ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 

ਭੂਮਿਕਾ

ਇਕ ਆਤਮਾ ਇਕ ਫ਼ਰਿਸ਼ਤੇ ਨੂੰ ਮਿਲੀ, ਤੇ ਉਸ ਨੇ ਪੁਛਿਆ, "ਸੁਰਗ ਦਾ ਸਭ ਤੋਂ ਨਜ਼ਦੀਕੀ ਮਾਰਗ ਕਿਹੜਾ ਹੈ -' ਗਿਆਨ' ਦਾ ਜਾਂ 'ਪ੍ਰੇਮ' ਦਾ?"
 ਫ਼ਰਿਸ਼ਤੇ ਨੇ ਹੈਰਾਨ ਹੋ ਕੇ ਪੁਛਿਆ, “ਕੀ ਇਹ ਦੋ ਵਖਰੇ ਮਾਰਗ ਨੇ?"
ਪ੍ਰੇਮ ਹੀ ਅਸਲ ਵਿਚ 'ਗਿਆਨ' ਹੈ ਤੇ ਗਿਆਨ ਸ੍ਵਰਗ। ਜਿਸ ਦੀ ਅੰਦਰਲੀ ਆਤਮਾ ਵਿਚ ਗਿਆਨ ਪਰਕਾਸ਼ ਹੋ ਗਿਆ, ਉਸ ਲਈ ਇਹ ਦੁਨੀਆ ਸ੍ਵਗਗ ਬਣ ਗਈ, ਵਿਤਕਰੇ ਮਿਟ ਗਏ, ਵਖੇਵੇਂ ਦੂਰ ਹੋ ਗਏ ਤੇ ਹਰ ਚੀਜ਼ ਵਿਚ ਉਸ ਨੂੰ ਆਪਾ ਨਜ਼ਰ ਆਉਣ ਲਗਾ।
ਸ਼ੁਰੂ ਸਮੇਂ ਤੋਂ ਹੀ ਵਡੇ ਵਡੇ ਲੇਖਕ, ਫ਼ਿਲਾਸਫ਼ਰ ਤੇ ਵਿਚਾਰਕ ਏਸੇ ਗਿਆਨ ਰੁਪੀ ਪ੍ਰੇਮ ਦਾ ਮਾਰਗ ਦਸਦੇ ਆਏ ਹਨ। ਜੇ ਸਚ ਪੁਛਿਆ ਜਾਏ ਤਾਂ ਸ਼ੁਰੂ ਤੋਂ ਹੁਣ ਤੀਕ ਸਭਿਅਤਾ ਦੀ ਉੱਨਤੀ ਦੀ ਕਹਾਣੀ ਪ੍ਰੇਮ ਦੀ ਭਾਵਨਾ ਨੂੰ ਗਿਆਨ ਦੀ ਭਾਵਨਾ ਤਕ ਲੈ ਆਉਣ ਦੀ ਕਹਾਣੀ ਹੈ।