ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲੋਂ ਚਾਹਵਾਨ ਬਣੀ ਰਹਾਂ। ਤੁਹਾਡੇ ਨਾਲ ਪਿਆਰ ਕਰਦੀ ਰਹਾਂ, ਤੇ ਪਿਆਰ ਦੀ ਖੂਬਸੂਰਤੀ ਵਿਚੋਂ ਨੇਕੀ ਦੀ ਭਾਲ ਕਰਾਂ, ਤੇ ਨੇਕੀ ਨੂੰ ਖੁਸ਼ੀ ਵਿਚ ਛੁਪਿਆ ਹੋਇਆ ਦੇਖ ਲਵਾਂ। ਦੁਨੀਆ ਵਿਚ ਇਸ ਤੋਂ ਵਧ ਕੋਈ ਖੁਸ਼ੀ ਨਹੀਂ ਕਿ ਮੈਂ ਖੁਸ਼ੀਆਂ ਦੇ ਪਿਛੇ ਨਾ ਦੌੜਾਂ, ਸਗੋਂ ਦਿਨ ਰਾਤ ਉਹੋ ਕੁਝ ਕਰਦੀ ਰਹਾਂ ਜਿਸ ਨਾਲ ਖ਼ੁਸ਼ੀ ਨੂੰ ਪਿਆਰ ਹੋਵੇ। ਤੇ ਮੇਰੇ ਸੁੰਦਰ ਦੇਵਤਾ, ਉਹ ਖ਼ੁਸ਼ੀ ਲੁਕੀ ਹੋਈ ਏ ਤੁਹਾਡੇ ਵਿਚ। ਦੇਖਿਆ ਕਿਸ ਤਰ੍ਹਾਂ ਬੁਝਿਆ!

ਜੇ ਹਾਲੀ ਵੀ ਤੁਸੀ ਉਹ ਕੁਝ ਨਹੀਂ, ਜੋ ਕੁਝ ਮੈਂ ਤੁਹਾਨੂੰ ਸਮਝਿਆ ਹੋਇਆ ਹੈ, ਤੇ ਜੇ ਮੈਂ ਵੀ ਉਹ ਨਹੀਂ ਜੋ ਕੁਝ ਤੁਸਾਂ ਮੈਨੂੰ ਸਮਝਿਆ ਹੈ, ਤਾਂ ਮੈਂ ਤੁਹਾਡੇ ਨਾਲ ਤੇ ਤੁਸੀ ਮੇਰੇ ਨਾਲ...... ਅਸੀਂ ਦੋਵੇਂ ਇਕ ਦੂਜੇ ਨਾਲ ਉਹ ਕੁਝ ਹੋ ਜਾਣ ਵਾਲੇ ਹਾਂ, ਜਿਸ ਦਾ ਕੇਵਲ ਖ਼ਿਆਲ ਹੀ ਅਜੇ ਸਾਡੀ ਸਾਂਝੀ ਮੁਹੱਬਤ ਵਿਚ ਹੈ। ਜੇ ਖ਼ਿਆਲ ਵਿਚ ਇੰਨਾਂ ਸਵਾਦ ਹੈ, ਤਾਂ ਅਸਲੀਅਤ ਵਿਚ ਕਿੰਨਾ ਰਸ ਹੋਵੇਗਾ। ਉਦੋਂ ਤੁਸੀਂ ਕਿਹੋ ਜਿਹੇ ਲਗੋਗੇ? ਮੈਂ ਕਿਹੋ ਜਿਹੀ ਦਿਸਾਂਗੀ? ਆਲਾ ਦੁਆਲਾ ਹੀ ਬਦਲਿਆ ਹੋਵੇਗਾ। ਜ਼ਿੰਦਗੀ ਹੋਰ ਦੀ ਹੋਰ ਹੋਵੇਗੀ। ਪਰ ਦੇਖਨਾ - ਮੇਰੀਆਂ ਗੱਲਾਂ ਤੋਂ ਕਦੀ ਗ਼ਲਤ ਅੰਦਾਜ਼ਾ ਨਾ ਲਾ ਲੈਣਾ - ਮੇਰੇ ਪਿਆਰ ਨੂੰ ਗਲਤ ਨਾ ਸਮਝ ਲੈਣਾ।

ਸੱਚੀਂਂ ਦਵਿੰਦਰ, ਆਉ ਰਲ ਕੇ ਜੀਵਨ ਨੂੰ ਉੱਚਾ ਬਣਾ ਲਈਏ। ਦੁਨੀਆ ਵਿਚ ਪਿਆਰ ਤੇ ਮਿਹਨਤ ਦੀ ਲਹਿਰ ਚਲਾ ਦਈਏ। ਲੋਕਾਂ ਦੇ ਚਿਹਰੇ ਲਿਸ਼ਕ ਪੈਣਗੇ। ਖ਼ੁਸ਼ੀ ਵਧ ਜਾਏਗੀ। ਗ਼ਮ ਘਟ ਜਾਇਗਾ। ਸੁਖ ਵਧੇਰਾ ਹੋਵੇਗਾ। ਕਈਆਂ ਘਰਾਂ ਵਿਚ ਦੀਵੇ ਬਲ ਪੈਣਗੇ। ਕਈ ਰੂਹਾਂ ਚਮਕ ਪੈਣਗੀਆਂ। ਕਈਆਂ ਨੂੰ ਆਪਣਾ ਬਣਾਵਾਂਗੇ, ਕਈਆਂ ਦੇ ਆਪ ਬਣਾਂਗੇ, ਤੇ ਇਸ ਸਾਂਝ-ਵਾਲਤਾ ਨਾਲ ਜੀਵਨ ਕਿੰਨਾਂ ਸੁਆਦਲਾ ਹੋ ਜਾਏਗਾ।

ਅਸੀ ਇਹੋ ਜਿਹੇ ਨੇਕ ਨਾ ਬਣੀਏ, ਕਿ ਆਪਣੀਆਂ ਬੁਰਾਈਆਂ ਤੇ ਹੀ

੨੬