ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਗ ਜਾਂਦੀ ਹਾਂ ਭਾਵੇਂ ਉਹ ਮੇਰੇ ਨਾਲ ਬੋਲਦੀ ਤੇ ਨਹੀਂ - ਪਰ ਮਲੁਮ ਇਉਂ ਹੁੰਦਾ ਹੈ,ਕਿ ਉਹ ਮੈਨੂੰ ਉਮੀਦਾਂ ਤੇ ਉਮੀਦਾਂ ਦਈ ਜਾਂਦੀ ਹੈ। ਕਦੀ ਕਦੀ ਮੁਸਕ੍ਰਾਉਂਦੀ ਵੀ ਹੈ ... ... ਫੇਰ ਚੁੱਪ ਕਰ ਜਾਂਦੀ ਹੈ। ਮੈਂ ਫੇਰ ਬੁਲਾਂਦੀ ਹਾਂ, ਤਾਂ ਹਸਣ ਲਗ ਪੈਂਦੀ ਹੈ। ਫ਼ਜ਼ੂਲ ਨਹੀਂ ... ... ਇਹ ਉਮੀਦਾਂ ਝੂਠ ਨਹੀਂ ਹੋ ਸਕਦੀਆਂ। ਜਦ ਕਿ ਕਾਗਜ਼ ਦੇ ਪੁਰਜ਼ੇ ਤੇ ਤੁਹਾਡੀ ਤਸਵੀਰ - ਇੰਨਾਂ ਹੌਸਲਾ ਦਈ ਰਖਦੀ ਹੈ, ਤਾਂ ਮੈਂ ਤੁਹਾਡੇ ਕੋਲੋਂ ਤੇ ਬੜੀ ... ... ਹਾਂ ਬੜੀ ਉਮੀਦ ਰਖ ਸਕਦੀ ਹਾਂ।

ਦੇਵਿੰਦਰ ਤੁਹਾਡੀ ਜੁਦਾਈ ਦਾ ਖ਼ਿਆਲ, ਮੈਨੂੰ ਬੜਾ ਬੇਚੈਨ ਜਿਹਾ ਕਰ ਦੇਂਦਾ ਹੈ। ਮੈਂ ਸੋਚਦੀ ਹਾਂ, ਤੁਸੀ ਮੈਨੂੰ ਇਕੱਲੀ ਨੂੰ ਛੱਡ ਕੇ ਆਪ ਮੌਜਾਂ ਮਾਨਣ ਲਈ ਕਲਕੱਤੇ ਚਲੇ ਗਏ ਹੋ। ਪਰ ਫੇਰ ਦਿਲ ਨੂੰ ਧਰਵਾਸ ਦੇਂਦੀ ਹਾਂ ........ ਕਿ ਇਹ ਸਭ ਮੇਰੀ ਖੁਸ਼ੀ ਲਈ ਹੈ। ਇਕ ਪ੍ਰੀਤਮਾ ਆਪਣੇ ਪ੍ਰੇਮੀ ਦੀ ਤਰੱਕੀ ਨੂੰ ਦੇਖ ਕੇ ਜਿੰਨੀ ਖ਼ੁਸ਼ੀ ਹੁੰਦੀ ਹੈ, ਲਫ਼ਜ਼ ਉਸ ਦਾ ਇਜ਼ਹਾਰ ਨਹੀਂ ਕਰ ਸਕਦੇ। ਮੇਰੇ ਤੜਪਦੇ ਦਿਲ ਦੀ ਅੱਗ ਜਦ ਤੇਜ਼ ਹੋ ਜਾਂਦੀ ਹੈ, ਤਾਂ ਹੰਝੂਆਂ ਦੇ ਪਾਣੀ ਦੇ ਛੱਟੇ ਨਾਲ ਮਧਮ ਕਰ ਲੈਂਦੀ ਹਾਂ ਹੋਰ ਕੀ ਕਰਾਂ।

ਕਲ੍ਹ ਮੈਂ ਫਿਰ ਸ਼ਕੁੰਤਲਾ ਦੇ ਘਰ ਗਈ। ਮੇਰੇ ਚਿਹਰੇ ਤੇ ਜੁਦਾਈ ਦੇ ਨਿਸ਼ਾਨ ਦੇਖ ਕੇ, ਉਸ ਨੇ ਮੇਰੀ ਉਦਾਸੀ ਦਾ ਕਾਰਨ ਮੈਨੂੰ ਸਖ਼ਤ ਮਜ਼ਬੂਰ ਕਰ ਕੇ ਪੁਛ ਹੀ ਲਿਆ। ਮੈਂ ਬਥੇਰਾ ਜ਼ੋਰ ਲਾਇਆ ਕਿ ਨਾ ਦਸਾਂ ਪਰ ਉਸ ਨੇ ਮੇਰਾ ਖਹਿੜਾ ਹੀ ਨਾ ਛਡਿਆ। ਨਾਲੇ ਮੈਂ ਸੋਚਿਆ, ਤੁਸਾਂ ਵੀ ਤੇ ਆਪਣੇ ਦੋਸਤ ਮਨਮੋਹਨ ਨੂੰ ਦਸ ਹੀ ਦਿੱਤਾ ਹੋਇਆ ਹੈ। ਪਰ ਇਸ ਗੱਲ ਦਾ ਮੈਨੂੰ ਕੁਝ ਫ਼ਾਇਦਾ ਜਿਹਾ ਮਲੂਮ ਹੋਣ ਲਗ ਗਿਆ। ਦਿਲ ਹਲਕਾ ਜਿਹਾ ਹੋ ਗਿਆ। ਸ਼ਕੁੰਤਲਾ ਨੇ ਮੈਨੂੰ ਅਗੇ ਕਦੀ ਏਨਾ ਪਿਆਰ ਨਹੀਂ ਸੀ ਕੀਤਾ। ਕਦੀ ਇੰਨੀ ਜ਼ੋਰ ਨਾਲ ਨਹੀਂ ਸੀ ਘੁਟਿਆ ... .. ਪਤਾ ਨਹੀਂ ਕਿਉਂ। ਪਰ ਮੇਰਾ ਗ਼ਮ ਵੰਡ ਕੇ ਉਸ ਨੇ ਮੇਰੇ ਤੇ ਬੜਾ ਅਹਿਸਾਨ ਕੀਤਾ। ਮੈਨੂੰ ਵੀ ਉਹ ਅਗੇ ਨਾਲੋਂ ਬੜੀ ਪਿਆਰੀ ਲਗਣ ਲਗ

੧੦੭