ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/213

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੜਕੀ ਦਾ ਚੰਗੇ ਤੋਂ ਚੰਗਾ ਪਾਰਟ ਅਦਾ ਕਰਦੀ ਹੋਈ, ਬੜੀਆਂ ਰੀਝਾਂ, ਚਾਵਾਂ ਤੇ ਮਲ੍ਹਾਰਾਂ ਨਾਲ ਖ਼ੁਸ਼ੀ ਰਹਿੰਦੀ ਹੋਈ -ਤੁਹਾਨੂੰ ਤੁਹਾਡੀ ਧੁੰਧਲੀ ਜ਼ਿੰਦਗੀ ਤੋਂ ਉੱਚਾ ਕੀਤਾ ਤੇ ਇਸ ਦਾ ਬਦਲਾ ਤੁਸਾਂ ਮੈਨੂੰ ਇਹ ਦਿੱਤਾ..? ਕੀ ਤੁਹਾਡੀ ਜ਼ਮੀਰ ਨੇ ਕਦੀ ਤੁਹਾਨੂੰ ਕੁਝ ਨਹੀਂ ਆਖਿਆ? ਇੰਨਾਂ ਕੁਝ ਹੁੰਦਿਆਂ ਵੀ ਮੈਂ ਤੁਹਾਨੂੰ ਇੰਨਾਂ ਇਲਜ਼ਾਮ ਨਹੀਂ ਦੇਂਦੀ ਜਿੰਨਾ ਮੈਂ ਆਪਣੇ ਤੇ ਲੈਂਦੀ ਹਾਂ, ਕਿਉਂਕਿ ਮੈਂ ਆਪਣਾ ਆਪ ਕਿਸੇ ਅਜੀਬ ਮਿਠਾਸ ਤੇ ਸਰੂਰ ਵਿਚ ਗਵਾ ਬੈਠੀ ਸਾਂ।

ਮੈਂ ਸਮਝਿਆ ਸੀ ਕਿ ਮੈਂ ਆਮ ਸਾਧਾਰਨ ਜ਼ਿੰਦਗੀ ਚੋਂ ਨਿਕਲ ਕੇ ਇਕ ਉਸ ਕਮਾਲ ਦੇ ਬ੍ਰਹਿਮੰਡ ਵਿਚ ਚਲੀ ਗਈ ਹਾਂ, ਜਿਥੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਬਿਲਕੁਲ ਨਵੀਆਂ ਤੇ ਚਮਕੀਲੀਆਂ ਬਣ ਗਈਆਂ ਹਨ। ਇਹ ਇਕ ਚੰਗਾ ਤੇ ਮਿੱਠਾ ਅਹਿਸਾਸ ਸੀ ... ਪਰ ਇਹ ਅਹਿਸਾਸ ਹੀ ਸੀ ਨਾ। ਹੁਣ ਤੇ ਮੈਨੂੰ ਪਤਾ ਲਗ ਗਿਆ ਹੈ ... ਜੇ ਤੁਹਾਨੂੰ ਅਜੇ ਤਕ ਨਹੀਂ ਪਤਾ ਤਾਂ ਸੁਣ ਲਵੋ, ਜੋ ਕੰਮ ਔਰਤਾਂ ਕੋਲੋਂ ਪਿਆਰ ਨਾਲ ਕਰਵਾਇਆ ਜਾ ਸਕਦਾ ਹੈ, ਉਹ ਹੋਰ ਕਿਸੇ ਤਰ੍ਹਾਂ ਵੀ ਪੂਰਾ ਨਹੀਂ ਹੋ ਸਕਦਾ। ਪਿਆਰ ਦੇ ਅਸਰ ਹੇਠ ਔਰਤ ਨੂੰ ਭਾਵੇਂ ਕਿੰਨੀ ਤਕਲੀਫ਼ ਹੋਵੇ, ਤਾਂ ਵੀ ਉਹਦੀ ਖ਼ਾਹਿਸ਼ ਹੋਵੇਗੀ ਕਿ ਉਹ ਆਪਣੇ ਪ੍ਰੀਤਮ ਦੀ ਖ਼ੁਸ਼ੀ ਲਈ ਉਸ ਦਾ ਕੰਮ ਕਰ ਦੇਵੇ। ਬਿਨਾਂ ਪਿਆਰ ਔਰਤ ਉਸ ਸਤਾਰ ਦੀ ਤਰ੍ਹਾਂ ਹੈ ਜਿਸ ਦੀਆਂ ਤਾਰਾਂ ਟੁਟੀਆਂ ਹੋਈਆਂ ਹੋਣ, ਤੇ ਜਿਸ ਵਿਚੋਂ ਕੋਈ ਰਾਗ ਨਾ ਨਿਕਲ ਸਕਦਾ ਹੋਵੇ।

ਬਹੁਤੇ ਆਦਮੀ ਕਾਮ ਦੇ ਵਸ ਹੇਠ ਔਰਤਾਂ ਨੂੰ ਪਿਆਰ ਕਰਦੇ ਨੇ ਜਿਹੜਾ ਵਿਆਹ ਮਗਰੋਂ ਜਲਦੀ ਹੀ ਮੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫੇਰ ਵੀ ਉਸ ... ... ਪਿਆਰ ਦੀ ਰੌਸ਼ਨੀ ਕਈਆਂ ਔਰਤਾਂ ਦੀ ਜੀਵਨ ਜੋਤ ਜਗਾਈ ਰਖਦੀ ਹੈ, ਕਿਉਂਕਿ ਪਿਆਰ ਦੀ ਪੀੜ ਸਾਰੀਆਂ ਮਿੱਠੀਆਂ ਚੀਜ਼ਾਂ ਨਾਲੋਂ ਵਧੇਰੇ ਮਿਠੀ ਲਗਦੀ ਹੈ, ਤੇ ਇਸ ਦੇ ਜਲੇ ਹੋਏ ਵੀ ਅਨੋਖੀ ਖ਼ੁਸ਼ੀ ਵਿਚ ਮਸਤ ਰਹਿੰਦਿਆਂ ਇਸ ਦੀਆਂ ਤਕਲੀਫਾਂ ਦੀ ਝਾਲ ਝੱਲੀ ਹੀ ਜਾਂਦੇ ਨੇ।

੧੯੯