ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣੋਂ ਜਵਾਬ ਮਿਲਣ ਦੇ ਕਾਰਨ ਓਹ ਹੁਣ ਨਾ ਘਰ ਜੋਗੇ ਰਹੇ ਸਨ ਨਾ ਘਾਟ ਜੋਗੇ, ਅਤੇ ਬੇਸਰੋ ਸਾਮਾਨ ਧੁਰ ਪੂਰਬ ਦੇ ਦੇਸਾਂ ਵਿਚ ਦਿਨ ਕਟੀ ਕਰ ਰਹੇ ਸਨ। ਦੂਸਰਾ ਵੱਡਾ ਕਾਰਨ ਇਹ ਸੀ ਕਿ ‘ਗਦਰ’ਅਖਬਾਰ ਬਿਨਾਂ ਲਾਗ ਲਪੇਟ ਦੇ ਸਿੱਧੇ ਸਾਫ ਠੁਲੇ ਲਫਜ਼ਾਂ ਵਿਚ ਅੰਗਰੇਜ਼ਾਂ ਵਿਰੁਧ ਹਥਿਆਰ ਬੰਦ ਇਨਕਲਾਬ ਦਾ ਪ੍ਰਚਾਰ ਕਰਦਾ ਸੀ। ਮਾਂਡਲੇ ਕੇਸ ਦੇ ਫੈਸਲੇ ਵਿਚ ਲਿਖਿਆ ਹੈ ਕਿ, “ਇਹ (ਗ਼ਦਰ ਅਖਬਾਰ) ਐਨ ਓਸੇ ਤਰ੍ਹਾਂ ਦਾ ਹੈ ਜਿਸਤਰ੍ਹਾਂ ਦਾ ਇਸ ਦਾ ਨਾਮ ਹੈ ........ ਸਾਜ਼ਸ਼ ਅਮੂਮਨ ਆਪਣੇ ਭਾਵ ਲੁਕਵੇਂ ਤਰੀਕੇ ਨਾਲ ਦੋਹਰੇ ਅਰਥ ਰੱਖਣ ਵਾਲੇ ਲਫਜ਼ਾਂ ਦੀ ਓਟ ਲੈ ਕੇ ਜ਼ਾਹਰ ਕਰਦੀ ਹੈ। ਪਰ ਗਦਰ ਲੁਕੋ ਨਹੀਂ ਰੱਖਦਾ ਅਤੇ ਸਿੱਧੀ ਗਲ ਕਰਦਾ ਹੈ[1]। ਇਹ ਤਰੀਕਾ ਕਾਰ ਬਦੇਸ਼ਾਂ ਵਿਚ ਗਏ ਪੰਜਾਬੀ ਅਨਸਰ ਦੇ, ਸਦੀਆਂ ਦੇ ਹਾਲਾਤ ਦੇ ਕਾਰਨ, ਲਹੂ ਵਿਚ ਰਚਿਆ ਹੋਇਆ ਸੀ। ਅਰਥਾਤ ਗਦਰ ਨੇ ਪੰਜਾਬੀ ਕਿਸਾਨ ਦੇ ਦਿਲ ਦੀ ਆਪਣੀ ਬੋਲੀ ਬੋਲੀ, ਜੋ ਉਸ ਦੇ ਸੁਭਾਉ ਦੇ ਐਨ ਮੁਤਾਬਕ ਸੀ[2]। ਪਰ ਆਪਣੀ ਜ਼ਿੰਦਗੀ ਵਿਚ ਇਸ ਨੂੰ ਪਹਿਲੀ ਵੇਰ ਸੁਣਨ ਦਾ ਮੌਕਿਆ ਮਿਲਨ ਦੇ ਕਾਰਨ, ਪੰਜਾਬੀ ਕਿਸਾਨ ਨੂੰ ਕੁਝ ਗੈਰ-ਸਾਧਾਰਨ ਮਸਤੀ ਚੜ੍ਹ ਗਈ—ਇਤਨੀ ਮਸਤੀ ਕਿ ਜਦ ਅਮਰੀਕਾ ਤੋਂ ਗਦਰ ਪਾਰਟੀ ਦੇ ਜਥੇ ਦੇਸ ਨੂੰ ਆਜ਼ਾਦ ਕਰਾਉਣ ਲਈ ਹਿੰਦ ਨੂੰ ਆਏ, ਤਾਂ ਰਸਤੇ ਵਿਚ ਜਾਪਾਨ, ਸ਼ੰਘਾਈ, ਹਾਂਗ ਕਾਂਗ, ਮਨੀਲਾ ਅਤੇ ਸਿੰਘਾ ਪਰ ਪੰਜਾਬੀ ਅਨਸ ਨੂੰ ਨਾਲ ਮਿਲਾਉਣ ਲਈ ਕੇਵਲ ਇਕ ਇਕ ਦੋ ਦੋ ਦਿਨ ਦਾ ਉਨ੍ਹਾਂ ਨਾਲ ਮਾਮੂਲੀ ਮੇਲ ਮਿਲਾਪ ਕਾਫੀ ਕਾਰਗਰ ਸਾਬਤ ਹੋਇਆ[3]

