ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਦੇ ਪਾਉਣੇ ਸ਼ੁਰੂ ਕਰ ਦਈਏ ਸਗੋਂ ਇਕ ਇਕ ਅਉਗੁਣ ਨੂੰ ਗੁਣਾਂ ਦੀ ਪੱਥਰੀ ਤੇ ਘਸਾ ਘਸਾ ਕੇ ਦੂਰ ਕਰ ਦਈਏ। ਸਾਡਾ ਕੁਝ ਵੀ ਬਨਾਵਟੀ ਨਾ ਦਿਸੇ, ਪਰ ਜੇ ਇਹ ਅਸੰਭਵ ਨਹੀਂ ਤਾਂ ਔਖਾ ਵੀ ਬੜਾ ਹੈ।

ਮੈਂ ਮਹਿਸੂਸ ਕਰਦੀ ਹਾਂ, ਕਿ ਇਹ ਮੇਰੀ ਅਜ਼ਮਾਇਸ਼ ਦਾ ਵਕਤ ਹੈ। ਮੁਮਕਿਨ ਹੈ ਮੇਰਾ ਪੈਰ ਤਿਲਕ ਜਾਏ। ਪਰ ਮੇਰੀ ਜ਼ਮੀਰ ਇਹੋ ਪੁਕਾਰਦੀ ਹੈ ਕਿ ਮੈਂ ਪੱਕੇ ਦਿਲ ਨਾਲ ਕੰਮਲਵਾਂ। ਮੈਂ ਕਈ ਵਾਰੀ ਆਪਣੇ ਆਪ ਨੂੰ ਦਸ ਚੁਕੀ ਹਾਂ, ਕਿੰਨਾ ਕੁਝ ਸਮਝਾ ਚੁਕੀ ਹਾਂ, ਤੇ ਅਜ ਤੁਹਾਡੀ ਤਸੱਲੀ ਲਈ ਫੇਰ ਦਸ ਦੇਣਾ ਚਾਹੁੰਦੀ ਹਾਂ ਕਿ ਜੀਵਨ: ਇਸ ਗਲ ਦੇ ਬਿਨਾਂ ਕੁਝ ਨਹੀਂ ਕਿ ਦਿਲ ਦਲੇਰ ਬਣ ਜਾਏ ਤੇ ਰੂਹ ਤਾਕਤਵਰ।

ਪਿਆਰ ਦੀ ਘਾਟੀ ਤੋਂ ਡਰਨਾ ਵੀ ਕੀ ਹੋਇਆ। ਇਸ ਦਾ ਕੰਮ ਤੇ ਦੁਨੀਆਂ ਭਰ ਦੀ ਧੂੜ ਨੂੰ ਪਾਕ ਤੇ ਸਾਫ਼ ਕਰਨਾ ਹੈ। ਹਾਂ ਪਰ ਪਿਆਰ ਖੂਬਸੂਰਤ ਝੀਲ ਦੇ ਪਾਣੀ ਵਿਚ ਤੈਰਨਾ ਨਹੀਂ, ਸਗੋਂ ਜੀਵਨ ਦੇ ਸਮੁੰਦਰ ਵਿਚ ਜਜ਼ਬਾਤਾਂ ਦੇ ਤੁਫਾਨ ਅੰਦਰ ਲਹਿਰਾਂ ਦੇ ਥਪੇੜਿਆਂ ਨੂੰ ਖਾਣਾ ਤੇ ਡੁਬ ਡੁਬ ਕੇ ਉਭਰਨਾ ਹੈ।

ਦੇਵਿੰਦਰ ਜੀ, ਅਜ ਤੇ ਮੈਂ ਤੁਹਾਨੂੰ ਪਿਆਰ ਤੇ ਲੈਕਚਰ ਕਈ ਜਾ ਰਹੀ ਹਾਂ। ਮੈਂ ਬਿਲਕੁਲ ਭੁਲ ਬੈਠੀ ਸਾਂ, ਕਿ ਤੁਸੀ ਮੇਰੇ ਕੋਲੋਂ ਕਿੰਨੇ ਹੀ ਸਿਆਣੇ ਤੇ ਸਮਝਦਾਰ ਹੋ। ਪਰ ਤੁਸਾਂ ਇਹ ਹਰਗਿਜ਼ ਨਾ ਖਿਆਲ ਕਰ ਲੈਣਾ ਕਿ ਮੈਂ ਤੁਹਾਡੇ ਅਗੇ ਬੜੀ ਸਿਆਣੀ ਬਣਨ ਲਈ ਇਹ ਕੁਝ ਲਿਖ ਦਿਤਾ ਹੈ। ਐਵੇਂ ਹੀ, ਜੋ ਕੁਝ ਮੇਰੇ ਦਿਲ ਵਿਚ ਆਇਆ, ਮੈਂ ਲਿਖੀ ਗਈ। ਸ਼ਾਇਦ ਕਈ ਗਲਾਂ ਨੂੰ ਪੜ੍ਹ ਕੇ ਤੁਸੀ ਹੱਸੋ ਤੇ ਮੈਨੂੰ ਮਖੌਲ ਕਰੋ। ਮੈਨੂੰ ਸਭ ਕੁਝ ਪਰਵਾਨ ਹੈ।

ਅਜ ਸਵੇਰੇ ਕਾਲਜ ਜਾਣ ਲਗਿਆਂ, ਮੈਂ ਤੁਹਾਨੂੰ ਬੜਾ ਹੀ ਯਾਦ ਕੀਤਾ।

ਉਂਞ ਤੇ ਮੈਂ ਤੁਹਾਨੂੰ ਆਪਣੇ ਘਰੋਂ ਦੂਰੋਂ ਕਈ ਵਾਰੀ ਦੇਖਦੀ ਹਾਂ। ਪਰ ਹੁਣ ਤੇ ਮੈਂ ਤੁਹਾਨੂੰ ਨੇੜੇ ਹੋ ਕੇ ਦੇਖਨਾ ਚਾਹੁੰਦੀ ਹਾਂ। ਕਲ੍ਹ

੨੭