ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/57

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਪ ਕੁਝ ਵੀ ਨਹੀਂ ਰਹਿੰਦੀ। ਇਹ ਮੇਰੀ ਬੜੀ ਵਡੀ ਖ਼ੁਸ਼ੀ ਹੈ ਕਿ ਮੇਰੀ ਹਰ ਕਮਜ਼ੋਰੀ ਤੁਹਾਡੇ ਤਾਕਤਵਰ ਗੁਣਾਂ ਵਿਚ ਮਿਲ ਜਾਏ, ਤੇ ਇਹ ਖ਼ੁਸ਼ੀ ਹਰ ਉਸ ਲੜਕੀ ਦੀ ਹੁੰਦੀ ਹੈ, ਜਿਹੜੀ ਕਿਸੇ ਨੂੰ ਪਿਆਰ ਕਰੇ। ਬੇਸ਼ਕ ਕਿਸੇ ਦਿਨ ਔਰਤ ਤੇ ਮਰਦ ਦਾ ਦਰਜਾ ਸਾਡੇ ਮੁਲਕ ਵਿਚ ਵੀ ਇਕੋ ਜਿਹਾ ਹੋ ਜਾਏ, ਪਰ ਪਿਆਰ ਕਰਨ ਵਾਲੀ ਲੜਕੀ ਵਾਸਤੇ ਇਹ ਗੱਲ ਨਹੀਂ ਹੋ ਸਕਦੀ। ਆਦਮੀ ਦਾ ਪਿਆਰ, ਔਰਤ ਦੇ ਪਿਆਰ ਨਾਲ ਕਦੀ ਟੱਕਰ ਨਹੀਂ ਖਾ ਸਕਦਾ। ਇਹ ਵਖਰੀ ਗਲ ਹੈ, ਕਿ ਔਰਤ, ਸ਼ਰਮ ਜਾਂ ਕਿਸੇ ਹੋਰ ਰੁਕਾਵਟ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਨਾ ਕਰ ਸਕੇ। ਹੋ ਸਕਦਾ ਹੈ ਤੁਸੀ ਮੇਰੇ ਖ਼ਿਆਲਾਂ ਨਾਲ ਸਹਿਮਤ ਨਾ ਹੋਵੋ, ਪਰ ਮੇਰੇ ਦਿਲ ਅੰਦਰ ਜਦੋਂ ਇਸ ਪਿਆਰ ਦੇ ਸ਼ੇਅਲੇ ਭੜਕਦੇ ਹਨ, ਤਾਂ ਮੇਰਾ। ਖ਼ਿਆਲ ਹੁੰਦਾ ਹੈ, ਕਿ ਤੁਹਾਡੇ ਦਿਲ ਵਿਚ ਏਨਾਂ ਪਿਆਰ ਨਹੀਂ ਹੋ ਸਕਦਾ... ....। ਨਹੀਂ, ਸ਼ਾਇਦ ਹੋਵੇ ... ਮੈਂ ਕੁਝ ਨਹੀਂ ਕਹਿੰਦੀ।

 ਮੈਂ ਆਪਣੇ ਆਪ ਨੂੰ ਪੁਛਦੀ ਹੁੰਦੀ ਹਾਂ, ਕਿ ਇਹ ਸਾਡਾ ਪਿਆਰ ਕਦੋਂ ਸਾਨੂੰ ਉਸ ਮਨਜ਼ਲ ਤੇ ਪੁਚਾਏਗਾ, ਜਿਥੇ ਲੋਕਾਂ ਦੀਆਂ ਨਜ਼ਰਾਂ ਵਿਚ ਨਾ ਰੜਕ ਸਕਾਂਗੇ। ਕਿਸੇ ਮਨਜ਼ਲ ਤੇ ਪੁਜ ਕੇ, ਇਸ ਦੀ ਰੌਸ਼ਨੀ ਤੇ ਮਧਮ ਨਾ ਪੈ ਜਾਏਗੀ? ਨਿਘ ਤੇ ਨਾ ਘਟ ਜਾਏਗਾ? ਤੜਪ ਤੇ ਨਾ ਮਠੀ ਹੋ ਜਾਏਗੀ? ਨਹੀਂ, ਪ੍ਰੀਤਮ ਅਸੀ ਇਹ ਨਹੀਂ ਹੋਣ ਦਿਆਂਗੇ। ਇਸ ਵਿਚ ਛੁਪੇ ਜੋਸ਼ ਨੂੰ ਕਦੀ ਨਹੀਂ ਬੁਝਣ ਦਿਆਂਗੇ। ਜਿਸਮਾਨੀ ਜੋਸ਼ ਨਾਲੋਂ ਰੂਹਾਨੀ ਜੋਸ਼ ਵਿਚ ਵਧੇਰੇ ਤਾਕਤ ਹੈ ......ਜਿਸ ਵਿਚ ਨਾ ਮੁਕਣ ਵਾਲੀਆਂ ਖ਼ਾਹਿਸ਼ਾਂ ਹਨ। ਤੁਹਾਡੀ ਨਜ਼ਰ, ਤੁਹਾਡੀ ਮੁਸਕਰਾਹਟ, ਤੁਹਾਡੇ ਬੋਲ ਦਾ ਸੋਹਣਾ ਤਰੀਕਾ, ਮੇਰੇ ਜੀਵਨ ਦੇ ਕਈ ਅਰਮਾਨ ਜਗਾ ਦੇਂਦਾ ਹੈ, ਜਿਹੜੇ ਹੋਰ ਕਿਸੇ ਤਾਕਤ ਨਾਲ ਨਹੀਂ ਜੀ ਸਕਦੇ। ਫਿਰ ਵੀ ਕਦੀ ਕਦੀ ਇਹੋ ਜਿਹਾ ਵਕਤ ਆ ਜਾਂਦਾ ਹੈ - ਜਦੋਂ ਇਕ ਪ੍ਰੇਮਿਕਾ ਹੋਣ ਦੀ ਖ਼ੁਸ਼ੀ ਦਾ ਖ਼ਿਆਲ, ਡੁਬਦੀ ਰੋਸ਼ਨੀ ਵਾਂਗ ਖ਼ਤਮ ਹੋਣ ਲਗ ਜਾਂਦਾ ਹੈ; ਠੰਢ ਤੇ ਹਨੇਰਾ ਜਿਹਾ ਰੂਹ ਦੇ ਦਵਾਲੇ ਆ ਜਾਂਦਾ ਹੈ, ਪਿਆਰ ਤੇ ਜੀਵਨ

੪੭