ਪਹਿਲੇ ਕੇਸ ਦੇ ਫੈਸਲੇ ਵਿਚ ਜੋ ‘ਗਦਰ’ਦੀ ਲਿਖਤ ਦੀ ਵੰਨਗੀ ਦਿਤੀ ਹੈ, ਉਸ ਵਿਚੋਂ ਕੁਝ ਦਾ ਤਰਜਮਾ ਇਹ ਹੈ:

“ਸਾਨੂੰ ਛਾਪਾ ਮਾਰ ਲੜਾਈ ਲੜਨੀ ਚਾਹੀਦੀ ਹੈ, ਅਤੇ ਐਸੇ ਤਰੀਕੇ ਇਖਤਿਆਰ ਕਰਨੇ ਚਾਹੀਦੇ ਹਨ ਜੋ ਵਰਤੋਂ ਵਿਚ ਆ ਸਕਣ।......

ਬਗਾਵਤ ਦਾ ਧੌਂਸਾ ਵਜ ਰਿਹਾ ਹੈ। ਗਦਰ ਲਈ ਤੇਜ਼ੀ ਨਾਲ ਤਿਆਰੀ ਕਰੋ।...

ਆਓ, ਲੜਾਈ ਦੇ ਮੈਦਾਨ ਵਿਚ ਨਿਤਰੋ,.....

ਆਓ ਦੇਸ ਨੂੰ ਜੰਗ ਕਰਨ ਚਲੀਏ। ਇਹ ਆਖਰੀ ਸ਼ਬਦ ਹਨ।......

ਅਸੀਂ ਆਪਣੇ ਆਪ ਨੂੰ ਫੌਜਾਂ ਵਿਚ ਜਥੇਬੰਦ ਕਰਾਂ ਗੇ ਅਤੇ ਲੜਾਈ ਦੇ ਮੈਦਾਨ ਵਿਚ ਲੜਾਂਗੇ। ਤਲਵਾਰ ਧੂਣ ਦਾ ਵਕਤ ਆ ਗਿਆ ਹੈ....ਜੰਗ ਕਰਨ ਦਾ ਵਕਤ ਆ ਗਿਆ ਹੈ.....ਗਦਰ ਸ਼ੁਰੂ ਕਰਨ ਦਾ ਵਕਤ ਗਿਆ ਹੈ; ਆਓ ਲੜਾਈ ਦੇ ਮੈਦਾਨ ਵਿਚ ਕੁਦੀਏ।.....

