ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੬੭

ਮੇਰੇ ਸੁਪਨਿਆਂ ਦੇ ਬਾਦਸ਼ਾਹ,

ਤੁਹਾਡੇ ਵੱਲੋਂ ਖ਼ਤ ਨਾ ਆਉਣ ਤੇ, ਕਈ ਵਾਰੀ ਮੈਨੂੰ ਖਿਆਲ ਆ ਜਾਂਦਾ ਹੈ, ਕਿ ਪਤਾ ਨਹੀਂ ਮੇਰਾ ਖ਼ਤ ਵੀ ਤੁਹਾਨੂੰ ਮਿਲਿਆ ਹੈ ਕਿ ਨਹੀਂ। ਜੇ ਘਟ ਤੋਂ ਘਟ ਖ਼ਤ ਦੀ ਪਹੁੰਚ ਹੀ ਲਿਖ ਛਡਿਆ ਕਰੇ, ਤਾਂ ਵੀ ਕੁਝ ਤੇ ਤਸੱਲੀ ਹੋ ਜਾਇਆ ਕਰੇ।

ਸੋ ਤੁਸੀ ਹੁਣ ਮੈਨੂੰ ਹਰ ਪਲ ਆਪਣੇ ਕੋਲੋਂ ਦੂਰ - ਬੜੀ ਦੂਰ ਕਰਦੇ ਜਾ ਰਹੇ ਹੋ। ਪਰ ਮੈਂ ਤੇ ਤੁਹਾਨੂੰ ਵਾਜਾਂ ਮਾਰਦੀ ਰਹਿੰਦੀ ਹਾਂ। ਦੇਵਿੰਦਰ ਜੀ-- ਆਂਓ ! ਮੇਰੇ ਨੇੜੇ ਆਓ, ਤੇ ਇਨਾਂ ਬਰਫਾਨੀ ਪਹਾੜਾਂ ਨੂੰ ਆਪਣੇ ਕੋਲੋਂ ਦੂਰ ਕਰ ਦਿਓ - ਤਿਖੀ ਤੇ ਠੰਢੀ ਹਵਾ ਦੇ ਝੌਂਕੇ ਮੇਰੇ ਦਿਲ ਨੂੰ ਬੇ-ਆਰਾਮ ਕਰ ਰਹੇ ਨੇ --- ਸ਼ਹਿਰ ਦੀ ਖ਼ਾਮੋਸ਼ ਤਸਵੀਰ ਉਸ ਮਾਂ ਦੀ ਤਰਾਂ ਹੈ ਜਿਸ ਦਾ ਮਾਸੂਮ ਬੱਚਾ ਠੰਢ ਦੀ ਭੇਟ ਹੋ ਗਿਆ ਹੋਵੇ -- ।ਮੇਰੇ ਦਿਲ ਦਾ ਖੂਨ ਹੁੰਦਾ ਜਾ ਰਿਹਾ ਹੈ - - ਜ਼ਿੰਦਗੀ ਦਾ ਦੀਵਾ ਬੁਝਦਾ ਜਾ ਰਿਹਾ ਹੈ -- ਮੈਂ ਉਨਾਂ ਨਕਸ਼ਾਂ ਨੂੰ ਦੇਖਣਾ ਚਾਹੁੰਦੀ ਹਾਂ ਜਿਹੜੇ ਤੁਹਾਡੇ ਮੱਥ ਤੋਂ ਸਰਦ ਰਾਤ ਨੂੰ ਲਾ ਦਿੱਤੇ ਨੇ --- | ਸਮਝਣਾ ਚਾਹੁੰਦੀ ਹਾਂ ਕਿ ਵਰਤਮਾਨ ਤੇ ਭਵਿਖਤ ਵਿਚ ਕੀ ਫ਼ਰਕ ਹੈ - -। ਮੈਨੂੰ ਆਪਣੀ ਯਾਦ ਦਾ ਹੀ ਇਕ ਐਸਾ ਜਾਮ ਪਿਲਾ ਦਿਓ --ਜਿਸ ਨੂੰ ਪੀ ਕੇ ਮੈਂ ਸਦਾ ਲਈ ਗੁਆਚ ਜਾਵਾਂ - - ।"

ਉਹ ਸ਼ਾਂਤੀ, ਉਹ ਮਧੁਰਤਾ, ਉਹ ਚੈਨ ਤੇ ਸਰੂਰ, ਸੁਪਨਾ ਹੀ ਰਿਹਾ। ਫਿਰ ਮੇਰੀਆਂ ਉਮੀਦਾਂ ਦੀ ਗੰਗਾ ਸੁਕਦੀ ਜਾ ਰਹੀ ਹੈ । ਇਹ ਵੀ ਮੁਸੀਬਤਾਂ ਆਉਣੀਆਂ ਸਨ। ਇਹ ਸਰਦ ਆਹਾਂ ਤੇ ਗਰਮ ਹੰਝੂ, ਇਹ ਦਿਲ ਦੀਆਂ ਬੇ-ਤਾਬੀਆਂ ਮੈਨੂੰ ਜਿਉਣ ਨਹੀਂ ਦੇਣਗੀਆਂ - - ।

੧੭੩