ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੮

ਮੇਰੇ ਦਿਲ ਦੀ ਰੌਸ਼ਨੀ ਦੇਵਿੰਦਰ ਜੀ,

ਭਈ ਏਸ ਤਰ੍ਹਾਂ ਨਾ ਕਰਿਆ ਕਰੋ! ਜੇ ਤੁਸੀਂ ਪੰਜ ਦਿਨ ਬਾਹਰ ਜਾਣਾ ਸੀ, ਤਾਂ ਮੈਨੂੰ ਖ਼ਬਰ ਤੇ ਦੇ ਜਾਂਦੇ। ਮੈਂ ਤੁਹਾਡੇ ਖ਼ਤ ਦੀ ਉਡੀਕ ਵਿਚ ਏਨੀ ਬੇ-ਚੈਨ ਤੇ ਨਾ ਹੁੰਦੀ। ਜਦੋਂ ਵੀ ਰਤਨਾ ਬਾਹਰੋਂ ਆਉਂਦਾ, ਮੈਂ ਝਟ ਉਸ ਵਲ ਵੇਖਣ ਲਗ ਜਾਂਦੀ, ਕਿ ਸ਼ਾਇਦ ਤੁਸਾਂ ਖ਼ਤ ਭੇਜ ਦਿਤਾ ਹੋਵੇ। ਪਰ ਜਦ ਉਹ ਕੁਝ ਵੀ ਨਾ ਕਹਿੰਦਾ, ਤਾਂ ਮੈਂ ਬੜੀ ਨਿਰਾਸ ਹੋ ਜਾਂਦੀ ਨਾ ਕੁਝ ਖਾਣ ਨੂੰ ਜੀ ਕਰਦਾ, ਨਾ ਹੀ ਕਿਸੇ ਨਾਲ ਬੋਲਣ ਨੂੰ। ਦਿਨ ਦਾ ਬਹੁਤਾ ਹਿੱਸਾ ਕਮਰੇ ਵਿਚ ਹੀ ਬੈਠਿਆਂ ਗੁਜ਼ਾਰਦੀ ਰਹੀ। ਕਈ ਕਈ ਖ਼ਿਆਲ ਦਿਲ ਵਿਚ ਆਉਣ, ਸੋਚਾਂ, “ਦੇਵਿੰਦਰ ਜੀ ਗੁਸੇ ਤੇ ਨਹੀਂ ਹੋ ਗਏ। ਮੈਂ ਕੋਈ ਲਫ਼ਜ਼ ਇਹੋ ਜਿਹਾ ਨਾ ਲਿਖ ਬੈਠੀ ਹੋਵਾਂ, ਜਿਸ ਨਾਲ ਤੁਹਾਡਾ ਮਨ ਦੁਖਿਆ ਹੋਵੇ......." ਇਨ੍ਹਾਂ ਖ਼ਿਆਲੀ ਵਹਿਣਾਂ ਵਿਚ ਵਹਿੰਦੀ ਕਿਤੇ ਦੀ ਕਿਤੇ ਪੁਜ ਜਾਂਦੀ।ਨਾ ਉਥੇ ਮੈਨੂੰ ਕੋਈ ਸਹਾਰਾ ਦਿਸਦਾ, ਨਾ ਕਿਸੇ ਦੀ ਬਾਂਹ ਹੀ ਫੜ ਕੇ ਨਿਕਲ ਸਕਦੀ। ਕਿਸੇ ਦੀਆਂ ਅੱਖਾਂ ਮੇਰੇ ਵਲ ਨਾ ਹੁੰਦੀਆਂ। ਕੋਈ ਹਮਦਰਦੀ ਦਾ ਲਫ਼ਜ਼ ਮੇਰੇ ਲਈ ਨਾ ਬੋਲਿਆ ਜਾਂਦਾ। ਕਿਸੇ ਦੀ ਮੁਸਕਾਹਟ ਮੇਰੀਆਂ ਅੱਖਾਂ ਨਾ ਦੇਖ ਸਕਦੀਆਂ।

ਉਫ! ਮੈਂ ਇਸ ਥਾਂ ਨਹੀਂ ਜਾਣਾ ਚਾਹੁੰਦੀ। ਨਹੀਂ! ਕਦੀ ਨਹੀਂ!! ਇਹੋ ਜਿਹੀ ਥਾਂ ਤੇ ਮੇਰਾ ਜਿਉਣਾ ਅਸੰਭਵ ਹੈ। ਦੇਖੀਂ, ਮੇਰੇ ਸੋਹਣੇ ਦੇਵਿੰਦਰ ਮੈਨੂੰ ਕਿਤੇ ਇਹੋ ਜਿਹੇ ਵਹਿਣਾਂ ਵਿਚ ਨਾ ਰੋੜ੍ਹ ਦੇਣਾ। ਨਹੀਂ,

੧੯