ਗਦਰ ਦੀਆਂ ਜਲਦੀ ਤਿਆਰੀਆਂ ਕਰੋ ਤਾਕਿ ਜ਼ਾਲਮ ਹਕੂਮਤ ਦਾ ਖੁਰਾ ਖੋਜ ਮਿਟਾਇਆ ਜਾਏ।

ਡੈਪੂਟੇਸ਼ਨਾਂ ਨਾਲ ਕੁਝ ਨਹੀਂ ਸੰਵਰਿਆ,,, ਤਲਵਾਰ ਤੇ ਢਾਲ ਹੱਥ ਵਿਚ ਫੜੋ ......

ਸਾਰੀ ਦੁਨੀਆਂ ਇਹ ਤੁਹਾਥੋਂ ਆਸ ਕਰਦੀ ਹੈ ਕਿ

ਉਠੋ ਅਤੇ ਅੰਗਰੇਜ਼ਾਂ ਦਾ ਨਾਸ ਕਰੋ।...

੧੮੫੭ ਦੇ ਗਦਰ ਨੂੰ ੫੦ ਸਾਲ ਬੀਤ ਚੁਕੇ ਹਨ ਅਤੇ ਇਕ ਹੋਰ ਗਦਰ ਦੀ ਬਹੁਤ ਲੋੜ ਹੈ। ਅਜ ਅੰਗਰੇਜ਼ਾਂ ਵਿਰੁਧ ਅਸੀਂ ਨਵੀਂ ਲੜਾਈ ਆਰੰਭ ਕਰਦੇ ਹਾਂ। ਸਾਡਾ ਨਾਮ ਕੀ ਹੈ? ਗਦਰ। ਸਾਡਾ ਕੰਮ ਕੀ ਹੈ? ਗਦਰ[4]”।

‘ਗਦਰ ਦੀ ਗੂੰਜ’ ਵਿਚੋਂ ਕੁਝ ਟੋਟਕੇ, ਜੇ ਪਹਿਲੇ ਕੇਸ ਦੇ ਫੈਸਲੇ ਵਿਚ ਦਰਜ ਨਹੀਂ, ਨਮੂਨੇ ਵਜੋਂ ਹੇਠਾਂ ਦਿਤੇ ਜਾਂਦੇ ਹਨ:

“ਕਦੋਂ ਅਲੀ ਅਲੀ ਕਰਕੇ ਲੜਨ ਗਾਜੀ,
ਕਰਨ ਪਾਜੀਆਂ ਦੀ ਤੰਗ ਜਾਨ ਲੋਕੋ।

ਕਿਉਂ ਨਾ ਖਿਚ ਤਲਵਾਰ ਰਾਜਪੂਤ ਲੜਦੇ,
ਜੇਹੜੀ ਮਢੋਂ ਸੀ ਏਨਾਂ ਦੀ ਬਾਣ ਲੋਕੋ!

ਕਦੋਂ ਖਾਲਸਾ ਧੂਹਕੇ ਤੇਗ ਨੰਗੀ,
ਲੌਹਣ ਗੋਰਿਆਂ ਦੇ ਆਕੇ ਘਾਣ ਲੋਕੋ।

ਅਣ ਸੂਰਮੇਂ ਹੌਸਲੇ ਨਾਲ ਚੜ੍ਹਕੇ,
ਲੇਖਾ ਗੋਰਿਆਂ ਨਾਲ ਮਕਾਨ ਲੋਕੋ।

ਦਗੇ ਬਾਜ਼ ਜੋ ਕੌਮ ਅੰਗਰੇਜ਼ ਦੀ ਹੈ,
ਏਹਨਾਂ ਬਕਰੇ ਵਾਂਗ ਝਟਕਾਨ ਲੋਕੋ[5]

