ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੀ[1] । ਮੁਸਲਮਾਨ ਹਾਕਮਾਂ ਦੀ ਵੀ ਨਾ ਆਪਣੀ ਇਤਨੀ ਗਿਣਤੀ ਸੀ, ਅਤੇ ਨਾ ਰਾਜ ਪਰਬੰਧ ਦਾ ਇਤਨਾ ਤਜੱਰਬਾ, ਕਿ ਓਹ ਸਿਵਾਏ ਥੋੜੇ ਇਲਾਕੇ ਦੇ ਮੁਲਕ ਦਾ ਸਿਵਲ ਪਰਬੰਧ ਆਪਣੇ ਸਿਰ ਬਸਿਰ ਕਰ ਸਕਦੇ। ਪੰਜਾਬ ਦਾ ਪੇਂਡੂ ਪਰਬੰਧ ਪਿੰਡ ਦੇ ਪੈਂਚਾਂ ਦੇ ਹੱਥ ਹੀ ਰਹਿੰਦਾ ਬਸ਼ਰਤੇ ਕਿ ਸਰਕਾਰੀ ਮਾਲੀਆ ਤਰੀ ਜਾਂਦਾ । ਕਿਉਂਕਿ ਪੰਜਾਬ ਦੇ ਪਿੰਡਾਂ ਦੇ ਪੈਂਚਾਂ ਦੀ ਉਥੋਂ ਦੇ ਕਿਸਾਨਾਂ ਨਾਲ ਅਮੂਮਨ ਲਹੂ ਦੀ ਸਾਂਝ ਹੁੰਦੀ, ਅਤੇ ਉਨ੍ਹਾਂ ਦੇ ਆਰਥਕ ਅਤੇ ਭਾਈਚਾਰਕ ਹਿੱਤ ਸਾਂਝੇ ਹੁੰਦੇ, ਇਸ ਕਰਕੇ ਪੇਂਡੂ ਪਰਬੰਧ ਅਤੇ ਰਵਾਇਤਾਂ ਵਿਚ ਬਦੇਸ਼ੀ ਰਾਜ ਦਾ ਬਹੁਤਾ ਦਖਲ ਨਹੀਂ ਸੀ ਹੁੰਦਾ[2] । ਕੇਂਦਰੀ ਪੰਜਾਬ ਦੇ ਕਿਸਾਨਾਂ ਦੀ ਜਮਹੂਰੀ ਸਪਿਰਟ ਮੁਸਲਮਾਨਾਂ ਦੇ ਰਾਜ ਨੇ ਖਤਮ ਨਹੀਂ ਸੀ ਕਰ ਦਿੱਤੀ, ਇਹ ਇਸ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਤੋਂ ਪਹਿਲੋਂ ਸਿਖ ਮਿਸਲਾਂ ਦੀ ਬਣਤਰ ਜਮਹੂਰੀ ਨਮੂਨੇ ਦੀ ਸੀ । ਰਣਜੀਤ ਸਿੰਘ ਤੋਂ ਪਿਛੋਂ ਖਾਲਸਾ ਫੌਜ ਵਿੱਚ ਫਿਰ ਪੰਚਾਇਤੀ ਕਮੇਟੀਆਂ ਦਾ ਜ਼ੋਰ ਪੈ ਗਿਆ। ਇਹ ਸਭ ਗੱਲਾਂ ਜ਼ਾਹਰ ਕਰਦੀਆਂ ਹਨ ਕਿ ਪੰਜਾਬੀ ਕਿਸਾਨ ਨੇ ਆਪਣੀਆਂ ਕਬਾਇਲੀ ਰਵਾਇਤਾਂ ਵਿਚ ਜੋ ਆਜ਼ਾਦੀ ਦੀ ਅਤੇ ਪੰਚਾਇਤੀ ਸਪਿਰਟ ਵਿਰਸੇ ਵਿਚ ਲਈ, ਉਹ ਇਤਨੀ ਜ਼ਬਰਦਸਤ ਸੀ ਕਿ ਨਾ-ਮੁਆਫਕ ਹਾਲਾਤ ਵਿਚ ਦੱਬੇ ਜਾਣ ਪਿੱਛੋਂ ਮੁੜ ਮੁੜ ਸੁਰਜੀਤ ਹੁੰਦੀ ਰਹੀ। ਪੰਜਾਬ ਉੱਤੇ ਹੋਏ ਬਦੇਸ਼ੀ ਹਮਲਿਆਂ ਦੀ ਕਹਾਣੀ ਇਤਹਾਸ ਦੇ ਪੱਤਰੇ ਪੱਤਰੇ ਉੱਤੇ ਉੱਕਰੀ ਹੋਈ ਹੈ ਅਤੇ ਇਤਨੀ ਉੱਘੀ ਹੈ ਕਿ ਇਸ ਦਾ ਕੇਵਲ ਜ਼ਿਕਰ ਕਰ ਦੇਣਾ ਹੀ ਕਾਫੀ ਹੈ । ਇੱਕ ਮਿਥੇ ਸਮੇਂ ਵਿਚ ਇਤਨੇ ਬਦੇਸ਼ੀ ਹਮਲਿਆਂ ਦੀ ਮਾਰ ਦੁਨੀਆਂ ਦੇ ਹੋਰ ਟਾਂਵੇਂ ਭਾਗਾਂ ਦੇ ਹੀ ਹਿੱਸੇ ਆਈ ਹੋਵੇਗੀ। ਇਕ ਹਮਲਾਆਵਰ ਦੇ ਅਜੇ ਪੈਰ ਨਹੀਂ ਸਨ ਜੰਮਦੇ ਕਿ ਉਸ ਨੂੰ ਆਪਣੇ ਨਵੇਂ ਜਿੱਤੇ ਇਲਾਕਿਆਂ ਦੀ ਰੱਖਿਆ ਲਈ ਪਿਛੋਂ ਆਉਂਦੇ ਇਕ ਹੋਰ ਹਮਲਾਆਵਰ ਨਾਲ ਲੜਨਾ ਪੈਂਦਾ। ਇਨ੍ਹਾਂ ਬਦੇਸ਼ੀ ਹਮਲਿਆਂ ਦਾ ਵਾਰ ਬਹੁਤਾ ਪੰਜਾਬ ਨੂੰ ਹੀ ਝਲਣਾ ਪੈਂਦਾ, ਕਿਉਂਕਿ ਦਿੱਲੀ ਪੁੱਜਣ ਤਕ ਅਕਸਰ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਹੋ ਗਿਆ ਹੁੰਦਾ ਅਤੇ ਇਨ੍ਹਾਂ ਦਾ ਜ਼ੋਰ ਘਟ ਜਾਂਦਾ । ਨਾ ਹੀ ਪੰਜਾਬ ਵਿਚ ਬਾਕੀ ਦੇ ਹਿੰਦ ਵਾਂਗੂੰ, ਮੈਗਸਥਨੀਜ਼ ਦੇ ਬਿਆਨ ਮੁਤਾਬਿਕ, ਕਿਸਾਨਾਂ ਦਾ ਲੜਾਈ ਨਾਲ ਵਾਸਤਾ ਨਾ ਹੁੰਦਾ ਅਤੇ ਓਹ ਲਾਪਰਵਾਹੀ ਨਾਲ ਲੜਾਈ ਦੇ ਮੈਦਾਨ ਦੇ ਕੋਲ ਹੀ ਬੇਖੱਟਕਾ ਹੱਲ ਵਾਹੀ ਜਾ ਸਕਦੇ[3] । ਪੰਜਾਬ ਵਿਚ ਜਦ ਬਦੇਸ਼ੀ ਹਮਲਾਆਵਰ ਦਾਖਲ ਹੁੰਦੇ ਤਾਂ ਉਨ੍ਹਾਂ ਦੇ ਦਿਲ ਵਿਚ ਇਥੋਂ ਦੇ ਵਸਨੀਕਾਂ ਦੇ ਵਿਰੁਧ ਨਸਲੀ ਅਤੇ ਜਾਤੀ ਨਫਰਤ ਤੋਂ ਇਲਾਵਾ ਓਹ ਦੁਸ਼ਮਣੀ ਵੀ ਹੁੰਦੀ ਜੋ ਉਨ੍ਹਾਂ ਵਿਰੁਧ ਪੈਦਾ ਹੁੰਦੀ ਹੈ ਜਿਨ੍ਹਾਂ ਨਾਲ ਲੜਨਾ ਪਵੇ । ਮੁਸਲਮਾਨਾਂ ਦੇ ਮਨਾਂ ਵਿੱਚ ਤਾਂ ਕਾਫਰਾਂ ਵਿਰੁੱਧ ਧਾਰਮਕ ਕਿਸਮ ਦੀ ਨਫਰਤ ਵੀ ਸੀ । ਫਿਰ ਪੰਜਾਬ ਦੇ ਜੱਟ ਕਿਸਾਨ ਚੁਪ ਕਰਕੇ ਨਹੀਂ ਸਨ ਬੈਠਦੇ । ਓਹ ਪਿਛਲੀਆਂ ਹੋਈਆਂ ਹਾਰਾਂ ਦੇ ਕਾਰਨ ਝੱਲੇ ਕਸ਼ਟਾਂ ਨੂੰ ਭੁਲਾਕੇ ਹਰ ਇਕ ਪਰਤ ਰਹੀ ਫੌਜ ਦੇ ਪਿਛਲੇ ਦਸਤਿਆਂ ਉੱਤੇ ਟੁੱਟ ਕੇ ਪੈ ਜਾਂਦੇ, ਭਾਵੇਂ ਇਹ ਫੌਜ ਮਹਮੂਦ ਗਜ਼ਨਵੀ ਦੀ ਹੁੰਦੀ, ਨਾਦਰ ਸ਼ਾਹ ਦੀ, ਜਾਂ ਐਹਮਦ ਸ਼ਾਹ ਅਬਦਾਲੀ ਦੀ[4] । ਜੱਟਾਂ ਤੋਂ ਤੰਗ

ਆਕੇ ਮਹਮੂਦ ਗਜ਼ਨਵੀ ਨੇ ਯਾਰ੍ਹਵਾਂ ਹੱਲਾ ਇਨ੍ਹਾਂ ਨੂੰ ਸੋਧਣ ਲਈ ਹੀ ਕੀਤਾ[5] । ਇਨ੍ਹਾਂ ਬਦੇਸ਼ੀ ਹਮਲਿਆਂ ਅਤੇ ਪੰਜਾਬ ਦੀ ਜਨਤਾ ਨਾਲ ਇਨ੍ਹਾਂ ਦੇ ਟਕਰਾਉ ਨਾਲ ਜੋ ਕਤਲਾਮ, ਤਬਾਹੀ ਅਤੇ ਬਰਬਾਦੀ ਹੁੰਦੀ ਹੋਵੇਗੀ, ਉਸ ਦਾ ਅਨੁਮਾਨ ਉਨ੍ਹਾਂ ਮਿਸਾਲਾਂ ਤੋਂ ਲਗ ਸਕਦਾ ਹੈ ਜੋ ਇਤਿਹਾਸ ਵਿਚ ਦਰਜ ਹਨ[6], ਅਤੇ ਇਸ ਤੋਂ ਵੀ ਕਿ ਉਸ ਜ਼ਮਾਨੇ ਵਿਚ ਦੁਸ਼ਮਣ ਨਾਲ ਨਰਮਾਈ ਨਾਲ ਵਰਤਾਉ ਕਰਨ ਦਾ ਰਿਵਾਜ ਨਹੀਂ ਸੀ । ਪੰਜਾਬ ਵਿਚ ਜੋ ਚੱਪੇ ਚੱਪੇ ਉੱਤੇ ਪਿੰਡਾਂ ਦੇ ਥੇਹ ਹਨ, ਓਹ ਵੀ ਇਸ ਬਰਬਾਦੀ ਦੀਆਂ ਮੂੰਹੋਂ ਬੋਲਦੀਆਂ ਨਿਸ਼ਾਨੀਆਂ ਹਨ । ਅਜਿਹੇ ਹਾਲਾਤ ਵਿਚੋਂ ਲੰਘਣ ਦੇ ਬਾਵਜੂਦ, ਪੰਜਾਬੀ ਕਿਸਾਨ ਦਾ ਤਕਰੀਬਨ ਦੋ ਹਜ਼ਾਰ ਸਾਲ ਪੰਜਾਬ ਦੀ ਧਰਤੀ ਨਾਲ ਚਿਮੜੇ ਰਹਿਣਾ, ਉਸ ਦੀ ਬਹਾਦਰੀ, ਦ੍ਰਿੜਤਾ, ਹੱਠ ਅਤੇ ਲੱਚਕ ਦੇ ਹੱਕ ਵਿਚ ਵੱਡੀ ਭਾਰੀ ਸ਼ਹਾਦਤ ਹੈ।

