ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕਿ ਅਮਰੀਕਾ ਦੇ ਆਜ਼ਾਦ ਖਿਆਲੀ ਵਾਲੇ ਮਹੌਲ ਦਾ ਹਿੰਦੀਆਂ ਉੱਤੇ ਬਹੁਤ ਡੂੰਘਾ ਅਸਰ ਹੋਇਆ। ਇਸ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਅੰਗਰੇਜ਼ੀ ਸਾਮਰਾਜ ਹੇਠ ਹਿੰਦ ਦੇ ਹਾਲਾਤ ਅਤੇ ਅਮਰੀਕਾ ਦੇ ਹਾਲਾਤ (ਬਾਵਜੂਦ ਉਨ੍ਹਾਂ ਵਿਚ ਕਈ ਕਮੀਆਂ ਹੋਣ ਦੇ) ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਸੀ।

ਲਾਲਾ ਹਰਦਿਆਲ ਨੇ ਅਮਰੀਕਾ ਦੇ ਹਾਲਾਤ ਬਾਰੇ ਆਪਣੇ ਇਕ ਲੇਖ ਵਿਚ ਲਿਖਿਆ ਹੈ ਕਿ, “ਅਮਰੀਕਾ ਦੇ ਝੰਡੇ ਹੇਠ ਕੋਈ ਵੀ ਖਿਆਲ ਅਤੇ ਕੰਮ ਦੇ ਉੱਚੇ ਮੰਡਲ ਵਿਚ ਉਡਿਆਂ ਬਿਨਾਂ ਨਹੀਂ ਰਹਿ ਸਕਦਾ। ਦੁਨੀਆ ਦੇ ਇਤਹਾਸ ਵਿਚ ਸਭ ਤੋਂ ਵੱਡੇ ਪੰਚਾਇਤੀ ਰਾਜ ਦਾ ਵੱਡਾ ਝੰਡਾ ਬੁਜ਼ਦਿਲੀ, ਅਧੀਨਤਾ, ਵਹਿੰਦੀਆਂ ਕਲਾਂ ਅਤੇ ਉਦਾਸੀਨਤਾ ਨੂੰ ਇਸਤਰ੍ਹਾਂ ਸਾੜ ਦਿੰਦਾ ਹੈ ਜਿਵੇਂ ਅੱਗ ਮਿਲਾਵਟ ਨੂੰ, ਸਾੜ ਕੇ ਪਿਛੇ ਸਾਫ ਸੋਨਾ ਰਹਿਣ ਦਿੰਦੀ ਹੈ[1]।” ਲਾਲਾ ਹਰਦਿਆਲ ਆਪਣੇ ਸੁਭਾ ਅਨੁਸਾਰ ਇਕ ਬੰਨੇ ਬਹੁਤ ਉੱਲਰ ਜਾਂਦੇ ਸਨ, ਅਤੇ ਉਨ੍ਹਾਂ ਦੀ ਉਪਰਲੀ ਲਿਖਤ ਸਰੀਹਨ ਤੋਲਵੀਂ ਨਹੀਂ। ਪਰ ਜਿਵੇਂ ਅਗੇ ਜ਼ਿਕਰ ਕੀਤਾ ਜਾ ਚੁਕਾ ਹੈ, ਇਸ ਲਿਖਤ ਦਾ ਸੰਬੰਧ ਅਮਰੀਕਾ ਦੇ ਹਾਲਾਤ ਦੀ ਅਸਲੀਅਤ ਦੀ ਜਾਂਚ ਪੜਤਾਲ ਕਰਨ ਨਾਲ ਇਤਨਾ ਨਹੀਂ, ਜਿਤਨਾ ਇਹ ਵੇਖਣ ਨਾਲ ਕਿ ਉਨ੍ਹਾਂ ਦਾ ਉੱਥੇ ਗਏ ਹਿੰਦੀਆਂ ਦੇ ਮਨ ਉੱਤੇ ਕੀ ਅਸਰ ਹੋਇਆ। ਭਾਈ ਪਰਮਾਨੰਦ, ਜੋ ਮੁਕਾਬਲਤੰ ਬੜੇ ਗੰਭੀਰ ਸੁਭਾ ਦੇ ਸਨ, ਵੀ ਲਿਖਦੇ ਹਨ ਕਿ, “ਅਮਰੀਕਾ ਵਿਚ ਹਰ ਇਕ ਥਾਂ ਮਨੁਖ ਦੀ ਬਰਾਬਰੀ ਦਾ ਅਹਿਸਾਸ ਉੱਚੀ ਡਿਗਰੀ ਤਕ ਪਾਇਆ ਜਾਂਦਾ ਹੈ। ਰੇਲਾਂ ਵਿਚ ਸਿਰਫ ਇਕੋ ਕਲਾਸ ਹੈ।............ਪੱਛਮੀ ਰਿਆਸਤਾਂ ਵਿਚ ਬਰਾਬਰੀ ਦੇ ਅਸੂਲ ਉੱਤੇ ਸਿਰੇ ਦੀ ਵਰਤੋਂ ਹੁੰਦੀ ਹੈ। ਮਿਸਾਲ ਦੇ ਤੌਰ ਉੱਤੇ ਕਾਲਜਾਂ ਵਿਚ ਸੇਵਾਦਾਰਾਂ (Attendants) ਨੂੰ ਉਹੋ ਤਨਖਾਹ ਮਿਲਦੀ ਹੈ ਜੋ ਪ੍ਰੋਫੈਸਰਾਂ ਨੂੰ ਸ਼ੁਰੂ ਸ਼ੁਰੂ ਵਿਚ ਮਿਲਦੀ ਹੈ। ਫਰਕ ਕੇਵਲ ਇਹ ਹੁੰਦਾ ਹੈ ਕਿ ਪ੍ਰੋਫੈਸਰ ਵਿਦਿਆ ਦਾਨ ਦੇ ਕੇ ਸ਼ੋਹਰਤ ਖੱਟ ਲੈਂਦੇ ਹਨ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਵਿਦਿਆਰਥੀ ਪ੍ਰੋਫੈਸਰਾਂ ਦਾ ਕੋਈ ਉਚੇਚਾ ਸਨਮਾਨ ਨਹੀਂ ਕਰਦੇ[2]।”

ਜਦ ਪੜ੍ਹੇ ਲਿਖੇ ਹਿੰਦੀਆਂ ਉੱਤੇ ਅਮਰੀਕਾ ਦੇ ਹਾਲਾਤ ਦਾ ਇਹ ਅਸਰ ਹੁੰਦਾ ਸੀ, ਤਾਂ ਉਥੇ ਗਏ ਹਿੰਦੀ ਕਾਮਿਆਂ, ਜੋ ਬਹੁਤਾ ਪੜ੍ਹੇ ਲਿਖੇ ਨਹੀਂ ਸਨ, ਉੱਤੇ ਇਸ ਤੋਂ ਵੀ ਵੱਧ ਅਸਰ ਹੋਣਾ ਜ਼ਰੂਰੀ ਸੀ। ਬਦੇਸ਼ਾਂ ਦਾ ਸਫਰ ਆਪਣੇ ਆਪ ਵਿਚ ਅੱਖਾਂ ਖੋਲ੍ਹਣ ਅਤੇ ਸੋਚ-ਢੰਗ ਨੂੰ ਖੁਲ੍ਹਿਆਂ ਅਤੇ ਵਸੀਹ ਕਰਨ ਦਾ ਅਸਰ ਰੱਖਦਾ ਹੈ। ਜਾਪਾਨ ਦੀ ਮਿਸਾਲ, ਏਕਤਾ ਦੀ ਬਰਕਤ, ਅਤੇ ਸਾਇੰਸ ਤੇ ਸਨਅਤ ਦੀ ਤਰੱਕੀ ਨੂੰ ਉਨ੍ਹਾਂ ਅੱਖੀਂ ਵੇਖਿਆ। ਪਰ ਸਭ ਤੋਂ ਵੱਡਾ ਉਹ ਅਸਰ ਸੀ ਜੋ ਅਮਰੀਕਾ ਵਿਚ ਪੱਛਮੀ ਸਭਿਅਤਾ ਅਤੇ ਆਜ਼ਾਦ ਵਾਯੂਮੰਡਲ ਦਾ ਉਨ੍ਹਾਂ ਨੂੰ ਪਹਿਲਾ ਜੀਉਂਦਾ ਜਾਗਦਾ (living) ਜ਼ਾਤੀ ਤਜਰਬਾ ਹੋਇਆ। ਹਿੰਦੁਸਤਾਨ ਵਿਚ ਵੱਡੀ ਤੋਂ ਵੱਡੀ ਹਮਤੀ ਗੁਲਾਮੀ ਦੀ ਠੋਕਰ ਤੋਂ ਨਿਰਲੇਪ ਨਹੀਂ ਸੀ ਰਹਿ ਸਕਦੀ, ਅਤੇ ਆਮ ਹਿੰਦੀਆਂ ਵਾਸਤੇ डां ਪੁਲਸ ਦਾ ਜਬਰ ਅਤੇ ਅਫਸਰਾਂ ਦਾ ਖਰਵਾਪਨ ਸਾਧਾਰਨ ਤਜੱਰਬਾ ਸੀ। ਪਰ ਅਮਰੀਕਾ ਵਿਚ, ਨਸਲੀ ਵਿਤਕਰੇ ਦੀ ਹੋਂਦ ਦੇ ਬਾਵਜੂਦ, ਹਾਲਾਤ ਹਿੰਦ ਨਾਲੋਂ ਬਿਲਕੁਲ ਵਖਰੇ ਸਨ, ਜਿਸ ਫਰਕ

ਦਾ ਉਨ੍ਹਾਂ ਉੱਤੇ ਉਸੇ ਤਰ੍ਹਾਂ ਦਾ ਅਸਰ ਹੋਇਆ ਜਿਵੇਂ ਜਮਾਂਦਰੂ ਅੰਨ੍ਹੇ ਨੂੰ ਇਕ ਦਮ ਵਿਖਾਈ ਦੇਣ ਨਾਲ ਹੋ ਸਕਦਾ ਹੈ। ਉਨ੍ਹਾਂ ਆਜ਼ਾਦੀ ਅਤੇ ਗੁਲਾਮੀ ਵਿਚ ਫਰਕ ਦਿਨ ਰਾਤ ਦੇ ਫਰਕ ਵਾਂਗੂੰ ਸਪੱਸ਼ਟ ਹੋ ਗਿਆ। ਸਿੱਟਾ ਇਹ ਨਿਕਲਿਆ ਕਿ ਹੁਣ ਓਹ ਬਤੌਰ ਹਿੰਦੀ ਕੌਮ ਵਡੇ ਦਾਇਰੇ ਵਿਚ ਸੋਚਣ ਲੱਗ ਪਏ। ਉਨ੍ਹਾਂ ਵਿਚ ਇਕ ਨਵੀਂ ਸਪਿੱਰਟ ਅਤੇ ਨਵਾਂ ਉਤਸ਼ਾਹ ਪੈਦਾ ਹੋ ਗਿਆ। ਅਮਰੀਕਾ ਅਤੇ ਕੈਨੇਡਾ ਦੇ ਹਿੰਦੀਆਂ ਵਿਚ ਜੋ ਇਸਤਰ੍ਹਾਂ ਕੌਮੀ ਜਾਗਰਤੀ, ਦੇਸ਼ ਭਗਤੀ ਅਤੇ ਕੌਮੀਅਤ ਦੀ ਨਵੀਂ ਸਪਿੱਰਟ ਪੈਦਾ ਹੋਈ (ਅਤੇ ਜਿਨ੍ਹਾਂ ਕਾਰਨਾਮਿਆਂ ਵਿਚ ਇਹ ਪਿਛੋਂ ਪ੍ਰਗਟ ਹੋਈ), ਉਸ ਦੀ ਨਿਗਰਤਾ ਦਾ ਹਿੰਦ ਵਿਚਲੀ ਕਿਸੇ ਰਾਜਸੀ ਲਹਿਰ ਨਾਲ ਮੁਕਾਬਲਾ ਕਰਨਾ ਤਾਂ ਇਕ ਬੰਨੇ ਰਿਹਾ, ਉਸ ਬਾਰੇ ਅੰਗਰੇਜ਼ੀ ਰਾਜ ਸਮੇਂ ਦੇ ਉਸ ਹਿੰਦੀ ਨੂੰ ਯਕੀਨ ਆਉਣਾ ਵੀ ਕੱਠਣ ਹੈ ਜਿਸ ਨੂੰ ਹਿੰਦ ਤੋਂ ਬਾਹਰ ਅਮਰੀਕਾ ਵਰਗੇ ਆਜ਼ਾਦ ਮੁਲਕ ਦੇ ਵਾਯੂਮੰਡਲ ਦਾ ਜ਼ਾਤੀ ਤਜੱਰਬਾ ਨਾ ਹੋਇਆ ਹੋਵੇ। ਗਦਰ ਪਾਰਟੀ ਦਾ ਸਾਰਾ ਇਤਹਾਸ ਇਸ ਦੀ ਗਵਾਹੀ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਗਵਾਹੀਆਂ ਹਨ।

ਜਰਨੈਲ ਸਵੇਰ, ਵੈਸਟ ਇੰਡੀਜ਼ ਦੇ ਗਵਰਨਰ ਸਨ-ਅਤੇ ਬਰਤਾਨਵੀ ਸਰਕਾਰ ਵਲੋਂ ਕੈਨੇਡਾ ਵਿਚਲੇ ਹਿੰਦੀਆਂ ਬਾਰੇ ਕੈਨੇਡਾ ਸਰਕਾਰ ਨਾਲ ਵੀਚਾਰ ਕਰਨ ਵਾਸਤੇ ਭੇਜੇ ਗਏ ਸਨ। ਵੈਨਕੋਵਰ (ਕੈਨੇਡਾ) ਦੇ ਅਖਬਾਰ ‘ਦੀ ਵਰਲਡ' ਦੇ ੧੪ ਦਸੰਬਰ, ਸੰਨ ੧੯੦੮, ਦੇ ਪਰਚੇ ਵਿਚ ਉਨ੍ਹਾਂ ਦੀ ਅਖਬਾਰੀ ਮੁਲਾਕਾਤ (interview) ਦਾ ਹਾਲ ਛਪਿਆ। ਜਰਨੈਲ ਸਵੇਮ ਨੇ ਆਖਿਆ ਕਿ, “ਇਕ ਗੱਲ ਜਿਹੜੀ ਹਿੰਦੀਆਂ ਦੀ ਏਥੇ, ਜਾਂ ਕਿਸੇ ਹੋਰ ਗੋਰੀ ਆਬਾਦੀ ਵਾਲੇ ਮੁਲਕ ਵਿਚ, ਹੋਂਦ ਨੂੰ ਰਾਜਸੀ ਤੌਰ ਉੱਤੇ ਨਾ-ਮੁਨਾਸਬ ਬਣਾਉਂਦੀ ਹੈ, ਉਹ ਗੋਰਿਆਂ ਨਾਲ ਰਚ ਮਿਚ ਜਾਣਾ ਹੈ ਜੋ ਓਹ ਜਲਦੀ ਕਰ ਲੈਂਦੇ ਹਨ। ਇਸ ਦੀ ਇਕ ਮਿਸਾਲ ਜਾਤ ਪਾਤ ਦੇ ਇਸ ਇਲਾਕੇ ਵਿੱਚੋਂ ਇਕ ਦੱਮ ਉੱਡ ਜਾਣ ਦੀ ਹੈ, ਜਿਹੜਾ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਕਿਸਤਰ੍ਹਾਂ ਇਕ ਦੂਜੇ ਦੀ ਮਦਦ ਕਰਦੇ ਹਨ[3]।”

