ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲਾਂ ਕਰਨੀਆਂ ਤੇ ਕਿਤੇ ਰਹੀਆਂ, ਰਲ ਬਹਿਣਾ ਵੀ ਹਰਾਮ ਹੋ ਚੁਕਾ ਹੈ।

ਏਨਾਂ ਕੁਝ ਹੁੰਦਿਆਂ ਹੋਇਆਂ ਵੀ ... ... ਜੇ ਇਸ ਜੁਦਾਈ ਵਿਚ ਤੁਹਾਨੂੰ ਕੁਝ ਆਰਾਮ ਮਹਿਸੂਸ ਹੁੰਦਾ ਹੈ ਤਾਂ ਮੇਰੇ ਸਾਰੇ ਦੁਖ ਹੇਚ ਨੇ। ਮੇਰੀ ਸਦਾ ਇਹੋ ਪ੍ਰਾਰਥਨਾ ਹੁੰਦੀ ਹੈ ਕਿ ਤੁਸੀ ਜਿਥੇ ਵੀ ਰਹੋ ਖੁਸ਼ ਰਹੋ।

ਚੰਗਾ, ਜੋ ਹੋਣਾ ਹੈ ਸੋ ਹੋਵੇ, ਪਰ ਮੇਰੀ ਤਾਂ ਦੁਨੀਆਂ ਉਹੋ ਹੀ ਹੈ ਜਿਸ ਵਿਚ ਤੁਸੀ ਵਸਦੇ ਹੋਵੇ।

ਮੈਂ ਕਿਸ ਤਰ੍ਹਾਂ ਦੱਸਾਂ, ਮੈਨੂੰ ਤੁਹਾਡੇ ਨਾਲ ਕਿੰਨਾ ਪਿਆਰ ਹੈ .. .. ਇਹ ਮੇਰੇ ਕਮਰੇ ਦੀ ਹਰ ਇਕ ਚੀਜ਼ ਗਵਾਹੀ ਦੇਂਂਦੀ ਹੈ। ਤੁਸੀ ਜੋ ਜੋ ਇਕਰਾਰ ਮੇਰੇ ਕਮਰੇ ਵਿਚ ਮੇਰੀਆਂ ਚੀਜ਼ਾਂ ਦੇ ਸਾਹਮਣੇ ਕੀਤੇ ਸਨ, ਉਨ੍ਹਾਂ ਨੂੰ ਨਾ ਤੇ ਮੈਂ ਤੇ ਨਾ ਹੀ ਮੇਰੇ ਕਮਰੇ ਦੀਆਂ ਚੀਜ਼ਾਂ ਹੀ ਭੁਲੀਆਂ ਨੇ। ਮੇਰੀ ਕੁਰਸੀ ਵੀ ਤੁਹਾਨੂੰ ਆਪਣੇ ਦਿਲ ਤੇ ਬਿਠਾਉਣ ਲਈ ਉਡੀਕਦੀ ਹੈ ਕਿ ਤੁਸੀ ਕਦੋਂ ਫੇਰ ਉਸ ਦੇ ਸਾਹਮਣੇ ... ... ਜ਼ਰਾ ਥੋੜੀ ਜਿਹੀ ਆਕੜ ਤੇ ਮੁਸਕ੍ਰਾਹਟ ਨਾਲ ... ... ਬਣ ਸੰਵਰ ਕੇ ... ... ਖੜੇ ਹੋਵੇ। ਮੇਜ਼ ਤੇ ਮੰਜੇ ਦੀ ਹੀਂਹ ਵੀ ਤੁਹਾਡੇ ਹੱਥਾਂ ਦੀ ਦਬ ਨੂੰ ਤਰਸਦੇ ਨੇ।

ਤੁਹਾਨੂੰ ਕੀ ਪਤਾ ਕਿ ਏਸ ਵੇਲੇ ਸੈਂਕੜੇ ਮੀਲ ਦੂਰ ਹੋਣ ਦੇ ਬਾਵਜੂਦ ਵੀ - ਮੇਰੇ ਦਿਲ ਵਿਚ ਤੁਹਾਡੇ ਲਈ ਕਈ ਕਿਸਮ ਦੇ ਜਜ਼ਬਾਤ ਪੈਦਾ ਹੋ ਰਹੇ ਨੇ। ਮੈਂ ਏਨੀ ਦੂਰ ਬੈਠੀ ਹੋਈ ਵੀ ਆਪਣੇ ਆਪ ਨੂੰ ਤੁਹਾਡੇ ਬਹੁਤ ਨੇੜੇ ਸਮਝ ਰਹੀ ਹਾਂ।

ਇਸ ਖਤ ਦੇ ਨਾਲ ਆਪਣੇ ਇਕਰਾਰ ਕੀਤੇ ਅਨੁਸਾਰ ਗੀਤ ਭੇਜ ਰਹੀ ਹਾਂ।

ਦੇਖਿਆ, ਐਤਕਾਂ, ਕਿੰਨਾ ਕੁਝ ਲਿਖ ਦਿੱਤਾ ਹੈ। ਏਸੇ ਲਈ ਤੁਹਾਡੇ ਵਲੋਂ ਵੀ ਬੜੇ ਮਿੱਠੇ ਖਤ ਦੀ ਆਸ ਰਖਦੀ ਹੋਈ।

ਮੈਂ ਹਾਂ

ਤੁਹਾਡੀ..............

੧੨੦