ਤਬਾਹੀ ਅਤੇ ਬਰਬਾਦੀ ਸਿਰਫ ਬਦੇਸ਼ੀ ਫੌਜਾਂ ਦੇ ਹਮਲਿਆਂ ਕਾਰਨ ਹੀ ਨਹੀਂ ਸੀ ਹੁੰਦੀ । ਕਿਸੇ ਬਾਦਸ਼ਾਹੀ ਦੇ ਟੁੱਟਣ ਜਾਂ ਕਮਜ਼ੋਰ ਹੋ ਜਾਣ ਨਾਲ, ਰਾਜਸੀ ਤਾਕਤ ਮੱਲਣ ਵਾਸਤੇ ਖਾਨਾਜੰਗੀ ਸ਼ੁਰੂ ਹੋ ਜਾਂਦੀ, ਜਿਸ ਵਿਚ ਕੇਵਲ ‘ਜਿਸ ਕੀ ਲਾਠੀ ਉਸ ਕੀ ਭੈਂਸ' ਦੇ ਅਸੂਲ ਦੀ ਵਰਤੋਂ ਹੁੰਦੀ । ਖਾਨਾਜੰਗੀ ਅਤੇ ਬਦਅਮਨੀ ਦੇ ਅਜਿਹੇ ਮੌਕਿਆਂ ਉੱਤੇ ਪੰਜਾਬ ਦੇ ਜੱਟਾਂ ਦੀਆਂ ਆਪਸ ਵਿਚਕਾਰ ਲੜਾਈਆਂ ਸ਼ੁਰੂ ਹੋ ਜਾਂਦੀਆਂ । ਜੱਟਾਂ ਦਾ ਇਹ ਮੰਨਿਆਂ ਪਰਮੰਨਿਆਂ ਖਾਸਾ ਰਿਹਾ ਹੈ ਕਿ ਉਹ ਬਾਹਰਲੇ ਸਾਂਝੇ ਖਤਰੇ ਦੇ ਮੁਕਾਬਲੇ ਲਈ ਇਕੱਠੇ ਹੋ ਕੇ ਲੜਦੇ, ਪਰ ਇਸ ਦੀ ਅਣਹੋਂਦ ਵਿਚ ਆਪਸ ਵਿਚ ਜੁਟ ਪੈਂਦੇ[7] । ਇਸ ਤਰ੍ਹਾਂ ਪੰਜਾਬ ਦੇ ਪਿੰਡ ਪਿੰਡ ਖਾਨਾ ਜੰਗੀ ਦੀ ਹਾਲਤ ਹੋ ਜਾਂਦੀ । ਸਿਖ ਰਾਜ ਤਕ ਪੰਜਾਬ ਵਿਚ ਛੋਟੇ ਛੋਟੇ ਬੇਗਿਣਤ ਕਿਲ੍ਹੇ ਬਣੇ ਹੋਏ ਸਨ, ਜਿਨ੍ਹਾਂ ਵਿਚੋਂ ਲੁਟੇਰੇ ਨਿਕਲ ਕੇ ਉਦਾਲੇ ਪੁਦਾਲੇ ਦੇ ਲੋਕਾਂ ਨੂੰ ਲੁਟ ਲੈਂਦੇ । ਸ੍ਵੈ-ਰੱਖਿਆ ਲਈ ਕਿਸਾਨਾਂ ਨੂੰ ਆਪਣੇ ਪਿੰਡ ਕਿਲ੍ਹੇ- ਬੰਧ ਕਰਨੇ ਪੈਂਦੇ ਅਤੇ ਖੂਹਾਂ ਉੱਤੇ ਵੀ ਛੋਟੇ ੨ ਹਿਫ਼ਾਜ਼ਤੀ ਮੁਨਾਰੇ ਬਨਾਉਣੇ ਪੈਂਦੇ[8] । “ਕਿਸਾਨ ਹੱਲ ਵਾਹੁਣ ਵੇਲੇ ਵੀ ਤਲਵਾਰ ਆਪਣੇ ਨਾਲ ਰੱਖਦਾ ਅਤੇ ਮਾਲੀਆ ਉਗਰਾਹੁਣ ਵਾਲਾ ਆਪਣੇ ਨਾਲ ਰਜਮੈਂਟ ਲੈਕੇ ਆਉਂਦਾ[9] ।”