ਲਾਲਾ ਹਰਦਿਆਲ ਜਦ ਯੂਰਪ ਤੋਂ ਪਹਿਲੀ ਵੇਰ ਅਮਰੀਕਾ ਗਏ ਤਾਂ ਉੱਥੋਂ ਦੇ ਹਿੰਦੀਆਂ ਵਿਚ ਆਈ ਤਬਦੀਲੀ ਵੇਖਕੇ ਹੈਰਾਨ ਹੋ ਗਏ। ਗਦਰ ਪਾਰਟੀ ਬਣਨ, ਜਾਂ ਇਸ ਬੰਨੇ ਕੋਈ ਕਦਮ ਚੁਕਣ ਤੋਂ, ਬਹੁਤ ਪਹਿਲੋਂ ਉਨ੍ਹਾਂ ਅਮਰੀਕਾ ਗਏ ਹਿੰਦੀ ਕਾਮਿਆਂ ਬਾਰੇ ਲਿਖਿਆ ਕਿ, “ਓਹ ਜਲਦੀ ਹੀ ਦੇਸ਼ਭਗਤੀ ਦਾ ਤਿੱਖਾ ਜਜ਼ਬਾ ਪੈਦਾ ਕਰ ਲੈਂਦੇ ਹਨ, ਅਤੇ ਇਹ ਜਜ਼ਬਾ ਆਪਣੇ ਹਮਵਤਨਾਂ ਦੀ ਸੇਵਾ, ਪਬਲਕ ਮਾਮਲਿਆਂ ਵਿਚ ਦਿਲਚਸਪੀ, ਧਾਰਮਕ ਜਾਗਰਤਾ, ਦੇਸ ਜਾਕੇ ਆਜ਼ਾਦ ਵਿਹਾਰ ਕਰਨ ਦੀ ਲਾਲਸਾ, ਅਤੇ ਸਮੁਚੇ ਲਾਭ ਖਾਤਰ ਮਾਇਆ ਦੇ ਗਹਿਰੇ ਗੱਫੇ ਦਾਨ ਕਰਨ ਲਈ ਸਦਾ ਤੱਤਪਰ ਰਹਿਣ ਵਿਚ ਜ਼ਾਹਰ ਹੁੰਦਾ ਹੈ। ਇਸ ਕਰਕੇ ਸਿਖ ਨੂੰ ਆਪਣੇ ਇਥੋਂ ਦੇ ਬਦੇਸ਼ੀ ਸਫਰ ਤੋਂ ਮਾਇਕ ਅਤੇ ਇਖਲਾਕੀ ਦੋਹਾਂ ਤਰ੍ਹਾਂ ਫਾਇਦਾ ਪੁਜਦਾ ਹੈ। ਉਹ ਬਦਲਿਆ ਹੋਇਆ ਨਵਾਂ ਆਦਮੀ ਬਣ ਜਾਂਦਾ ਹੈ। ਉਸ ਦੀ ਆਰਥਕ ਅਤੇ ਇਖਲਾਕੀ ਗੁਰਬਤ ਦੂਰ ਹੋ ਜਾਂਦੀ ਹੈ। ਉਸ ਵਿਚ ਪ੍ਰੇਮਾਨ ਆ ਜਾਂਦਾ ਹੈ। ਉਹ ਹੁਣ ਇਹ ਨਹੀਂ ਸੋਚਦਾ ਕਿ ਹਿੰਦੀ ਫ਼ੌਜ ਵਿਚ ਰਿਸਾਲਦਾਰੀ ਉਸ ਲਈ ਦੁਨਿਆਵੀ ਮਾਰ ਦਾ ਸਿਰਾ ਹੈ। ਉਹ ਵੇਖਦਾ ਹੈ ਕਿ ਅੰਗਰੇਜ਼ਾਂ ਤੋਂ ਬਿਨਾਂ, ਦੁਨੀਆਂ ਵਿਚ ਹੋਰ ਵੀ ਤਾਕਤਾਂ ਹਨ। ਚੁਪ ਚਾਪ ਪਰ ਯਕੀਨੀ ਤੌਰ ਉੱਤੇ ਉਸ ਦੇ ਮਨ ਅੰਦਰ ਇਕ ਵੱਡੀ ਜੁਗਗਰਦੀ ਵਾਪਰਦੀ ਹੈ .......


੨੧

  1. Modern Review, July, 1911, pp. 1-11.
  2. Bh. Parmanand, p. 58.
  3. Modern Review, August, 1913, pp.29 140-149.