ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਚ ਤੁਹਾਡੇ ਪਿਆਰ ਵਿਚ ਛੁਪੀ ਹੋਈ ਖੁਸ਼ੀ ਅੰਦਰ ਮੈਨੂੰ ਹਾਲੀ ਵੀ ਕਿੰਨਾ ਸੁਆਦ ਆਉਂਦਾ ਹੈ। ਜਦੋਂ ਕਦੀ ਵੀ, ਜਿਥੇ ਕਿਤੇ ਵੀ ਮੈਂ ਤੁਹਾਡੀ ਸਿਫਤ ਸੁਣ ਲੈਂਦੀ ਹਾਂ, ਅੰਦਰ ਹੀ ਅੰਦਰ ਖ਼ੁਸ਼ੀ ਨਾਲ ਫੁਲ ਜਾਂਦੀ ਹਾਂ। ਇਹ ਖੁਸ਼ੀ ਤੁਹਾਡੀ ਆਪਣੀ ਮੌਜੂਦਗੀ ਨਾਲੋਂ ਘੱਟ ਨਹੀਂ ਹੁੰਦੀ। ਦੇਵਿੰਦਰ ਜੀ, ਕੀ ਤੁਸੀ ਮੈਨੂੰ ਏਨਾ ਵੀ ਨਹੀਂ ਲਿਖ ਸਕਦੇ ਕਿ ਮੈਂ ਤੁਹਾਨੂੰ ਪਿਆਰ ਕਰਨ ਵਾਲੀ ਲੜਕੀ ਬਣੀ ਰਹਾਂ, ਤੇ ਇਹ ਜਜ਼ਬਾਤ ਮੇਰੇ ਦਿਲ ਵਿਚ ਪੈਦਾ ਹੀ ਨਾ ਹੋਣ?

ਭਾਵੇਂ ਤੁਸੀ ਹੁਣ ਮੈਨੂੰ ਤਕਰੀਬਨ ਲਿਖਣਾ ਛਡ ਦਿਤਾ ਹੈ, ਪਰ ਮੇਰਾ ਇਹ ਯਕੀਨ ਅਜੇ ਤਕ ਬਹੁਤਾ ਮਧਮ ਨਹੀਂ ਪਿਆ, ਕੀ ਤੁਹਾਡੇ ਦਿਲ ਵਿਚ ਮੇਰੇ ਲਈ ਕੋਈ ਥਾਂ ਨਹੀਂ ਰਹੀ, ਕਿਉਂਕਿ ਫੇਰ ਮੈਂ ਵੀ ਤੇ ਏਨਾ ਯਾਦ ਨਾ ਕਰਦੀ। ਤੁਹਾਡੇ ਲਫਜ਼ ... ... ਇਕਰਾਰ, ਅਜੇ ਤਕ ਮੇਰੀ ਯਾਦਾਸ਼ਤ ਵਿਚ ਤਾਜ਼ਾ ਨੇ, ਤੇ ਹਾਲੀ ਤਕ ਮੇਰੇ ਜੀਵਨ ਦਾ ਸਹਾਰਾ ਉਹੋ ਹੀ ਬਣੇ ਹੋਏ ਨੇ।

ਮੰਨਿਆਂ ਮੈਂ ਹੀ ਕਸੂਰਵਾਰ ਸਹੀ - ਸ਼ਾਇਦ ਮੇਰੇ ਕੋਲੋਂ ਕੋਈ ਨਾਰਾਜ਼ ਕਰਨ ਵਾਲੇ ਲਫਜ਼ ਲਿਖੇ ਗਏ ਹੋਣ - ਤੁਸੀ ਹੀ ਮੁਆਫ਼ ਕਰ ਦਿਓ, ਛਡ ਦਿਉ ਪਿਛਲੀਆਂ ਗਲਾਂ ਨੂੰ। ਪਿਛਲੇ ਟੁੱਟੇ ਹੋਏ ਸਾਜ਼ਾਂ ਨੂੰ ਨਾ ਵਜਾਉ, ਨਾ ਹੀ ਇਨ੍ਹਾਂ ਸਾਜ਼ਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਮੈਂ ਤੁਹਾਡੇ ਕੋਲੋਂ ਨਵੀਂ ਰਾਗਨੀ ਦੀ ਮੰਗ ਕਰਦੀ ਹਾਂ! ਪੁਰਾਣੇ ਸਾਜ਼ਾਂ ਵਿਚ ਨਵੀਆਂ ਤਾਰਾਂ ਲਾ ਦਿਉ, ਤੇ ਅਸੀ ਦੋਵੇਂ ਰਲ ਕੇ ਇਸ ਦੁਨੀਆਂ ਵਿਚ ਨਵੀਆਂ ਤਰਜ਼ਾਂ ਨਾਲ ਨਵੇਂ ਗੀਤ ਗੌਣੇ ਸ਼ੁਰੂ ਕਰੀਏ।

ਮੈਂ ਇਹ ਵੀ ਮੰਨਦੀ ਹਾਂ ਕਿ ਮੇਰੀ ਕਿਸਮਤ ਭੈੜੀ ਹੈ, ਪਰ ਮੇਰੀ ਤਬੀਅਤ ਤੇ ਭੈੜੀ ਨਹੀਂ। ਆਹ ! ਉਮੀਦਾਂ ਵਿਚ ਵੀ ਰਹਿਣਾ ਕਿੰਨਾ ਮਿਠਾ ਹੈ। ਕੀ ਐਤਕਾਂ ਜਲਦੀ ਖ਼ਤ ਦੀ ਉਮੀਦ ਰਖਾਂ? ਸਚੀ, ਅਗੇ ਵਾਂਗ ਨਾ ਕਰਨਾ।

ਆਪ ਜੀ ਦੀ ....... ਕੀ ਲਿਖਾਂ ?

੧੫੭