ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਨਹੀਂ ਆਉਂਦਾ, ਮੇਰੇ ਸ਼ਕ ਹੀ ਮੈਨੂੰ ਤੋੜ ਤੋੜ ਕੇ ਖਾਈ ਜਾਂਦੇ ਨੇ, ਤੇ ਇਨ੍ਹਾਂ ਦੇ ਜ਼ਹਿਰ ਦਾ ਅਸਰ ਕਦੀ ਕਦੀ ਮੇਰੇ ਦਿਮਾਗ਼ ਤੇ ਹੋ ਜਾਂਦਾ ਹੈ।

ਰੱਬ ਕਰੇ ਮੇਰੇ ਇਹ ਸਾਰੇ ਸ਼ੌਕ ਸਭ ਝੂਠ ਹੀ ਹੋਣ, ਪਰ ਮੈਂ ਇਹ ਲਿਖਣੋਂ ਨਹੀਂ ਰਹਿ ਸਕਦੀ ਕਿ ਜਦ ਤੋਂ ਤੁਹਾਡਾ ਪਿਆਰ ਘਟਣਾ ਸ਼ੁਰੂ ਹੋ ਗਿਆ ਹੈ, ਮੇਰੀ ਜ਼ਿੰਦਗੀ ਵੀ ਘਟਦੀ ਜਾ ਰਹੀ ਹੈ।

ਮੇਰਾ ਪਿਆਰ, ਵਖੋ ਵਖਰੇ ਨਾ ਮੁਕਣ ਵਾਲੇ ਤਰੀਕਿਆਂ ਨਾਲ ਇਜ਼ਹਾਰ ਕਰਨਾ ਚਾਹੁੰਦਾ ਹੈ| .......ਸਚੀਂ ਤੁਹਾਡੀ ਏਡੀ ਲੰਮੀ ਜੁਦਾਈ ਬੇਰੁਖੀ ਮੇਰੀ ਆਰਜ਼ੀ ਮੌਤ ਨਾਲੋਂ ਘੱਟ ਨਹੀਂ। ਉਹ ਸਮਾਂ ਜਦੋਂ ਮੇਰੀਆਂ ਰੁਚੀਆਂ ਮੱਧਮ ਪੈ ਜਾਂਦੀਆਂ ਨੇ, ਹਰ ਇਕ ਅਹਿਸਾਸ ਧੁੰਧਲਾ ਹੋ ਜਾਂਦਾ ਹੈ.... ਹਰ ਇਕ ਉਮੈਦ ਨਿਰਾਸ ਹੋ ਜਾਂਦੀ ਹੈ......ਭਾਵੇਂ ਦਿਨ ਕਿੰਨਾ ਹੀ ਚਮਕੀਲਾ ਕਿਉਂ ਨਾ ਹੋਵੇ ਫੇਰ ਵੀ ਸਾਰੀ ਦੁਨੀਆ ਹਨੇਰਾ ਲਗਦੀ ਹੈ.....ਮੇਰੇ ਅੰਦਰ ਦਾ ਖ਼ੂਨ ਹਡੀਆਂ ਤਕ ਠੰਡਾ ਹੋ ਜਾਂਦਾ ਹੈ..... ਲੁੜਕਦੇ ਤੇ ਹੌਲੀ ਹੌਲੀ ਗੁਜ਼ਰ ਰਹੇ ਵਕਤ ਤੋਂ ਦਰਦ ਹੁੰਦੀ ਹੈ.....ਪਰ ਤੁਹਾਨੂੰ ਇਹਦਾ ਪਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਫਿਰ ਇਨ੍ਹਾਂ ਗੋਲਾਂ ਨੂੰ ਤੁਸੀਂ ਕਮਜ਼ੋਰੀ ਆਖੋਗੇ।

ਬਹੁਤੇ ਆਦਮੀਆਂ ਦਾ ਦਿਲ ਤੇ ਸੁਭਾ ਹੀ ਸ਼ਾਇਦ ਇਹੋ ਜਿਹਾ ਹੈ, ਕਿ ਜਦੋਂ ਕਦੀ ਉਸ ਨੂੰ ਉਹ ਚੀਜ਼ ਮਿਲ ਜਾਏ, ਜਿਸ ਦੀ ਉਹ ਖਾਹਿਸ਼ ਹੀ ਨਹੀਂ, ਜੁਸਤਜੂ ਕਰਦਾ ਸੀ- ਤਾਂ ਫਿਰ ਬਚਿਆਂ ਵਾਂਗ ਉਹ ਕਿਸੇ ਨਵੀਂ ਚੀਜ਼ ਦੀ ਖ਼ਾਹਿਸ਼ ਕਰਨ ਲਗ ਜਾਂਦਾ ਹੈ।

ਪਰਸੋਂ, ਮੈਂ ਫੇਰ , ਉਹ ਗੀਤ ਗਾਇਆ........"ਆਏ.....ਨਾ...... ਵੋਹ .....ਬਹਾਰ ਮੈਂ......ਬੀਤ ਚਲੀ ਬਹਾਰ......ਭੀ", ਮੈਨੂੰ ਇਉਂ ਮਲੂਮ ਹੋਣ ਲਗਾ ਕਿ ਮੇਰੀ ਦਰਦਨਾਕ ਆਵਾਜ਼ ਤੁਹਾਡੇ ਕੰਨਾਂ ਤਕ ਜ਼ਰੂਰ ਪੁਜਦੀ ਹੋਵੇਗੀ, ਜਿਸ ਨੂੰ ਸੁਣ ਕੇ ਤੁਹਾਡੇ ਕਦਮ ਮੇਰੇ ਵਲ ਬਦੋ ਬਦੀ ਉਠਦੇ ਹੋਣਗੇ........ਪਰ ਤੁਸੀਂ ਉਹਨਾਂ ਨੂੰ ਕਠੋਰਤਾ ਨਾਲ ਰੋਕ ਲੈਂਦੇ ਹੋਵੋਗੇ। ਠੀਕ ਹੈ ?

੧੫੬