ਹਿੰਦੂ ਸਿਖ ਪਠਾਣ ਤੇ ਤੇ ਮੁਸਲਮਾਨੋ,
ਫੌਜਾਂ ਵਾਲਿਓ ਜ਼ਰਾ ਖਿਆਲ ਕਰਨਾ।

ਸਾਡਾ ਦੇਸ਼ ਫਰੰਗੀਆਂ ਲੁਟ ਖਾਦਾ,
ਅਸੀਂ ਯੁਧ ਹੁਣ ਓਹਨਾਂ ਦੇ ਨਾਲ ਕਰਨਾ।

ਕਰਕੇ ਦੂਰ ਫਰੰਗੀਆਂ ਬਾਂਦਰਾਂ ਨੂੰ,
ਰੌਸ਼ਨ ਹਿੰਦ ਨੂੰ ਵਾਂਗ ਮਸਲ ਕਰਨਾ।

ਬੜਾ ਕੰਮ ਕਰਨਾ ਲੜਨੋ ਨਹੀਂ ਡਰਨਾ,
ਦੇਸੋਂ ਦੂਰ ਪਲੇਗ ਤੇ ਕਾਲ ਕਰਨਾ[6]

ਰੰਗ ਵਿਚ ਭੰਗ ਪਾਕੇ ਕੀਤਾ ਬਦਰੰਗ ਸਾਨੂੰ,
ਲਗ ਗਿਆ ਜੰਗ ਕਿਥੋਂ ਸਾਡੀ ਤਲਵਾਰ ਨੂੰ।

ਦੁਖਾਂ ਵਿਚ ਜਾਨ ਪਈ ਜੀਵਨਾ ਮੁਹਾਲ ਹੋਯਾ,
ਤੋੜ ਨਹੀਂ ਸਕਦੇ ਗੁਲਾਮੀ ਵਾਲੀ ਤਾਰ ਨੂੰ।

ਉਡ ਜਾਣ ਦੁਖ ਅਤੇ ਭੁਖ ਦੇ ਕੜਾਕੇ ਅਜ
ਜੁਤੀ ਨਾਲ ਕਢੋ ਜੇ ਫਰੰਗੀ ਬਦਕਾਰ ਨੂੰ।

ਖਿਲੇ ਪਯਾਰਾ ਬਾਗ ਸਾਡਾ ਸਦਾ ਹੀ ਬਸੰਤ ਵਾਂਗ,
ਛੇਤੀ ਬਲ ਧਾਰੋ ਵੀਰੋ ਕਰੋ ਉਪਕਾਰ ਨੂੰ[7]

ਸ਼ੇਰ ਦਾ ਸਰੂਪ ਧਾਰ ਗਜੀਏ ਮੈਦਾਨ ਜੰਗ,
ਕਢੀਏ ਬੁਖਾਰ ਮਾਰ ਬਾਂਦਰਾਂ ਦੀ ਡਾਰ ਨੂੰ।

ਉਡ ਜਾਏ ਡਰ ਸਾਡੇ ਦਿਲਾਂ ਉਤੋਂ ਜ਼ਾਲਮਾ ਦਾ,
ਕਢੀਏ ਮੈਦਾਨ ਵਿਚੋਂ ਤੇਜ਼ ਤਲਵਾਰ ਨੂੰ[8]


  1. Mandlay Case, Judgement, p. 32.
  2. Third Case, Judgement, p. 32.
  3. ਕਾਂਡ ਤੇਰਵਾਂ।
  4. First Case, The Objects of Going to India, p. 2
  5. ਗਦਰ ਦੀ ਗੂੰਜ, ਨੰਬਰ ੧, ਪੰਨੇ ੫,੬.
  6. ਗਦਰ ਦੀ ਗੂੰਜ, ਨੰਬਰ ੧, ਪੰਨਾ ੨੦,
  7. ਗਦਰ ਦੀ ਗੂੰਜ, ਨੰਬਰ ੧,ਪੰਨਾ, ੨੧
  8. ਗਦਰ ਦੀ ਗੂੰਜ, ਨੰਬਰ ੧, ਪੰਨਾ ੨੨,