ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੪੪

ਮੇਰੇ ਪਿਆਰੇ ਦੇਵਿੰਦਰ ਜੀਓ,

ਆਖ਼ਿਰ ਤੁਸਾਂ ਕਿਸੇ ਤੇ ਤਰਸ ਖਾ ਕੇ ਖ਼ਤ ਲਿਖ ਹੀ ਦਿੱਤਾ। ਮੈਂ ਕੀ ਕਰਦੀ, ਤੁਹਾਡੀ ਵਲੋਂ ਜ਼ਰਾ ਕੁ ਦੇਰ ਹੋਣ ਨਾਲ ਮੈਂ ਕਈ ਵਹਿਮਾਂ ਵਿਚ ਗਲਤਾਨ ਹੋ ਜਾਂਦੀ ਹਾਂ। ਕਈ ਵਾਰੀ ਉਹ ਕੁਝ ਕਰ ਬੈਠਦੀ ਹਾਂ, ਜਿਸ ਤੇ ਹੋਸ਼ ਆਉਣ ਤੇ ਮੈਨੂੰ ਅਫਸੋਸ ਹੀ ਨਹੀਂ ਸ਼ਰਮ ਵੀ ਆ ਜਾਂਦੀ ਹੈ। ਤੁਸੀ ਜੇ ਜਲਦੀ ਖ਼ਤ ਪਾ ਦਿਆ ਕਰੋ, ਤਾਂ ਇਹ ਕੁਝ ਤਾਂ ਨਾ ਹੋਵੇ।

ਮੈਂ ਤੇ ਸਗੋਂ ਸਵੇਰੇ ਉਠਦਿਆਂ ਸਭ ਤੋਂ ਪਹਿਲੋਂ ਤੁਹਾਡੀ ਸੁੰਦਰ ਫੋਟੋ ਦੇਖਦੀ ਹਾਂ, ਤਾਂ ਜੋ ਸਾਰਾ ਦਿਨ ਖ਼ੁਸ਼ੀ ਦਾ ਬੀਤੇ। ਪਰ ਦਿਨ ਤੇ ਜੁਦਾਈ ਦੀ ਗਮੀ ਵਿਚ ਬੀਤ ਰਹੇ ਨੇ - ਰਾਤ ਦਾ ਵੀ ਬਹੁਤਾ ਹਿੱਸਾ ਤੁਹਾਡੀਆਂ ਯਾਦਾਂ ਦਾ ਭਾਗ ਬਣਿਆ ਰਹਿੰਦਾ ਹੈ। ਕਈ ਵਾਰੀ ਤੁਹਾਡੇ ਨਾਂ ਨੂੰ ਮਸਾਂ ਮਸਾਂ ਰੋਕਦੀ ਹਾਂ - ਜੇ ਕਦੀ ਇਹ ਮੂੰਹੋਂ ਨਿਕਲ ਗਿਆ, ਤਾਂ ਲੋਕੀ ਤਾਹਨਿਆਂ ਮੇਹਣਿਆਂ ਨਾਲ ਮਾਰ ਸੁਟਣਗੇ।

ਮੈਨੂੰ ਕਿੰਨਾ ਦੁਖ ਹੈ ਕਿ ਜ਼ਮਾਨੇ ਦੇ ਫ਼ਰਜ਼ਾਂ ਨੇ ਸਾਨੂੰ ਕੁਝ ਚਿਰ ਲਈ ਵਖ ਕਰ ਦਿੱਤਾ। ਪਰ ਦੂਜੀ ਵਾਰੀ ਮੇਲ ਨਾਲ - ਮੈਨੂੰ ਯਕੀਨ ਹੈ, ਸਾਡੇ ਪਿਆਰ ਦੀ ਅੱਗ ਵਧੇਰੇ ਤੇਜ਼ੀ ਨਾਲ ਮਚੇਗੀ। ਸੁਣਿਆ ਹੋਇਆ ਸੀ ਵਿਛੋੜੇ ਮਗਰੋਂ ਮਿਲਣ ਦਾ ਬੜਾ ਸੁਆਦ ਆਉਂਦਾ ਹੈ, ਪਰ ਦੇਵਿੰਦਰ, ਮੇਰੇ ਕੋਲੋਂ ਇਹ ਜੁਦਾਈ ਦੇ ਬਹੁਤੇ ਦਿਨ ਨਹੀਂ ਸਹੇ ਜਾਣੇ। ਰੱਬ ਕਰੇ, ਤੁਹਾਨੂੰ ਅਜ ਹੀ ਕੋਈ ਕੰਮ ਪੈ ਜਾਵੇ ਤੇ ਤੁਸੀ ਏਥੇ ਆ ਜਾਓ।

੧੨੪