p. 15.
  4. Baden-Powell, pp. 11.19.
  5. Baden-Powell, PP. 20-26, 190.193.