ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਅਸੀ ਦੋਵੇਂ ਇਕ ਦੂਜੇ ਦੇ ਸੁਪਨਿਆਂ ਵਿਚ ਆਉਂਦੇ ਸਾਂ।

ਤੇ ਹੁਣ ਦੇਵਿੰਦਰ ਜੀ, ਸਚ ਮੁਚ ਤੁਸਾਂ, ਇਕ ਸਰ-ਸਬਜ਼ ਬਾਗ ਨੂੰ ਵੈਰਾਨ ਕਰ ਦਿੱਤਾ। ਤੁਸੀ ਹਾਂ ... ... ਏਨੇ ਖ਼ੁਦਗ਼ਰਜ਼, ਖ਼ੁਦ ਪਸੰਦ ਤੇ ਖ਼ੁਦੀ ਵਿਚ ਏਨੇ ਮਸਤ ਕਿ ਨਾ ਕਿਸੇ ਦੀ ਜਾਨ ਦਾ ਡਰ ਨਾ ਖ਼ਿਆਲ। ਮੈਨੂੰ ਕੀ ਪਤਾ ਸੀ ਜਿਸ ਨੂੰ ਮੈਂ ਖ਼ੁਸ਼ਬੋ ਸਮਝਦੀ ਸਾਂ ਉਹ ਕਾਗਜ਼ੀ ਫ਼ੁਲ ਨਿਕਲਿਆ; ਜਿਸ ਨੂੰ ਮੈਂ ਜੀਵਨ ਦਾ ਸਭ ਤੋਂ ਕੀਮਤੀ ਸਰਮਾਇਆ ਗਿਣਦੀ ਸਾਂ ਉਹੋ ਹੀ ਮੇਰੇ ਜੀਵਨ ਦਾ ਖੂਬਸੂਰਤ ਕਾਤਲ ਬਣਨਾ ਸੀ। ਭਾਵੇਂ ਹੁਣ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਹੈ, ਪਰ ਤੁਸਾਂ ਤੇ ਕੋਈ ਕਸਰ ਨਹੀਂ ਛੱਡੀ।

ਮੇਰੇ ਦਿਲ ਵਿਚ ਹੁਣ ਕਈ ਨਵੇਂ ਖ਼ਿਆਲ ਬਣਦੇ ਜਾਂਦੇ ਨੇ, ਪਰ ਤੁਹਾਡੇ ਪਿਆਰ ਵਾਲੀ ਰੌਣਕ ਦੀ ਥਾਂ ਨੂੰ ਵੀ ਮੈਂ ਅਜੇ ਤਕ ਸਤਕਾਰ ਰਹੀ ਹਾਂ। ਕਦੀ ਕਦੀ ਦਰਦ ਜ਼ਰੂਰ ਉਠਦਾ ਹੈ, ਜਿਸ ਵਿਚ ਮੇਰਾ ਆਪਣਾ ਕਸੂਰ ਹੈ, ਕਿਉਂਕਿ ਮੈਂ ਹੀ ਤੇ ਏਸ ਖ਼ੁਸ਼ੀ ਦੇ ਪਿਆਲੇ ਨੂੰ ਨੱਕੋ ਨੱਕ ਭਰ ਦਿੱਤਾ ਸੀ। ਮੇਰਾ ਖ਼ਿਆਲ ਸੀ ਕਿ ਇਹ ਵਫ਼ਾ ਤੇ ਖੁਸ਼ੀ ਮੇਰੇ ਮੁਕਣ ਦੇ ਨਾਲ ਹੀ ਮੁਕੇਗੀ।

ਮੇਰੇ ਦਿਲ ਵਿਚ ਤਾਂ ਪਿਆਰ ਵਾਸਤੇ ਬੜਾ ਸਬਰ ਤੇ ਖ਼ਿਮਾਂ ਹੈ- ਖ਼ੁਦਗਰਜ਼ ਪਿਆਰ ਵਾਸਤੇ ਨਹੀਂ ਪਰ ਤੁਹਾਡੇ ਵਰਗੇ ਆਦਮੀਆਂ ਕੋਲ ਤਾਂ ਸ਼ਾਇਦ ਇਸ ਤੋਂ ਬਿਨਾਂ ਹੋਰ ਕੁਝ ਹੁੰਦਾ ਹੀ ਨਹੀਂ। ਮੇਰਾ ਖ਼ਿਆਲ ਹੈ ਕਿ ਲਾਸਾਨੀ ਪਿਆਰ ਕਿਸੇ ਸਾਧਾਰਨ ਜਿਹੇ ਗਰੀਬੜੇ ਦਿਲ ਵਿਚ ਚੁਪ ਚਾਪ ਡੂੰਘੀ ਨਦੀ ਵਾਂਗ ਵਗਦਾ ਹੋਵੇਗਾ, ਜਿਸ ਦਾ ਕਈ ਵਾਰੀ ਗਵਾਂਢੀਆਂ ਨੂੰ ਵੀ ਪਤਾ ਨਹੀਂ ਲਗਦਾ।

ਤੁਹਾਡੀ ਯਾਦ .... ... ਤੇ ਬੇ-ਵਫਾਈ ਦੀਆਂ ਲਹਿਰਾਂ ਮੈਨੂੰ ਏਸੇ ਤਰ੍ਹਾਂ ਹੀ ਲਿਖਾਈ ਜਾਣਗੀਆਂ। ਏਨਾ ਹੀ ਲਿਖ ਛਡੋ ਕਿ ਮੇਰੇ ਖ਼ਤ ਪੜ੍ਹਦੇ ਵੀ ਹੈ ਕਿ ਨਹੀਂ।

ਤੁਹਾਡੀ ... ... ਹਾਂ, ਕਦੀ ਤੇ ਸਾਂ ਹੀ

੨੦੨