ਬਦੇਸ਼ੀ 'ਹੱਲਿਆਂ ਅਤੇ ਖਾਨਾਜੰਗੀ ਤੋਂ ਪੈਦਾ ਹੋਏ ਇਹ ਹਾਲਾਂਤ ਇਕ ਲਗਾਤਾਰ ਲਾਮਬੰਦੀ ਦੇ ਤੁੱਲ ਸਨ, ਜਿਨ੍ਹਾਂ ਦੇ ਪੰਜਾਬ ਦੀਆਂ ਸਾਰੀਆਂ ਜਾਤੀਆਂ ਉੱਤੇ ਵਧ ਘਟ ਅਸਰ ਹੋਏ । ਪੰਜਾਬੀ ਕਿਸਾਨਾਂ ਦੀ ਲੜਾਕੂ ਸ਼ਕਤੀ ਲਗਾਤਾਰ ਚਮਕਦੀ ਰਹੀ; ਬਲਕਿ ਉਹ ਕੁਝ ਹੱਦ ਤਕ ਕੇਵਲ ਲੜਾਈ ਦੇ ਸ਼ੌਕ ਦੀ ਖਾਤਰ ਲੜਨ ਦੇ ਆਦੀ ਹੋ ਗਏ । ਇਨ੍ਹਾਂ ਹਾਲਾਤ ਕਰਕੇ ਹੀ ਪੰਜਾਬ ਵਿਚ ਸਦੀਆਂ ਬੱਧੀ ਜਾਨ ਮਾਲ ਸੁਰੱਖਅੱਤ ਨਹੀਂ ਰਹੇ, ਜਿਸ ਕਰਕੇ ਇਥੋਂ ਦੇ ਵਸਨੀਕਾਂ, ਖਾਸ ਕਰ ਕਿਸਾਨਾਂ, ਵਿਚ ਜੁਆਰੀਆਂ ਵਾਂਗੂੰ ਸੁਭਾਵਕ ਤੌਰ ਉੱਤੇ ਜਾਨ ਦੀ ਬਾਜੀ ਲਾ ਦੇਣ ਦੀ ਸਪਿਰਟ ਭਰ ਗਈ । ਕਿਸੇ ਕੰਮ ਦੇ ਨਤੀਜੇ ਸੋਚੇ ਵੀਚਾਰੇ ਬਗੈਰ ‘ਹੋਊ, ਵੇਖੀ ਜਾਊ’ ਕਹਿਕੇ ਓਹ


੧੧

  1. Baden-Powell, p. 193.
  2. †Ibid, pp. 425-6.
  3. Cumbridge History, i, p. 410; The Punjab and the War, M. S. Leign, p. 4
  4. Qanungo, p. 30.
  5. Qanungo, p. 31.
  6. ਤੈਮੂਰ ਨੇ ੧੦੦੦੦ ਹਿੰਦੂ ਭਟਨੇਰ ਕਤਲ ਕੀਤੇ ਅਤੇ ਇਕ ਸੁਖ ਕੈਦੀ ਦਿੱਲੀ ਦੀ ਜਿੱਤ ਤੋਂ ਪਹਿਲਾਂ ।
  7. Census Report, para 424.
  8. Trevaskis, p. 185.
  9. Ibid, p. 191.